ਸਰਹੱਦੀ ਪਿੰਡ ਗੱਟੀ ਰਾਜੋ ਕੇ ਵਿਖੇ ਆਜ਼ਾਦੀ ਦਿਵਸ ਸਬੰਧੀ ਕਰਵਾਏ ਸਮਾਗਮ ਦੌਰਾਨ ਦੇਸ਼ ਭਗਤੀ ਦੇ ਰੰਗ ਬਿਖੇਰਦੇ ਵਿਦਿਆਰਥੀ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 12 ਅਗਸਤ, 2017 : ਹਿੰਦ-ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ 'ਚ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਤਲੁਜ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਦੇ ਡਰ ਉੱਪਰ ਦੇਸ਼ ਭਗਤੀ ਦਾ ਜਜ਼ਬਾ ਭਾਰੂ ਪੈ ਗਿਆ, ਸਕੂਲ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨੂੰ ਸਮਰਪਿਤ ਗੀਤ, ਕਵਿਤਾਵਾਂ, ਭਾਸ਼ਣ, ਫੈਂਸੀ ਡਰੈੱਸ, ਗਿੱਧਾ ਅਤੇ ਭੰਗੜਾ ਪਾ ਕੇ ਸਮੁੱਚੇ ਸਰਹੱਦੀ ਪਿੰਡ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਅਤੇ ਲੰਮਾ ਸਮਾਂ ਦੇਸ਼ ਭਗਤੀ ਦੇ ਨਾਅਰੇ ਗੂੰਜਦੇ ਰਹੇ।
ਸਕੂਲ ਦੇ ਅਧਿਆਪਕ ਰਜੇਸ਼ ਕੁਮਾਰ ਅਤੇ ਸਰੂਚੀ ਮਹਿਤਾ ਦੀ ਅਗਵਾਈ ਵਿੱਚ ਤਿਆਰ ਕਰਵਾਏ ਸਭਿਆਚਾਰ ਸਮਾਗਮ ਵਿੱਚ ਵਿਦਿਆਰਥੀਆਂ ਨੇ ਪਿੰਡ ਦੇ ਨਜ਼ਦੀਕ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਰਾਸ਼ਟਰੀ ਸਮਾਰਕ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਸ਼ਹੀਦਾਂ ਦੀ ਜ਼ਿੰਦਗੀ ਉੱਪਰ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜੋ ਅਮਿੱਟ ਛਾਪ ਛੱਡ ਗਿਆ ਅਤੇ ਪਿੰਡ ਵਾਸੀਆਂ ਨੇ ਖ਼ੂਬ ਪ੍ਰਸ਼ੰਸਾ ਕੀਤੀ।
ਡਾ. ਸਤਿੰਦਰ ਸਿੰਘ ਨੇ ਆਜ਼ਾਦੀ ਦਿਵਸ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਨੌਜਵਾਨਾਂ ਨੂੰ ਅੱਜ ਆਜ਼ਾਦੀ ਦੀ ਲੜਾਈ ਦੀ ਤਰ੍ਹਾਂ ਨਸ਼ਾਖੋਰੀ, ਵਾਤਾਵਰਨ ਪ੍ਰਦੂਸ਼ਣ, ਭ੍ਰਿਸ਼ਟਾਚਾਰ ਅਤੇ ਕੰਨਿਆ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਕੰਮ ਕਰਨ ਦੀ ਪ੍ਰੇਰਨਾ ਦਿੱਤੀ।
ਸਕੂਲ ਅਧਿਆਪਕ ਸੁਖਵਿੰਦਰ ਸਿੰਘ ਨੇ ਆਜ਼ਾਦੀ ਪ੍ਰਾਪਤੀ ਵਿੱਚ ਸ਼ਹੀਦਾਂ ਦੇ ਯੋਗਦਾਨ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਸਮਾਗਮ ਨੂੰ ਸਫਲ ਬਣਾਉਣ ਵਿੱਚ ਰਜੇਸ਼ ਕੁਮਾਰ ਸ੍ਰੀਮਤੀ ਗੀਤਾ ਰਾਣੀ, ਜੋਗਿੰਦਰ ਸਿੰਘ, ਦਵਿੰਦਰ ਕੁਮਾਰ, ਸਰੂਚੀ ਮਹਿਤਾ, ਲਖਵਿੰਦਰ ਸਿੰਘ, ਸ਼ਿੰਦਰਪਾਲ ਸਿੰਘ, ਪ੍ਰਿਤਪਾਲ ਸਿੰਘ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ, ਮੰਜੂ, ਗੁਰਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਲੈਕਚਰਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਪਹੁੰਚੇ ਅਤੇ ਸਕੂਲ ਵੱਲੋਂ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ।