ਪੁਲਿਸ ਸ਼ਹੀਦੀ ਦਿਵਸ ਮੌਕੇ ਫ਼ਿਰੋਜ਼ਪੁਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਜ਼ਿਲ੍ਹਾ ਪੁਲਿਸ ਮੁੱਖੀ ਭੁਪਿੰਦਰ ਸਿੰਘ ਸਿੱਧੂ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਡੀ.ਆਈ.ਜੀ ਰਾਜਿੰਦਰ ਸਿੰਘ, ਨਾਲ ਜ਼ਿਲ੍ਹਾ ਪੁਲਿਸ ਮੁੱਖੀ ਭੁਪਿੰਦਰ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ ਗੋਇਲ ਅਤੇ ਹੋਰ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 21 ਅਕਤੂਬਰ, 2017 : ਪੁਲਿਸ ਸ਼ਹੀਦੀ ਦਿਵਸ ਸਬੰਧੀ ਅੱਜ ਪੁਲਿਸ ਲਾਈਨ ਫ਼ਿਰੋਜ਼ਪੁਰ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਪੁਲਿਸ ਸ਼ਹੀਦੀ ਦਿਵਸ (ਪੁਲਿਸ ਸਮ੍ਰਿਤੀ ਦਿਵਸ) ਮੌਕੇ ਪੁਲਿਸ, ਸਿਵਲ ਪ੍ਰਸ਼ਾਸਨ, ਜੁਡੀਸ਼ਰੀ ਦੇ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਸਮਾਗਮ ਵਿਚ ਸ: ਰਾਜਿੰਦਰ ਸਿੰਘ ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ, ਸ੍ਰ.ਭੁਪਿੰਦਰ ਸਿੰਘ ਸਿੱਧੂ ਜ਼ਿਲ੍ਹਾ ਪੁਲਿਸ ਮੁਖੀ ਅਤੇ ਸ੍ਰੀ. ਕੇ.ਕੇ ਗੋਇਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ.ਰਾਜਿੰਦਰ ਸਿੰਘ ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ ਨੇ ਕਿਹਾ ਕਿ 21 ਅਕਤੂਬਰ 1959 ਨੂੰ ਚੀਨੀਆਂ ਵਿਰੁੱਧ ਲੜਾਈ ਦੌਰਾਨ ਲੇਹ-ਲਦਾਖ ਦੇ ਹੋਂਟ ਸਪਰਿੰਗ ਇਲਾਕੇ ਵਿਚ ਤਾਇਨਾਤ ਕੀਤੇ ਗਏ ਜਵਾਨਾਂ ਦੀ ਇੱਕ ਟੁਕੜੀ ਤੇ ਚੀਨੀਆਂ ਵੱਲੋਂ ਅਚਾਨਕ ਘਾਤ ਲਗਾ ਕੇ ਹਮਲਾ ਕੀਤਾ ਗਿਆ। ਜਿਸ ਵਿਚ ਭਾਰਤੀ ਪੁਲੀਸ ਦੇ 10 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੀ ਯਾਦ ਵਿਚ ਤੇ ਡਿਊਟੀ ਦੌਰਾਨ ਹੋਰ ਮਾਰੇ ਗਏ ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਦੀ ਯਾਦ ਤਾਜਾਂ ਰੱਖਣ ਲਈ ਸਾਲ 1960 ਵਿਚ ਸਮੂਹ ਸਟੇਟਾਂ ਦੇ ਆਈ.ਜੀ.ਪੀਜ਼ ਦੀ ਕਾਨਫ਼ਰੰਸ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਹਰ ਸਾਲ ਸਾਰੇ ਦੇਸ਼ ਵਿਚ ਜ਼ਿਲ੍ਹਾ ਹੈਡਕੁਆਰਟਰਾਂ ਅਤੇ ਹੋਰ ਪੁਲਿਸ ਯੂਨਿਟਾਂ ਵਿਚ 21 ਅਕਤੂਬਰ ਨੂੰ ਇਹ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੁੱਲ 1784 ਪੁਲੀਸ ਅਧਿਕਾਰੀ/ਕਰਮਚਾਰੀ ਸ਼ਹੀਦ ਹੋਏ ਸਨ ਜਿਨ੍ਹਾਂ ਵਿਚ ਡੀ.ਆਈ.ਜੀ-2, ਐਸ.ਐਸ.ਪੀ-3, ਐਸ.ਪੀ-4, ਡੀ.ਐਸ.ਪੀ-12, ਇੰਸਪੈਕਟਰ-32, ਸਬ ਇੰਸਪੈਕਟਰ-61, ਅਸਿਸਟੈਂਟ ਸਬ-ਇੰਸਪੈਕਟਰ-111, ਹੌਲਦਾਰ-268, ਸਿਪਾਹੀ-817, ਹੋਮ ਗਾਰਡਜ਼ ਵਲੰਟੀਅਰ-294 ਅਤੇ ਐਸ.ਪੀ.ਓਜ਼-180 ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਦੇ ਹੋਏ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 44 ਕਰਮਚਾਰੀ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ ਜਿਨ੍ਹਾਂ ਵਿਚੋਂ ਸਬ ਇੰਸਪੈਕਟਰ-1, ਏ.ਐਸ.ਆਈਜ਼-4, ਐੱਚ.ਸੀਜ਼-10, ਸਿਪਾਹੀ-7, ਐੱਸ.ਪੀ.ਓਜ਼-5 ਅਤੇ ਪੀ.ਐੱਸ.ਜੀ-17 ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਆਸੀਂ ਕਦੇ ਵੀ ਨਹੀਂ ਭੁੱਲਾ ਸਕਦੇ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਤੇ ਪੂਰਾ ਮਾਨ ਹੈ ਅਤੇ ਸਦਾ ਰਹੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸ਼ਹੀਦ ਪਰਿਵਾਰਾਂ ਦੀ ਹਰ ਮੁਸ਼ਕਿਲ ਦੀ ਘੜੀ/ਮੁਸੀਬਤ ਵੇਲੇ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਪੁਲਿਸ ਦੇ ਅਧਿਕਾਰੀਆਂ,ਜਵਾਨਾਂ ਨੂੰ ਸੱਦਾ ਦਿੱਤਾ ਕਿ ਆਪਣੇ ਸ਼ਹੀਦਾਂ ਤੋਂ ਸੇਧ ਲੈ ਕੇ ਪੰਜਾਬ ਪੁਲਿਸ ਨੂੰ ਲੋਕ ਸੇਵਾ ਪ੍ਰਤੀ ਹੋਰ ਵੀ ਤਨਦੇਹੀ ਨਾਲ ਸਮਰਪਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹਮੇਸ਼ਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਪੁਲਿਸ ਜਵਾਨਾਂ ਨੂੰ ਹਮੇਸ਼ਾ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਤੱਤਪਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਪੁਲਿਸ ਸ੍ਰ.ਭੁਪਿੰਦਰ ਸਿੰਘ ਸਿੱਧੂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਪੰਜਾਬ ਪੁਲੀਸ ਨੇ ਦੇਸ਼ ਦੀ ਏਕਤਾ , ਅਖੰਡਤਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਇਸੇ ਵਿਰਾਸਤ ਤੇ ਮਾਣ ਕਰਦੀ ਹੋਈ ਆਪਣੀ ਰਵਾਇਤ ਅਨੁਸਾਰ ਅੰਦਰੂਨੀ ਸੁਰੱਖਿਆ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਹਰ ਮੁਸ਼ਕਿਲ ਦੀ ਘੜੀ ਵਿਚ ਸ਼ਹੀਦ ਪਰਿਵਾਰਾਂ ਨਾਲ ਖੜੀ ਹੈ। ਇਸ ਮੌਕੇ ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੌਰਾਨ ਪਹੁੰਚੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਮੌਕੇ ਤੇ ਆਦੇਸ਼ ਦਿੱਤੇ।
ਇਸ ਤੋਂ ਪਹਿਲਾ ਐੱਸ.ਪੀ ਅਜਮੇਰ ਸਿੰਘ ਬਾਠ ਵੱਲੋਂ ਦੇਸ਼ ਦੀਆਂ ਵੱਖ ਵੱਖ ਸੁਰੱਖਿਆ ਫੋਰਸਾਂ ਦੇ ਸ਼ਹੀਦ ਹੋਏ ਅਫ਼ਸਰਾਂ ਅਤੇ ਜਵਾਨਾਂ ਦੇ ਨਾਮਾਂ ਦੀ ਸੂਚੀ ਪੜ੍ਹ ਕੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਪੁਲਿਸ, ਜੂਡੀਸ਼ਰੀ ਦੇ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦੀ ਸਮਾਰਕ 'ਤੇ ਫੁੱਲ ਮਾਲਾਵਾਂ ਵੀ ਭੇਂਟ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਸੁਮਨ ਭੇਂਟ ਕੀਤੇ ਗਏ। ਡੀ.ਐੱਸ.ਪੀ ਸ੍ਰ.ਹਰਿੰਦਰ ਸਿੰਘ ਡੋਡ ਦੀ ਅਗਵਾਈ ਵਿੱਚ ਪੁਲੀਸ ਜੁਆਨਾਂ ਵੱਲੋਂ ਹਥਿਆਰ ਉਲਟੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਾਰੇ ਅਧਿਕਾਰੀਆਂ ਅਤੇ ਮਹਿਮਾਨਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਕਸ਼ਮੀਰ ਕੌਰ ਐਸ.ਪੀ (ਕ੍ਰਾਈਮ), ਲਖਬੀਰ ਸਿੰਘ ਡੀ.ਐਸ.ਪੀ ਗੁਰੂਹਰਸਹਾਏ ਸਮੇਤ ਵੱਡੀ ਗਿਣਤੀ ਵਿਚ ਸਿਵਲ, ਹੋਮ ਗਾਰਡਜ਼, ਸ਼ਹੀਦਾਂ ਦੇ ਪਰਿਵਾਰ ਤੇ ਪੁਲੀਸ ਅਧਿਕਾਰੀ ਹਾਜ਼ਰ ਸਨ।