ਜਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲੇ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਐਸ.ਡੀ.ਐਮ ਹਰਜੀਤ ਸਿੰਘ ਸੰਧੂ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 19 ਸਤੰਬਰ, 2017 : ਪਸ਼ੂ ਪਾਲਣ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਪੱਧਰੀ ਪਸ਼ੂ-ਧਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ 3 ਅਤੇ 4 ਅਕਤੂਬਰ 2017 ਨੂੰ ਨੇੜੇ ਸ਼ੀਤਲਾ ਮੰਦਿਰ ਫ਼ਿਰੋਜ਼ਪੁਰ ਛਾਉਣੀ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਹਰਜੀਤ ਸਿੰਘ ਸੰਧੂ ਐਸ.ਡੀ.ਐਮ. ਫਿਰੋਜਪੁਰ ਅਤੇ ਕੁਆਰਡੀਨੇਟਰ ਜ਼ਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲੇ-2017 ਨੇ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ। ਇਸ ਮੌਕੇ ਡਾ. ਬਲਦੇਵ ਸਿੰਘ ਰੋਮਾਣਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਰਜਿੰਦਰ ਕਟਾਰੀਆ ਡਿਪਟੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਵੀ ਹਾਜ਼ਰ ਸਨ।
ਇਸ ਮੌਕੇ ਐਸ.ਡੀ.ਐਮ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਦੋ ਰੋਜ਼ਾ ਪਸ਼ੂਧਨ ਮੇਲੇ ਦੌਰਾਨ ਘੋੜੇ, ਘੋੜੀਆਂ, ਗਾਵਾਂ, ਮੱਝਾਂ, ਭੇਡ, ਬੱਕਰੀਆਂ, ਵਛੇਰੇ/ਵਛੇਰੀਆਂ, ਕੁੱਤਿਆਂ, ਬੱਤਖ਼ਾਂ ਅਤੇ ਸੂਰ ਆਦਿ ਦੇ ਨਸਲੀ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮੱਝਾਂ, ਗਾਵਾਂ ਤੇ ਬੱਕਰੀਆਂ ਆਦਿ ਦੇ ਦੁੱਧ-ਚੁਆਈ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪਸ਼ੂ-ਧਨ ਮੇਲੇ ਦੌਰਾਨ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ ਦਿਲ-ਖਿਚਵੇਂ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਦਰਸਾਉਂਦੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਸਿਹਤ ਵਿਭਾਗ ਦੀਆਂ ਡਾਕਟਰੀ ਟੀਮਾਂ ਵੱਲੋਂ ਲੋਕਾਂ ਨੂੰ ਡਾਕਟਰੀ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ, ਪੀਣ ਵਾਲਾ ਸਾਫ਼ ਸੁਥਰਾ ਪਾਣੀ ਅਤੇ ਛਿੜਕਾਅ ਦਾ ਪ੍ਰਬੰਧ ਸਕੱਤਰ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਵੱਲੋਂ ਦੋ ਦੁੱਧ ਚੁਆਈ ਲਈ ਮਸ਼ੀਨਾਂ ਤੇ ਦੋ ਵੇਇੰਗ ਮਸ਼ੀਨਾਂ ਦਾ ਇੰਤਜ਼ਾਮ ਕੀਤਾ ਜਾਵੇਗਾ, ਜਦ ਕਿ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵੱਲੋਂ ਪਸ਼ੂ-ਪਾਲਕਾਂ ਲਈ ਆਰਜ਼ੀ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਲਈ ਸਮੁੱਚੇ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਪਸ਼ੂ ਮੇਲੇ ਦੌਰਾਨ ਪਸ਼ੂ ਪਾਲਕਾਂ ਤੇ ਉਨ੍ਹਾਂ ਦੇ ਜਾਨਵਰਾਂ ਲਈ ਰਿਹਾਇਸ਼, ਖਾਣ-ਪੀਣ ਅਤੇ ਪਸ਼ੂਆਂ ਲਈ ਹਰੇ ਚਾਰੇ ਆਦਿ ਦੇ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਇਸ ਮੌਕੇ ਡਾ. ਸਤਿੰਦਰ ਕੌਰ ਖੇਤੀਬਾੜੀ ਅਫ਼ਸਰ, ਡਾ: ਵਿਕਰਮ ਢਿੱਲੋਂ ਸੀਨੀਅਰ ਵੈਟਰਨਰੀ ਅਫ਼ਸਰ, ਡਾ: ਜਸਵੰਤ ਸਿੰਘ, ਡਾ: ਵਿਨੋਦ ਕੰਬੋਜ, ਡਾ: ਪ੍ਰਵੀਨ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।