ਕਾਂਨਫਰੰਸ ਕਰਦੇ ਹੋਏ ਪਨਬਸ ਮਹਿਕਮੇ ਦੇ ਅਧਿਕਾਰੀ
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 19 ਜੁਲਾਈ, 2017 : ਪਨਬੱਸ ਵਿਚ ਕੰਮ ਕਰਦੇ ਵਰਕਰਾਂ ਨਾਲ ਮਹਿਕਮੇ ਵੱਲੋਂ ਕੀਤੀ ਜਾ ਰਹੀਆਂ ਧੱਕੇਸ਼ਾਹੀਆਂ। ਪਨਬੱਸ ਦੀ ਭਰਤੀ ਵਿਚ ਵੱਡੇ ਪੱਧਰ ਤੇ ਕੀਤੀ ਗਈ ਧਾਂਦਲੀ ਬਾਰੇ ਦੱਸਦਿਆਂ ਅੱਜ ਪੰਜਾਬ ਰੋਡਵੇਜ਼ ਪਨਬੱਸ ਕੰਡਕਟਰ ਵਰਕਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਸ ਭਰਤੀ ਵਿਚ ਵੱਡੇ ਪੱਧਰ ਤੇ ਘੋਟਾਲਾ ਕੀਤਾ ਗਿਆ ਹੈ, ਜਿਸ ਦਾ ਸਬੂਤ ਫਿਰੋਜ਼ਪੁਰ ਡਿਪੂ ਵੱਲੋਂ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਭਰਤੀ ਸਮੇਂ ਭੇਜਿਆ ਗਿਆ ਰਿਕਾਰਡ ਸਾਹਮਣੇ ਆਉਣ ਤੇ ਸਾਬਤ ਹੋਇਆ ਹੈ। ਇਹ ਰਿਕਾਰਡ ਜਥੇਬੰਦੀ ਦੇ ਵਰਕਰਾਂ ਲਈ ਲੜਦੇ ਆਗੂ ਰਵਿੰਦਰ ਸਿੰਘ ਰਿੰਕੂ ਪੀਸੀ-9 ਨੇ ਆਪਣੇ ਡਿਪੂ ਫਿਰੋਜ਼ਪੁਰ ਵਿਚੋਂ ਆਰਟੀਆਈ ਐਕਟ ਰਾਹੀਂ ਮੰਗੇ ਗਏ ਰਿਕਾਰਡ ਦੇ ਤੌਰ ਤੇ ਖੁਲਾਸਾ ਕੀਤਾ ਕਿ ਜਥੇਬੰਦੀ ਦੇ ਮੇਨ ਆਗੂਆਂ ਨੂੰ ਕੱਢਣ ਲਈ ਅਤੇ ਅਫਸਰਸ਼ਾਹੀ ਵੱਲੋਂ ਆਪਣੇ ਚਹੇਤਿਆਂ ਨੂੰ ਮਹਿਕਮੇ ਵਿਚ ਭਰਤੀ ਕਰਨ ਲਈ ਡਿਪੂ ਫਿਰੋਜ਼ਪੁਰ ਦੇ ਕਲੈਰੀਕਲ ਸਟਾਫ ਵੱਲੋਂ ਸਰਕਾਰੀ ਰਿਕਾਰਡ ਨਾਲ ਵੱਡੇ ਪੱਧਰ ਤੇ ਛੇੜਛਾੜ ਕੀਤੀ ਹ। ਜਿਸ ਬਾਰੇ ਉਨ੍ਹਾਂ ਨੇ ਮਹਿਕਮੇ ਦੇ ਉੱਚ ਅਧਿਕਾਰੀ, ਪੁਲਸ ਪ੍ਰਸ਼ਾਸਨ, ਵਿਜ਼ੀਲੈਂਸ ਚੰਡੀਗੜ੍ਹ ਨੂੰ ਵੀ ਕੰਪਲੈਟ ਕੀਤੀ ਹੈ ਅਤੇ ਸਬੂਤ ਪੇਸ਼ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਪ੍ਰੈਸ ਕਲੱਬ ਫਿਰੋਜਪੁਰ ਵਿਖੇ ਕੀਤੀ ਗਈ ਕਾਨਫਰੰਸ ਦੌਰਾਨ ਰਵਿੰਦਰ ਸਿੰਘ ਨੇ 2014 ਪਨਬੱਸ ਵਿਚ ਕੰਨਟਰੈਕਟ ਤੇ ਕੀਤੀ ਗਈ ਭਰਤੀ ਵਿਚ ਵੱਡੇ ਪੱਧਰ ਤੇ ਕੀਤੇ ਗਏ ਘੋਟਾਲੇ ਦੇ ਸਬੂਤ ਪੇਸ਼ ਕਰਦਿਆਂ ਦੱਸਿਆ ਕਿ 28 ਮਈ 2008 ਨੂੰ ਪਨਬੱਸ ਵਿਚ ਬਤੌਰ ਕੰਡਕਟਰ ਪੀਸੀ-9 ਫਿਰੋਜ਼ਪੁਰ ਡਿਪੂ ਵਿਚ ਭਰਤੀ ਹੋਇਆ ਸੀ ਅਤੇ ਪਨਬੱਸ ਮਹਿਮਕੇ ਵੱਲੋਂ 31 ਅਗਸਤ 2014 ਨੁੰ ਕੰਟਰੈਕਟ ਤੇ ਭਰਤੀ ਕਰਨ ਲਈ ਭਰਤੀ ਸ਼ੁਰੂ ਕੀਤੀ ਗਈ। ਜਿਸ ਵਿਚ ਤਜਰਬੇ ਦੇ ਆਧਾਰ ਤੇ ਪਨਬੱਸ ਵਿਚ ਪਹਿਲੋਂ ਕੰਮ ਕਰਦੇ ਕਰਮਚਾਰੀਆਂ ਨੂੰ ਨੰਬਰ ਦੇਣ ਦੀ ਸ਼ਰਤ ਮੌਜ਼ੂਦ ਸੀ, ਮਹਿਕਮੇ ਵੱਲੋਂ ਰੱਖੀਆਂ ਸਾਰੀਆਂ ਸ਼ਰਤਾਂ ਉਹ ਪੂਰੀਆਂ ਕਰਦਾ ਸੀ, ਪਰ ਡਿਪੂ ਫਿਰੋਜ਼ਪੁਰ ਵੱਲੋਂ ਉਸ ਦਾ ਰਿਕਾਰਡ ਗਲਤ ਬਣਾ ਕੇ ਭੇਜਿਆ ਗਿਆ ਅਤੇ ਆਪਣੇ ਚਹੇਤਿਆਂ ਨੂੰ ਸੈੱਟ ਕਰਨ ਲਈ ਉਨ੍ਹਾਂ ਦਾ ਰਿਕਾਰਡ ਗਲਤ ਤੋਂ ਸਹੀ ਬਣਾ ਕੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਉਸ ਦਾ ਰਿਕਾਰਡ 5 ਸਾਲ 3 ਮਹੀਨੇ 27 ਦਿਨ ਦਾ ਬਣਦਾ ਸੀ, ਜਦਕਿ ਡਿਪੂ ਵੱਲੋਂ ਉਸ ਦਾ ਰਿਕਾਰਡ 4 ਸਾਲ 4 ਮਹੀਨੇ 13 ਦਿਨ ਦਾ ਬਣਾ ਕੇ ਭੇਜਿਆ ਗਿਆ। ਜਿਸ ਕਾਰਨ ਭਰਤੀ ਪ੍ਰੀਕਿਆ ਵਿਚ ਉਸ ਦੀ ਸਿਲੈਕਸ਼ਨ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਘੋਖ ਪੜਤਾਲ ਕਰਨ ਅਤੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਡਿਪੂ ਵੱਲੋਂ ਉਸ ਦਾ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਇਸ ਲਈ ਉਹ ਆਪਣੇ ਪੁਖਤਾ ਸਬੂਤ ਲੈ ਕੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਪਰ ਕਿਸੇ ਵੀ ਅਧਿਕਾਰੀ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ। ਇਸ ਤੋਂ ਬਾਅਦ ਮਹਿਕਮੇ ਵੱਲੋਂ 1 ਅਗਸਤ 2016 ਨੂੰ ਰਿਕਾਰਡ ਦੀ ਦੁਬਾਰਾ ਮੰਗ ਕੀਤੀ ਗਈ। ਜਿਸ ਵਿਚ ਉਸ ਦਾ ਰਿਕਾਰਡ 5 ਸਾਲ 3 ਮਹੀਨੇ 27 ਦਿਨ ਦਾ ਬਣਾ ਕੇ ਭੇਜ ਦਿੱਤਾ ਗਿਆ, ਪਰ ਇਸ ਵਿਚ ਫਿਰ ਤੋਂ ਡਿਪੂ ਵੱਲੋਂ ਧੱਕੇਸ਼ਾਹੀ ਕਰਦੇ ਹੋਇਆ ਉਸ ਦੀਆਂ 2 ਨਾਜਾਇਜ਼ ਗਬਨ ਦੀਆਂ ਰਿਪੋਰਟਾਂ ਪਾ ਦਿੱਤੀਆਂ ਗਈਆਂ ਅਤੇ ਲਾਇਸੰਸ ਸਹੀ ਹੋਣ ਦੇ ਬਾਵਜੂਦ ਵੀ ਉਸ ਨੂੰ ਗਲਤ ਬਣਾ ਕੇ ਭੇਜਿਆ ਗਿਆ। ਜਿਸ ਕਾਰਨ ਉਸ ਦੀ ਦੁਬਾਰਾ ਤੋਂ ਸਿਲੈਕਸ਼ਨ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਉਸ ਨਾਲ ਹੁੰਦੇ ਧੱਕੇ ਦੇ ਸਬੰਧ ਵਿਚ ਪਾਈ ਗਈ ਆਰਟੀਆਈ ਵਿਚ ਮਹਿਕਮੇ ਨੇ ਪੱਤਰ ਨੰਬਰ 1780 3 ਨਵੰਬਰ 2016 ਨੂੰ ਖੁਦ ਮੰਨਿਆ ਹੈ ਕਿ ਜੋ 6 ਕਰਮਚਾਰੀਆਂ ਦਾ ਰਿਕਾਰਡ ਸਾਡੇ ਤੋਂ ਪਹਿਲਾ ਗਲਤ ਤੋਂ ਸਹੀ ਬਣਾ ਕੇ ਭੇਜਿਆ ਗਿਆ ਸੀ, ਉਸ ਬਾਰੇ ਵੇਰਵਾ ਵੀ ਦਿੱਤਾ ਗਿਆ। ਭਰਤੀ ਪ੍ਰੀਕ੍ਰਿਆ ਤੋਂ ਲੈ ਕੇ ਹੁਣ ਤੱਕ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਤੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਨਾ ਤਾਂ ਉਸ ਨੂੰ ਇਨਸਾਫ ਦੁਆਇਆ ਜਾ ਰਿਹਾ ਹੈ ਅਤੇ ਨਾ ਹੀ ਕਸੂਰਵਾਰਾਂ ਖਿਲਾਫ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ 2014 ਤੋਂ ਇਨਸਾਫ ਨਹੀਂ ਮਿਲਿਆ। ਉਸ ਨੂੰ ਇਨਸਾਫ ਦਿੱਤਾ ਜਾਵੇ ਇਸ ਲਈ ਉਹ ਆਪਣੀ ਜਥੇਬੰਦੀ ਨਾਲ ਰਲ ਕੇ ਕੋਈ ਵੀ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ, ਚੇਅਰਮੈਨ ਜ਼ੀਰਾ ਡਿਪੂ ਬਲਜਿੰਦਰ ਸਿੰਘ, ਚੇਅਰਮੈਨ ਫਾਜ਼ਿਲਕਾ ਡਿਪੂ ਉਂਕਾਰ ਸਿੰਘ ਆਦਿ ਨੇ ਰਵਿੰਦਰ ਸਿੰਘ ਦਾ ਸਾਥ ਦਿੰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਆਪਣੇ ਵਰਕਰਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਵੀ ਵੱਡਾ ਸੰਘਰਸ਼ ਕੀਤਾ ਜਾ ਸਕਦਾ ਹੈ ਅਤੇ ਮਹਿਕਮੇ ਵਿਚੋਂ ਝੂਠੀਆਂ ਸਾਜ਼ਿਸ਼ਾਂ ਰਾਹੀਂ ਕੱਢੇ ਗਏ ਕਰਮਚਾਰੀਆਂ ਨੂੰ ਵਾਪਸ ਲਿਆਉਣ ਲਈ ਜਥੇਬੰਦੀ ਸਖਤ ਰੁਖ ਇਖਤਿਆਰ ਕਰਨ ਲਈ ਤਿਆਰ ਹੈ।