ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 19 ਅਗਸਤ, 2017 : ਸਰਹਿੰਦ ਸ਼ਹਿਰ ਵਿੱਚ ਪਿਛਲੇ ਸਮੇਂ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਹਿਰ ਨਿਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਸੀਵਰੇਜ ਪ੍ਰੋਜੈਕਟ ਸ਼ੁਰੂ ਕਰਵਾਇਆ ਗਿਆ ਪਰ ਮੌਜੂਦਾ ਸਰਕਾਰ ਵੱਲੋਂ ਚੱਲ ਰਹੇ ਕੰਮ ਨੂੰ ਬੰਦ ਕਰਵਾ ਦਿੱਤਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਬਲਜੀਤ ਸਿੰਘ ਭੁੱਟਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਫਤਿਹਗੜ੍ਹ ਨੇ ਪੱਤਕਾਰਾਂ ਨਾਲ ਪ੍ਰੈਸ ਕਾਨਫਰੰਸ ਕਰਨ ਸਮੇਂ ਕੀਤਾ।ਉਨ੍ਹਾਂ ਕਿਹਾ ਕਿ ਗਲੀਆਂ ਪੁੱਟਣ ਕਰਕੇ, ਸੜਕਾਂ ਤੇ ਕੱਟ ਲੱਗਣ ਦੇ ਕਾਰਨ ਨਿੱਤ ਦਿਨ ਲੋਕ ਹਾਦਸਿਆਂ ਦਾ ਸਿਕਾਰ ਹੋ ਰਹੇ ਹਨ ਅਤੇ ਅੱਜ ਸਰਹਿੰਦ ਸ਼ਹਿਰ ਦੇ ਨਿਵਾਸੀਆਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਜਾਣ ਅਤੇ ਆਉਣ ਲਈ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤੋਂ ਇਲਾਵਾ ਪਾਣੀ ਦੀ ਨਿਕਾਸੀ ਦਾ ਨਾ ਪ੍ਰਬੰਧ ਹੋਣ ਕਰਕੇ ਗਲੀਆਂ ਵਿੱਚ ਗੰਦਾ ਪਾਣੀ ਭਰੀਆ ਖੜਾ ਹੈ।ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ। ਸ. ਭੁੱਟਾ ਨੇ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਰੋਕਣ ਦੀ ਬਜਾਇ ਚਾਲੂ ਕਰਕੇ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।ਇਸ ਤੋਂ ਇਲਾਵਾ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦਾ ਕੋਈ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਗਲੀਆਂ ਮੁਹੱਲਿਆਂ ਅਤੇ ਸੜਕਾਂ ਤੇ ਅਵਾਰਾ ਪਸ਼ੂ ਆਮ ਘੁੰਮ ਰਹੇ ਹਨ, ਜਿਸ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਸ਼ਹਿਰ ਨਿਵਾਸੀਆਂ ਦੀਆਂ ਸਾਰੀਆਂ ਸਮੱਸਿਆਂ ਨੂੰ ਦੇਖਦੇ ਹੋਏ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ।
ਇਸ ਮੌਕੇ ਅਜਾਇਬ ਸਿੰਘ ਕੌਂਸਲਰ, ਮਨੋਜ ਗੁਪਤਾ ਬੀ.ਜੇ.ਪੀ. ਦੇ ਸੀਨੀਅਰ ਆਗੂ, ਬਲਜੀਤ ਸਿੰਘ ਦਿਓਲ, ਰਜੇਸ਼ ਕੁਮਾਰ ਲਾਖਾ, ਗੁਰਭੇਜ ਸਿੰਘ ਸਾਧੂਗੜ੍ਹ, ਗੁਰਦੀਪ ਸਿੰਘ ਸਰਪੰਚ ਜਲਵੇੜਾ, ਅਮਰੀਕ ਸਿੰਘ ਪੰਚ ਜਲਵੇੜਾ, ਸਾਧੂ ਸਿੰਘ ਆਦਿ ਹਾਜਰ ਸਨ।