ਪਿੰਡ ਨੂਰਪੁਰ ਸੇਠਾਂ ਵਿਖੇ ਲਗਾਏ ਦੁੱਧ ਜਾਗਰੂਕਤਾ ਕੈਂਪ ਦੀਆਂ ਝਲਕੀਆਂ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 12 ਅਕਤੂਬਰ, 2017 : ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਡੇਅਰੀ ਫਾਰਮਰਾਂ ਨੂੰ ਤਕਨੀਕੀ ਗਿਆਨ ਦੇਣ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚ ਲਗਾਏ ਜਾ ਰਹੇ ਦੁੱਧ ਉਤਪਾਦਕ ਜਾਗਰੂਕਤਾ ਕੈਂਪਾਂ ਦੀ ਲੜੀ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਬਲਵਿੰਦਰ ਜੀਤ ਡਿਪਟੀ ਡਾਇਰੈਕਟਰ ਡੇਅਰੀ ਫ਼ਿਰੋਜ਼ਪੁਰ ਅਤੇ ਬੀਰਪ੍ਰਤਾਪ ਸਿੰਘ ਗਿੱਲ ਡੇਅਰੀ ਬੋਰਡ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਲਗਾਇਆ ਗਿਆ।
ਜਾਣਕਾਰੀ ਦਿੰਦਿਆਂ ਸ੍ਰੀ ਬਲਵਿੰਦਰ ਜੀਤ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਪੰਜਾਬ ਦੇ ਖੇਤੀ ਸੈਕਟਰ ਵਿੱਚ ਵਧ ਰਹੀ ਬੇਰੁਜ਼ਗਾਰੀ ਦਾ ਹੱਲ ਹੁਣ ਰਵਾਇਤੀ ਖੇਤੀ ਕੋਲ ਨਹੀਂ ਰਿਹਾ, ਇਸ ਲਈ ਹੁਣ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਡੇਅਰੀ ਨੂੰ ਸਹਾਇਕ ਕਿੱਤੇ ਵਜੋਂ ਅਪਣਾਉਣ ਅਤੇ ਇਸ ਧੰਦੇ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਡੇਅਰੀ ਵਿਭਾਗ ਦਾ ਮੁੱਖ ਮਨੋਰਥ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਵਿੱਚ ਡੇਅਰੀ ਫਾਰਮਿੰਗ ਸਬੰਧੀ ਉਤਸ਼ਾਹ ਪੈਦਾ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਸਵੈ- ਰੁਜ਼ਗਾਰ ਪ੍ਰਾਪਤ ਹੋ ਸਕੇ ।
ਸ੍ਰੀ ਕਪਲਮੀਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਨੇ ਵਿਭਾਗੀ ਸਕੀਮਾਂ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਵਿਭਾਗ ਵੱਲੋਂ ਨਬਾਰਡ ਦੀ ਸਹਾਇਤਾ ਨਾਲ ਜ਼ਿਲ੍ਹੇ ਵਿੱਚ ਮੱਝਾਂ/ਗਾਵਾਂ ਦੀ ਖ਼ਰੀਦ ਤੋ ਲੈ ਕੇ ਦੁੱਧ ਦੇ ਮੰਡੀਕਰਨ, ਦੁੱਧ ਤੋ ਪਦਾਰਥ ਤਿਆਰ ਕਰਨਾ, ਡੇਅਰੀ ਫਾਰਮਿੰਗ ਦੇ ਮਸ਼ੀਨੀਕਰਨ ਆਦਿ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕਿਸਾਨ ਜਨਰਲ ਕੈਟਾਗਰੀ 25 ਪ੍ਰਤੀਸ਼ਤ ਅਤੇ ਅਨੁਸੂਚਿਤ ਜਾਤੀ (ਸ਼ਡਿਊਲ ਕਾਸਟ) 33.33 ਪ੍ਰਤੀਸ਼ਤ ਸਬਸਿਡੀ ਦਾ ਲਾਭ ਲੈ ਸਕਦੇ ਹਨ । ਡਾ: ਰਾਜਿੰਦਰ ਕਟਾਰੀਆਂ ਸਹਾਇਕ ਡਾਇਰੈਕਟਰ ਮੱਛੀ ਪਾਲਨ ਨੇ ਡੇਅਰੀ ਅਤੇ ਮੱਛੀ ਦੇ ਧੰਦੇ ਨੂੰ ਸਾਂਝੇ ਤੋਰ ਤੇ ਕਰਨ ਲਈ ਗੁਰ ਦੱਸੇ ।
ਡਾ: ਭੁਪਿੰਦਰ ਪਾਲ ਸਿੰਘ ਖੋਸਾ ਸਹਾਇਕ ਡਾਇਰੈਕਟਰ ਪਸੂ ਪਾਲਨ ਵਿਭਾਗ ਫ਼ਿਰੋਜ਼ਪੁਰ ਨੇ ਵਿਭਾਗ ਦੀਆਂ ਸਕੀਮਾਂ, ਪਸੂਆਂ ਨੂੰ ਛੂਤ ਦੀਆਂ ਬਿਮਾਰੀਆਂ ਤੋ ਬਚਾਉਣ ਲਈ ਟੀਕਾ ਕਰਨ ਅਤੇ ਪਰਾਲੀ ਨੂੰ ਹਰੇ ਚਾਰੇ ਦੇ ਤੌਰ ਤੇ ਵਰਤਣ ਲਈ ਕਿਸਾਨਾਂ ਨੂੰ ਗੁਣ ਦੱਸੇ। ਡਾ: ਭੁਪਿੰਦਰ ਸਿੰਘ ਸੋਢੀ ਰਿਟਾਇਰਡ ਸੀਨੀਅਰ ਵੈਟਰਨਰੀ ਅਫ਼ਸਰ ਪਸੂ ਪਾਲਨ ਫ਼ਿਰੋਜ਼ਪੁਰ ਨੇ ਦੁਧਾਰੂ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ । ਡਾ: ਵਿਨੇ ਕੁਮਾਰ ਸ਼ਰਮਾ ਡਵੀਜ਼ਨਲ ਮੈਨੇਜਰ ਨੋਰਥ ਜ਼ੋਨ ਨੇ ਪਸੂਆਂ ਵਿੱਚ ਤੱਤਾਂ ਦੀ ਘਾਟ ਅਤੇ ਉਸ ਤੋ ਹੋਣ ਵਾਲੀਆਂ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸ੍ਰੀ ਕੁਲਦੀਪ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਨੇ ਸਾਫ਼ ਸੁਥਰਾ ਦੁੱਧ ਪੈਦਾ ਕਰਨ ਦੇ ਨੁਕਤੇ ਅਤੇ ਮੌਕੇ ਤੇ ਹੀ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਨੇ ਫਾਰਮ ਵੀ ਭਰੇ । ਸ੍ਰੀ ਜਸਵਿੰਦਰ ਸਿੰਘ ਪਲਾਂਟ ਅਪਰੇਟਰ ਵੱਲੋਂ ਵਿਭਾਗ ਦੀ ਮੋਬਾਈਲ ਵੈਨ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਪਸੂਆਂ ਦੀ ਖ਼ੁਰਾਕ ਦੇ ਸੈਂਪਲ ਮੁਫ਼ਤ ਚੈੱਕ ਕਰ ਕੇ ਰਿਪੋਰਟ ਮੌਕੇ ਤੇ ਹੀ ਕਿਸਾਨਾਂ ਨੂੰ ਦੱਸੀ ਗਈ । ਇਸ ਮੌਕੇ ਸਰਪੰਚ ਗੁਰਤੇਜ ਸਿੰਘ, ਜੋਗਿੰਦਰ ਸਿੰਘ ਸਭਰਵਾਲ, ਹਰਦੀਪ ਸਿੰਘ, ਸੁਰਜੀਤ ਕੁਮਾਰ ਅਤੇ ਪਿੰਡਾਂ ਦੇ ਅਗਾਂਹ ਵਧੂ ਕਿਸਾਨਾਂ ਨੇ ਵੱਡੀ ਪੱਧਰ ਤੇ ਭਾਗ ਲਿਆ।