ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 20 ਸਤੰਬਰ, 2017 : ਸਿਹਤਮੰਦ ਸਮਾਜ ਦੀ ਸਿਰਜਣਾ ਸਾਫ ਸਫਾਈ ਰੱਖ ਕੇ ਹੀ ਕੀਤੀ ਜਾ ਸਕਦੀ ਹੈ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਜਿਥੇ ਸਾਡੀ ਸਾਰਿਆਂ ਦੀ ਸਮਾਜ ਪ੍ਰਤੀ ਜਿੰਮੇਵਾਰੀ ਬਣਦੀ ਹੈ ਉਥੇ ਹੀ ਸਾਫ ਸਫਾਈ ਰੱਖ ਕੇ ਅਸੀਂ ਕਈ ਤਰ੍ਹਾਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ 15 ਸਤੰਬਰ ਤੋਂ 2 ਅਕਤੂਬਰ ਤੱਕ '' ਸਵੱਛਤਾ ਹੀ ਸੇਵਾ '' ਵਿਸ਼ੇ 'ਤੇ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਅਧੀਨ ਪਿੰਡ ਮੀਰ ਮੀਰਾਂ ਤੋਂ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਦੇ ਨਾਲ ਪਿੰਡਾਂ ਦੀਆਂ ਰੂੜੀਆਂ ਅਤੇ ਟੋਭਿਆਂ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸੜਕਾਂ ਕਿਨਾਰੇ ਪਈਆਂ ਰੂੜੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਕਾਰਨ ਬਣਦੀਆਂ ਹਨ ਅਤੇ ਇਸ ਨਾਲ ਪਿੰਡ ਦੀ ਦਿੱਖ ਵੀ ਖਰਾਬ ਹੁੰਦੀ ਹੈ, ਇਸ ਲਈ ਇਸ ਪੰਦਰਵਾੜੇ ਦੌਰਾਨ ਇਨ੍ਹਾਂ ਰੂੜੀਆਂ ਨੂੰ ਵੱਡੇ ਟੋਏ ਪੁੱਟ ਕੇ ਉਨ੍ਹਾਂ ਵਿੱਚ ਦਵਾਇਆ ਜਾਵੇਗਾ ਜੋ ਕਿ ਬਾਅਦ ਵਿੱਚ ਖਾਦ ਦੇ ਤੌਰ 'ਤੇ ਵੀ ਵਰਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ ਖਾਦ ਦੀ ਵਰਤੋਂ ਨਾਲ ਜਿਥੇ ਕਿਸਾਨ ਮਹਿੰਗੀਆਂ ਕੀਟ ਨਾਸ਼ਕ ਦਵਾਈਆਂ 'ਤੇ ਖਾਦਾਂ ਤੋਂ ਬਚੇ ਰਹਿਣਗੇ ਉਥੇ ਹੀ ਉਨ੍ਹਾਂ ਦਾ ਖਰਚਾ ਵੀ ਘਟੇਗਾ ਅਤੇ ਪਿੰਡ ਦੀ ਦਿੱਖ ਵਿੱਚ ਸੁਧਰੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਪੰਦਰਵਾੜੇ ਦੌਰਾਨ ਪਿੰਡ ਦੇ ਟੋਭਿਆਂ ਦੀ ਸਾਫ ਸਫਾਈ ਵੀ ਕਰਵਾਈ ਜਾਵੇਗੀ ਤਾਂ ਜੋ ਪਿੰਡਾਂ ਦੇ ਟੋਭਿਆਂ ਨੂੰ ਸਾਫ ਕਰਕੇ ਉਨ੍ਹਾਂ ਨੂੰ ਮੱਛੀ ਪਾਲਣ ਦੇ ਧੰਦੇ ਲਈ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਿਥੇ ਪਿੰਡਾਂ ਦੇ ਟੋਭਿਆਂ ਦੀ ਸੁਚੱਜੀ ਵਰਤੋਂ ਹੋ ਸਕੇਗੀ ਉਥੇ ਹੀ ਪੰਚਾਇਤ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਪੰਦਰਵਾੜੇ ਦੌਰਾਨ ਸਾਫ ਸਫਾਈ ਰੱਖਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਆਪਣਾ ਉਸਾਰੂ ਸਹਿਯੋਗ ਦੇਣ ਤਾਂ ਜੋ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਸਾਫ ਸਫਾਈ ਪੱਖੋਂ ਵੀ ਰਾਜ ਦਾ ਮੋਹਰੀ ਜ਼ਿਲ੍ਹਾ ਬਣ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਕਿ ਉਥੋਂ ਦੇ ਲੋਕਾਂ ਦਾ ਉਸ ਵਿੱਚ ਉਸਾਰੂ ਸਹਿਯੋਗ ਨਾ ਹੋਵੇ।
ਉਨ੍ਹਾਂ ਕਿਹਾ ਕਿ ਸਾਫ ਸਫਾਈ ਰੱਖ ਕੇ ਜਿਥੇ ਅਸੀਂ ਆਪਣੇ ਆਲੇ ਦੁਆਲੇ ਵਿੱਚ ਫੈਲੀ ਗੰਦਗੀ ਨੂੰ ਦੂਰ ਕਰ ਸਕਦੇ ਹਾਂ ਉਥੇ ਹੀ ਆਪਣੇ ਪਿੰਡਾਂ ਦੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਅ ਸਕਦੇ ਹਾਂ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਇਸ ਮੁਹਿੰਮ ਦੌਰਾਨ ਜੇਕਰ ਕਿਸੇ ਨੇ ਕਿਸੇ ਸਰਕਾਰੀ ਜਗ੍ਹਾ 'ਤੇ ਨਜਾਇਜ ਕਬਜਾ ਕੀਤਾ ਹੋਇਆ ਹੈ ਉਸ ਨੂੰ ਵੀ ਹਟਵਾਇਆ ਜਾਵੇਗਾ ਅਤੇ ਸਰਕਾਰੀ ਜਮੀਨ 'ਤੇ ਕਿਸੇ ਦਾ ਵੀ ਨਜਾਇਜ ਕਬਜਾ ਰਹਿਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੋਟੀਵੇਟਰਾਂ ਨੂੰ ਕਿਹਾ ਕਿ ਉਹ ਪਿੰਡ ਦੇ ਲੋਕਾਂ ਨੂੰ ਸਾਫ ਸਫਾਈ ਰੱਖਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ ਲਈ ਪਿੰਡ ਦੇ ਲੋਕਾਂ ਨੂੰ ਗੰਦਗੀ ਨਾਲ ਹੋਣ ਵਾਲਿਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕ ਇਸ ਸਵੱਛਤਾ ਮੁਹਿੰਮ ਵਿੱਚ ਵਲੰਟੀਅਰ ਤੌਰ 'ਤੇ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਇਸ ਮੌਕੇ ਮਗਮਨਰੇਗਾ ਕਾਮਿਆਂ ਤੇ ਪਿੰਡ ਦੀਆਂ ਬਜੁਰਗ ਔਰਤਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਸਮੱਸਿਆਵਾਂ ਦੇ ਛੇਤੀ ਹੱਲ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਕਿਹਾ ਕਿ ਇਸ ਸਵੱਛਤਾ ਪੰਦਰਵਾੜੇ ਵਿੱਚ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਪਾਰਟੀਬਾਜੀ ਤੋਂ ਉਪਰ ਉਠ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਇਸ ਮੁਹਿੰਮ ਨੁੰ ਪੂਰੀ ਸਫਲਤਾ ਨਾਲ ਨੇਪਰੇ ਚਾੜਿਆ ਜਾ ਸਕੇ ਅਤੇ ਜ਼ਿਲ੍ਹੇ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕਰ ਸਕੀਏ। ਉਨ੍ਹਾਂ ਦੱਸਿਆ ਕਿ ਸਵੱਛਤਾ ਪੰਦਰਵਾੜੇ ਅਧੀਨ ਜ਼ਿਲ੍ਹੇ ਦੇ ਸਾਰੇ ਸੜਕਾਂ ਕਿਨਾਰੇ ਲੱਗੀਆਂ ਰੂੜੀਆਂ ਟੋਏ ਪੱਟ ਕੇ ਦਬਾਈਆਂ ਜਾਣਗੀਆਂ ਤਾਂ ਜੋ ਪਿੰਡਾਂ ਦੀ ਨੁਹਾਰ ਨੂੰ ਬਦਲਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਮਰੀਕ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਸੀ ਪਠਾਣਾ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ, ਪਿੰਡ ਦੇ ਸਰਪੰਚ ਸ੍ਰੀ ਹਰਿੰਦਰਪਾਲ ਸਿੰਘ, ਸ੍ਰੀ ਸਹਿਬਾਜ ਸਿੰਘ ਨਾਗਰਾ, ਜਗਜੀਤ ਸਿੰਘ, ਅਮਰਿੰਦਰ ਸਿੰਘ, ਪੰਚ ਲਖਵਿੰਦਰ ਸਿੰਘ, ਪਿੰਡ ਹਰਲਾਲਪੁਰ ਦੇ ਸਰਪੰਚ ਬੂਟਾ ਸਿੰਘ, ਜੰਡਾਲੀ ਦੇ ਸਰਪੰਚ ਜਸਬੀਰ ਸਿੰਘ, ਪੰਜਾਬ ਸਿੰਘ, ਮਨਿੰਦਰਪਾਲ ਸਿੰਘ, ਮਾਸਟਰ ਪਰਮਜੀਤ ਸਿੰਘ, ਜਗਜੀਤ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ. ਸ਼੍ਰੀ ਕਿਸ਼ਨ ਲਾਲ ਤੋਂ ਇਲਾਵਾ ਮੋਟੀਵੇਟਰ ਵੀ ਮੌਜੂਦ ਸਨ।
ਮਿਸ਼ਨਰ ਕੰਵਲਪ੍ਰੀਤ ਬਰਾੜ ਤੇ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਸਵੱਛਤਾ ਪੰਦਰਵਾੜੇ ਮੁਹਿੰਮ ਅਧੀਨ ਪਿੰਡ ਮੀਰ ਮੀਰਾਂ ਵਿਖੇ ਪਿੰਡ ਦੀਆਂ ਰੂੜੀਆਂ ਤੇ ਟੋਭਿਆਂ ਦੀ ਸਾਫ ਸਫਾਈ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ।
ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਤੇ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਪਿੰਡ ਮੀਰ ਮੀਰਾ ਵਿਖੇ ਮਗਨਰੇਗਾ ਕਾਮਿਆਂ ਤੇ ਪਿੰਡ ਦੀਆਂ ਬਜੁਰਗ ਔਰਤਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ।