ਕੀਰਤਨ ਕਰਦੇ ਹੋਏ ਰਾਗੀ ਜਥੇ ਅਤੇ ਹਾਜ਼ਰ ਸੰਗਤ।
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 22 ਜੂਨ, 2017 : ਇਲਾਕੇ ਦੇ ਇਤਿਹਾਸਿਕ ਧਾਰਮਿਕ ਸਥਾਨ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸ੍ਰੀ ਅਖੰਡਪਾਠਾਂ ਦੀ ਲੜੀ ਜਾਰੀ ਹੈ। ਬ੍ਰਹਮ ਗਿਆਨੀ ਸੰਤ ਬਾਬਾ ਵਚਨ ਸਿੰਘ ਵਲੋਂ ਪਿੰਡ ਲਾਲੇਵਾਲਾ ਪਾਕਿਸਤਾਨ ਵਿਖੇ ਸਥਾਪਿਤ ਕੀਤੇ ਗਏ ਡੇਰਾ ਭਜਨਗੜ੍ਹ ਵਿਖੇ ਪੂਰੇ ਹਾੜ ਦਾ ਮਹੀਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡਪਾਠ ਅਤੇ ਗੁਰਬਾਣੀ ਦਾ ਪ੍ਰਵਾਹ ਚਲਦਾ ਹੈ ਅਤੇ ਪਹਿਲੀ ਸਾਵਨ ਨੂੰ ਹੁੰਦੇ ਸਲਾਨਾ ਜੋੜ ਮੇਲੇ ਵਿਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ, ਸੰਤ ਮਹਾਂਪੁਰਸ਼ ਅਤੇ ਕੀਰਤਨੀ ਜਥੇ ਸ਼ਾਮਲ ਹੁੰਦੇ ਹਨ। ਡੇਰੇ ਦੇ ਮੁੱਖ ਸੇਵਾਦਾਰ ਬਾਬਾ ਮੁਖਤਿਆਰ ਸਿੰਘ ਨੇ ਇਸ ਸਬੰਧੀ ਕਿਹਾ ਕਿ ਸੰਤ ਬਾਬਾ ਵਚਨ ਸਿੰਘ ਨੇ ਗੁਰਬਾਣੀ ਨਾਲ ਜੁੜ ਕੇ ਜਿਥੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਉਥੇ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੋਸ਼ਣ ਕਰਨਾ ਚਾਹੀਦਾ ਹੈ। ਇਸ ਮੌਕੇ ਭੁਪਿੰਦਰ ਸਿੰਘ ਖਾਲਸਾ, ਭਾਈ ਗੁਰਬਚਨ ਸਿੰਘ ਹਜ਼ੂਰੀ ਰਾਗੀ ਦੇ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਪਿੰਡ ਦੇ ਨੌਜਵਾਨਾਂ ਵਿਜੇ ਥਿੰਦ, ਮਨੋਜ ਕੁਮਾਰ, ਬਲਦੇਵ ਰਾਜ ਨੰਬਰਦਾਰ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਵਾਲੀਬਾਲ ਅਤੇ ਕਬੱਡੀ ਦੇ ਮੈਚ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ।