← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 16 ਨਵੰਬਰ 2017 : ਜ਼ਿਲ੍ਹਾ ਬੈਂਕਿੰਗ ਸਲਾਹਕਾਰ ਕਮੇਟੀ ਦੀ ਬੈਠਕ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਬਲਬੀਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬੈਂਕਾਂ ਦੇ ਦੂਜੀ ਤਿਮਾਹੀ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਮਜੋਰ ਵਰਗਾਂ ਨੂੰ ਆਰਥਿਕ ਤੌਰ 'ਤੇ ਮਜਬੂਤ ਕਰਨ ਲਈ ਲੋਨ ਮੁਹਈਆ ਕਰਵਾਏ ਜਾਣ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਕੋਲ ਜੋ ਵੀ ਅਰਜੀਆਂ ਬਕਾਇਆ ਪਈਆਂ ਹਨ ਉਨ੍ਹਾਂ ਦਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਖਾਤਾਧਾਰਕਾਂ ਦੇ ਬੈਂਕ ਖਾਤਿਆਂ ਨੂੰ ਜਲਦ ਤੋਂ ਜਲਦ ਆਧਾਰ ਕਾਰਡ ਨਾਲ ਜੋੜਨ ਲਈ ਵੀ ਕਿਹਾ। ਮੀਟਿੰਗ ਦੌਰਾਨ ਐਲ.ਡੀ.ਐਮ. ਸ੍ਰੀ ਪਰਮਜੀਤ ਕੌਚਰ ਨੇ ਵੱਖ ਵੱਖ ਬੈਂਕਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਜਿਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਵੱਲੋਂ ਦੂਜੀ ਤਿਮਾਹੀ ਬੈਠਕ ਅਧੀਨ ਕੀਤੀ ਗਈ ਕਾਰਗੁਜ਼ਾਰੀ ਬਾਰੇ ਵਿਚਾਰ ਚਰਚਾ ਕੀਤੀ ਗਈ। ਜੋ ਬੈਂਕ ਆਪਣੇ ਮਿਥੇ ਹੋਏ ਟੀਚਿਆਂ ਤੋਂ ਪਛੜ ਰਹੇ ਹਨ ਉਨ੍ਹਾਂ ਨੂੰ ਮਿਥੇ ਹੋਏ ਟੀਚੇ ਪੂਰੇ ਕਰਨ ਲਈ ਆਦੇਸ਼ ਦਿੱਤੇ ਗਏ। ਵਿਤੀ ਸਾਖਰਤਾ ਸਲਾਹਕਾਰ ਸ੍ਰੀ ਸਤਪਾਲ ਸੇਤੀਆ ਨੇ ਬੈਂਕਿੰਗ ਯੋਜਨਾਵਾਂ ਜੀਵਨ ਜਯੋਤੀ ਬੀਮਾ ਯੋਜਨਾ, ਸੁਰੱਖਿਆ ਯੋਜਨਾ ਤੇ ਅਟਲ ਪੈਨਸ਼ਨ ਯੋਜਨਾ ਬਾਰੇ ਬੈਂਕ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕੈਸ਼ਲੈਸ ਵਿਧੀ ਨਾਲ ਲੈਣ-ਦੇਣ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਵੀ ਲਗਾਏ ਜਾਣ। ਇਸ ਮੌਕੇ ਰਿਜ਼ਰਵ ਬੈਂਕ ਅਧਿਕਾਰੀ ਸ੍ਰੀ ਸੰਜੀਵ ਕੇਨ, ਡੀ.ਡੀ.ਐਮ.ਨਾਬਾਰਡ ਸ੍ਰੀ ਰਾਜੇਸ਼ ਕੁਮਾਰ, ਸਮੂਹ ਬੈਂਕਾਂ ਦੇ ਡੀ.ਸੀ.ਓਜ਼ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।
Total Responses : 189