ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 26 ਮਈ, 2017 : ਜ਼ਿਲ੍ਹੇ ਦੇ ਕਸਬਾ ਮੱਲਾਂਵਾਲਾ 'ਚ ਪੈਂਦੇ ਪਿੰਡ ਜੱਲੇ ਵਾਲਾ ਵਿਚ ਰਾਹ ਦੇ ਰੌਲੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਚੱਲੀ ਗੋਲੀ ਵਿਚ 5 ਵਿਅਕਤੀ ਜ਼ਖ਼ਮੀ ਹੋ ਗਏ। ਇਹਨਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਝਗੜਾ ਵੀਰਵਾਰ ਰਾਤ 8 ਵਜੇ ਦੇ ਕਰੀਬ ਪਿੰਡ ਵਿਚ ਹੋਇਆ।
ਜਾਣਕਾਰੀ ਦੇ ਮੁਤਾਬਿਕ ਪਿੰਡ ਵਿਚ ਇੱਕ ਰਾਹ ਦਾ ਰੌਲਾ ਲੰਮੇਂ ਸਮੇਂ ਤੋ ਚੱਲ ਰਿਹਾ ਹੈ,ਜਿਸਨੂੰ ਲੈ ਕੇ ਸੁੱਚਾ ਸਿੰਘ ਨੰਬਰਦਾਰ ਅਤੇ ਬਲਵਿੰਦਰ ਸਿੰਘ ਖਾਹਰਾ ਦਰਮਿਆਨ ਦੋ ਧੜੇ ਬਣ ਚੁੱਕੇ ਹਨ। ਲੰਘੀ ਰਾਤ ਇਸ ਰਾਹ ਨੂੰ ਲੈ ਕੇ ਦੋਵਾਂ ਧਿਰਾਂ ਦਰਮਿਆਨ ਝਗੜਾ ਹੋ ਗਿਆ ਤੇ ਖਾਹਰਾ ਗਰੁੱਪ ਵੱਲੋਂ ਚਲਾਈ ਗੋਲੀ ਵਿਚ ਸੁੱਚਾ ਸਿੰਘ ਨੰਬਰਦਾਰ ਧੜੇ ਦੇ 4 ਜਣੇ ਗੁਰਭੇਜ ਸਿੰਘ, ਜੰਡ ਸਿੰਘ, ਸੁਖਦੇਵ ਸਿੰਘ ਵਾਸੀਆਨ ਜੱਲੇ ਵਾਲਾ ਅਤੇ ਕੁਲਦੀਪ ਸਿੰਘ ਵਾਸੀ ਰੋਡੇ ਵਾਲਾ ਜ਼ਖ਼ਮੀ ਹੋ ਗਏ। ਇਸ ਦੌਰਾਨ ਬਲਵਿੰਦਰ ਸਿੰਘ ਖਾਹਰਾ ਵੀ ਗੋਲੀ ਲੱਗਣ ਨਾਲ ਜ਼ਖ਼ਮੀਂ ਹੋ ਗਿਆ। ਇਹਨਾਂ ਸਾਰੇ ਜ਼ਖ਼ਮੀਆਂ ਨੂੰ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਜ਼ਖ਼ਮੀਂ ਕਰਵਾਇਆ ਗਿਆ ਹੈ। ਗੁਰਭੇਜ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸਦੇ ਪਰਿਵਾਰ ਵਾਲੇ ਉਸਨੂੰ ਅੰਮ੍ਰਿਤਸਰ ਲੈ ਗਏ ਹਨ। ਪੁਲਿਸ ਵੱਲੋ ਦੋਹਾਂ ਧਿਰਾਂ ਵਿਰੁੱਧ ਕਾਰਵਾਈ ਅਮਲ ਚ ਲਿਆਦੀ ਜਾ ਰਹੀ ਹੈ।