ਦੇਵਾ ਨੰਦ ਸ਼ਰਮਾ
ਫਰੀਦਕੋਟ, 17 ਸਤੰਬਰ, 2017 :ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ 19 ਤੋਂ 23 ਸਤੰਬਰ ਤੱਕ 12ਵੀ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਪੰਜ ਰੋਜ਼ਾ ਆਗਮਨ ਪੁਰਬ ਨੂੰ ਸ਼ਰਧਾ ਪੂਰਵਕ ਮਨਾਉਣ ਲਈ ਅਤੇ ਬਾਬਾ ਫ਼ਰੀਦ ਦੀਆਂ ਸਿੱਖਿਆਵਾਂ ਲੋਕਾਂ ਤੱਕ ਪਹੁੰਚਾਉਣ ਲਈ ਫ਼ਰੀਦਕੋਟ ਨੂੰ ਸੂਫੀਆਨਾ ਰੰਗਾਂ ਵਿੱਚ ਰੰਗਿਆ ਜਾ ਰਿਹਾ ਹੈ ਅਤੇ ਇਸ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸ਼ਬਦ ਅੱਜ ਅਸ਼ੋਕਾ ਚੱਕਰ ਮੀਟਿੰਗ ਹਾਲ, ਮਿੰਨੀ ਸਕੱਤਰੇਤ ਵਿਖੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ-2017 ਸਬੰਧੀ ਪ੍ਰੈਸ ਮਿਲਣੀ ਦੌਰਾਨ ਸ੍ਰੀ ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਨੇ ਕਹੇ। ਉਨ੍ਹਾਂ ਪ੍ਰੇਸ ਕਰਮੀਆਂ ਨਾਲ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦੀ ਰੂਪ-ਰੇਖਾ ਸਾਂਝੀ ਕੀਤੀ ਅਤੇ ਪ੍ਰੈਸ ਕਰਮੀਆਂ ਤੋਂ ਸਹਿਯੋਗ ਵੀ ਮੰਗਿਆ
ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਮਨਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜ ਰੋਜ਼ਾ ਵੱਖ-ਵੱਖ ਪ੍ਰੋਗਰਾਮਾਂ ਅਤੇ ਉਨ੍ਹਾਂ ਦੇ ਪ੍ਰਬੰਧਾਂ ਲਈ ਉਦਘਾਟਨ ਅਤੇ ਹੈਰੀਟੇਜ਼, ਸਭਿਆਚਾਰਕ ਪ੍ਰੋਗਰਾਮ, ਡਰਾਮਾ ਫੈਸਟੀਵਲ, ਸਪੋਰਟਸ, ਪਬਲਿਸਿਟੀ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀ ਅਗਵਾਈ ਹੇਠ ਸਬ ਕਮੇਟੀਆਂ ਗਠਿਤ ਕੀਤੀਆ ਗਈਆਂ ਸਨ ਜਿੰਨ੍ਹਾਂ ਦੁਆਰਾ ਸਾਰੇ ਪ੍ਰਬੰਧਾਂ ਦੇ ਕੰਮ ਮੁਕੰਮਲ ਕਰ ਲਏ ਗਏ ਹਨ।
ਸ੍ਰੀ ਪਰਾਸ਼ਰ ਨੇ ਕਿਹਾ ਕਿ 19 ਸਤੰਬਰ ਨੂੰ ਆਗਮਨ ਪੁਰਬ ਦਾ ਸ਼ੁੱਭ ਆਰੰਭ ਸਵੇਰੇ 6 ਵਜੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਹੋਵੇਗਾ। ਉਸ ਤੋਂ ਬਾਅਦ ਖੂਨਦਾਨ ਕੈਂਪ, ਪੁਸਤਕ ਪ੍ਰਦਰਸ਼ਨੀ ਅਤੇ ਮੇਲਾ, ਪ੍ਰਵਾਸੀ ਪੰਛੀਆਂ ਦੀ ਫੋਟੋਗ੍ਰਾਫ਼ੀ ਦੀ ਪ੍ਰਦਰਸ਼ਨੀ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਕਾਫਲਾ-ਏ-ਵਿਰਾਸਤ ( 11 ਵਜੇ ) ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗਾ ਅਤੇ ਦਰਬਾਰ ਗੰਜ ਕੰਪਲੈਕਸ ਵਿਖੇ ਪਹੁੰਚੇਗਾ। ਇਥੇ ਹੀ ਵਿਰਾਸਤੀ ਪ੍ਰਦਰਸ਼ਨੀ ਅਤੇ ਸੱਭਿਆਚਾਰਕ ਪ੍ਰੋਗਰਾਮ ( 12:30 ) ਵਜੇ ਤੋਂ 4 ਵਜੇ ਤੱਕ ਜਿਸ ਵਿਚ ਵੱਖ-ਵੱਖ ਪੁਰਾਤਨ ਵਸਤਾਂ, ਖੇਤੀਬਾੜੀ ਨਾਲ ਸਬੰਧਤ ਸੰਦ ਆਦਿ ਅਤੇ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਹੋਣਗੇ। ਸ਼ਾਮ ਨੂੰ 7 ਵਜੇ ਸ਼ੇਖ ਫਰੀਦ ਨੈਸ਼ਨਲ ਪੰਜਾਬ ਡਰਾਮਾ ਫੈਸਟੀਵਲ ਜਿਸ 'ਚ ਨਾਟਿਅਮ ਰਜਿਸਟਰਡ ਜੈਤੋ ਨਿਰਦੇਸ਼ਕ ਸ੍ਰੀ ਕੀਰਤੀ ਕ੍ਰਿਪਾਲ ਦਾ ਨਾਟਕ ਖੇਡਿਆ ਜਾਵੇਗਾ ਅਤੇ ਦੂਜਾ ਕਲਚਰਲ ਯੂਨਿਟੀ ਸੈਂਟਰ ਰਜਿਸਟਰਡ ਮੋਹਾਲੀ ਨਿਰਦੇਸ਼ਕ ਸ੍ਰੀ ਦੇਵਿੰਦਰ ਦਮਨ ਦਾ ਨਾਟਕ ਛਿੱਪਣ ਤੋਂ ਪਹਿਲਾਂ ਖੇਡਿਆਂ ਜਾਵੇਗਾ।
ਕੌਮੀ ਲੋਕ ਨਾਚ: 20 ਸਤੰਬਰ ਨੂੰ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਕੌਮੀ ਲੋਕ ਨਾਚ ਜਿਸ 'ਚ ਪੰਜਾਬ, ਹਰਿਆਣਾ,ਰਾਜਸਥਾਨ, ਹਿਮਾਚਲ ਪ੍ਰਦੇਸ਼, ਓਡੀਸ਼ਾ, ਅਸਾਮ ਆਦਿ ਪੇਸ਼ ਕੀਤੇ ਜਾਣਗੇ ਜਿਸ 'ਚ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ 10 ਵਜੇ, ਸਰਸਵਤੀ ਕੰਨਿਆ ਵਿਦਿਆਲਿਆ, ਜੈਤੋ ਸਵੇਰੇ 10 ਵਜੇ ( 21 ਸਤੰਬਰ 2017 ਨੂੰ ) ਅਤੇ ਦਰਬਾਰ ਗੰਗ ਕੰਪਲੈਕਸ ਫਰੀਦਕੋਟ ਵਿਖੇ ( 22 ਸਤੰਬਰ ) ਸ਼ਾਮ 7 ਵਜੇ ਹੋਣਗੇ। 20 ਸਤੰਬਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫਰੀਦਕੋਟ ਵਿਖੇ 10 ਵਜੇ ਸੈਮੀਨਾਰ ਜਿਸ 'ਚ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਅਡੀਸ਼ਨਲ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪ੍ਰੋ: ਰਾਜਿੰਦਰ ਸਿੰਘ ਬਰਾੜ, ਡਾਇਰੈਕਟਰ, ਖੇਤਰੀ ਕਾਲਜ ਪੰਜਾਬ ਯੂਨੀਵਰਸਿਟੀ ਸ੍ਰੀ ਮੁਕਤਸਰ ਸਾਹਿਬ ਪ੍ਰੋ: ਪੀ. ਐਸ.ਧੀਂਗੜਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ: ਬਲਜਿੰਦਰ ਕੌਰ ਵਿਦਵਾਨ ਆਪਣੇ ਵਿਚਾਰ ਪੇਸ਼ ਕਰਨਗੇ।
ਤਕਰਸ਼ੀਲ ਨਾਟਕ ਮੇਲਾ ( 20 ਅਤੇ 21 ਸਤੰਬਰ ) ਸਵੇਰੇ 11 ਵਜੇ ਤੋਂ ਓਪਨ ਏਅਰ ਥੀਏਟਰ, ਬਾਬਾ ਫਰੀਦ ਸਭਿਆਚਾਰਕ ਕੇਂਦਰ ਵਿਖੇ ਲੋਕ ਕਲਾ ਮੰਚ, ਮੁੱਲਾਂਪੁਰ (ਪ੍ਰੇਤ ਕੈਨੇਡਾ ਦੇ) ਅਤੇ ਮਾਸ ਥੀਏਟਰ ਗਰੁੱਪ ਬੁਢਲਾਡਾ (ਚਾਨਣ ਦੇ ਵਣਜ਼ਾਰੇ) ਅਤੇ ਜਾਦੂਗਰ ਸ੍ਰੀ ਜਗਦੇਵ ਸਿੰਘ ਦੇ ਸ਼ੋਅ ਹੋਣਗੇ ਜਦਕਿ 21 ਸਤੰਬਰ ਨੂੰ ਚੇਤਨ ਕਲਾ ਕੇਂਦਰ, ਬਰਨਾਲਾ ( ਤੇ ਦੇਵ ਪੁਰਸ਼ ਹਾਰ ਗਏ), ਨਾਟਿਯਮ ਜੈਤੋ (ਸਾਰੰਗੀ) ਤੇ ਕੋਰਿਓਗ੍ਰਾਫ਼ੀ ਚੇਤਨ ਕਲਾ ਕੇਂਦਰ, ਬਰਨਾਲਾ ਅਤੇ ਜਾਦੂਗਰ ਸ੍ਰੀ ਸੁਖਦੇਵ ਮਲਕਪੁਰੀ ਦੇ ਸ਼ੋਅ ਹੋਣਗੇ।
ਮੁਸ਼ਾਇਰਾ : 20 ਸਤੰਬਰ ਨੂੰ ਸ਼ਾਮ 7 ਵਜੇ ਓਪਨ ਏਅਰ ਥੀਏਟਰ ਬਾਬਾ ਫਰੀਦ ਸਭਿਆਚਾਰਕ ਕੇਂਦਰ ਵਿਖੇ ਅਨਵਰ ਕਮਾਲ ਦਿੱਲੀ ਵਾਲੇ ਤੇ ਉਨ੍ਹਾਂ ਦੇ ਸਾਥੀ ਪ੍ਰੋਗਰਾਮ ਪੇਸ਼ ਕਰਨਗੇ।
ਸ਼ਾਮ-ਏ-ਸੂਫੀਆਨਾ : 21 ਸਤੰਬਰ ਸ਼ਾਮ 7 ਵਜੇ ਦਰਬਾਰ ਗੰਜ ਕੰਪਲੈਕਸ ਵਿਖੇ ਹੋਵੇਗਾ ਜਿਸ ਵਿਚ ਸੂਫ਼ੀ ਕਲਾਕਾਰ ਕੰਵਰ ਗਰੇਵਾਲ ਅਤੇ ਪ੍ਰੋ: ਰਾਜੇਸ਼ ਮੋਹਨ ਸੂਫ਼ੀਆਨਾ ਕਲਾਮ ਪੇਸ਼ ਕਰਨਗੇ।
ਪੇਂਡੂ ਖੇਡ ਮੇਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਨਹਿਰੂ ਸਟੇਡੀਅਮ ਵਿਖੇ 22 ਸਤੰਬਰ ਨੂੰ ਸਵੇਰੇ 10 ਵਜੇ ਜਿਸ 'ਚ ਸਟਾਰ ਕਲਾਕਾਰ ਮੁਹੰਮਦ ਸਦੀਕ, ਬਲਬੀਰ ਚੋਟੀਆਂ ਅਤੇ ਹਰਿੰਦਰ ਸੰਧੂ ਪ੍ਰੋਗਰਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਵੱਖ-ਵੱਖ ਪੇਂਡੂ ਖੇਡਾਂ, ਬਾਜ਼ੀਗਰਾਂ ਦੇ ਸ਼ੋਅ, ਊਠ ਅਤੇ ਘੋੜੀਆਂ ਦੇ ਨਾਚ ਅਤੇ ਪੰਜਾਬ ਪੁਲਿਸ ਵੱਲੋਂ ਮੋਟਰ ਸਾਇਕਲ ਸ਼ੋਅ ਅਤੇ ਟੈਂਟ ਪੈਗਿੰਗ ਦਾ ਪ੍ਰੋਗਰਾਮ ਵੀ ਹੋਵੇਗਾ।
ਮੇਲਾ ਨੁਮਾਇਸ਼ਾਂ, ਨਸ਼ਿਆਂ ਸਬੰਧੀ ਜਾਗਰੂਕਤਾ ਪ੍ਰੋਗਰਾਮ : 22 ਸਤੰਬਰ ਨੂੰ ਸਵੇਰ 10 ਵਜੇ ਤੋਂ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ, ਹਾਕੀ ਗਰਾਊਂਡ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਨੁਮਾਇਸ਼ਾਂ ਲਗਾਈਆਂ ਜਾਣਗੀਆਂ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।
ਕਵਾਲੀਆਂ : 22 ਸਤੰਬਰ ਸ਼ਾਮ 7 ਵਜੇ ਤੋਂ ਦਰਗਾਹ ਬਾਬਾ ਮੌਜ ਦਰਿਆ, ਹੁੱਕੀ ਚੌਂਕ ਵਿਖੇ ਜਿਸ 'ਚ ਬੇਬੀ ਵਾਰਸੀ ਨਵੀਂ ਦਿੱਲੀ ਅਤੇ ਆਸਫ਼ ਮਲਿਕ ਐਂਡ ਪਾਰਟੀ, ਮੇਰਠ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਡਿਪਟੀ ਕਮਿਸ਼ਨਰ ਸ੍ਰੀ ਪਰਾਸ਼ਰ ਨੇ ਦੱਸਿਆ ਕਿ ਮੇਲੇ ਦੇ ਅਖੀਰਲੇ ਦਿਨ 23 ਸਤੰਬਰ ਨੂੰ ਨਗਰ ਕੀਰਤਨ ਸਵੇਰੇ 8 ਵਜੇ ਟਿੱਲਾ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਹੁੰਚੇਗਾ। ਇਸ ਅਸਥਾਨ ਤੇ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਬਾਬਾ ਫਰੀਦ ਅਵਾਰਡ ਫਾਰ ਆਨੈਸਟੀ ਅਤੇ ਭਗਤ ਪੂਰਨ ਸਿੰਘ ਅਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ ਦਿੱਤੇ ਜਾਣਗੇ।