ਪ੍ਰੈਸ ਕਲੱਬ ਫ਼ਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਲ ਖਾਲਸਾ ਅਤੇ ਸਰਬ ਸਾਂਝੀਵਾਲਤਾ ਸੇਵਾ ਦਲ (ਸਾਧਾਂਵਾਲਾ) ਦੇ ਆਗੂ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 27 ਮਈ, 2017 : ਜੂਨ 84 ਦੇ ਘੱਲੂਘਾਰੇ ਦੌਰਾਨ ਪੀੜਤਾਂ ਨੂੰ 33 ਸਾਲ ਬਾਅਦ ਵੀ ਇੰਨਸਾਫ ਨਹੀਂ ਮਿਲਿਆ, ਜੋ ਕਿ ਸਰਕਾਰਾਂ ਦੀ ਨਲਾਇਕੀ ਹੈ ਅਤੇ ਜੂਨ 84 ਦਾ ਘੱਲੂਘਾਰਾ ਸਿੱਖ ਕੌਮ ਲਈ ਨਾ ਭੁੱਲਣਯੋਗ ਅਤੇ ਨਾ ਬਖਸ਼ਣਯੋਗ ਹੈ । ਇਹ ਪ੍ਰਗਟਾਵਾ ਅੱਜ ਪ੍ਰੈਸ ਕਲੱਬ ਫਿਰੋਜਪੁਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਸਰਬ ਸਾਂਝੀਵਾਲਤਾ ਸੇਵਾ ਦਲ (ਸਾਧਾਂਵਾਲਾ) ਦੇ ਆਗੂ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਭਾਈ ਚੀਮਾ ਅਤੇ ਬਾਬਾ ਸਾਧਾਂਵਾਲਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ ਦਸ ਸਾਲ ਦੇ ਰਾਜ ਦੌਰਾਨ ਧਾਰਾ 751 ਅਤੇ 295 ਦੀ ਕਾਫੀ ਜ਼ਿਆਦਾ ਦੁਰਵਰਤੋਂ ਹੋਈ ਹੈ। ਉਹਨਾਂ ਕਿਹਾ ਕਿ ਡੇਰਾ ਸਿਰਸਾ ਦੇ ਸੌਦਾ ਸਾਧ ਦਾ ਕੋਈ ਧਰਮ ਨਹੀਂ ਹੈ, ਸਮੇ ਦੀਆ ਸਰਕਾਰਾਂ ਵੱਲੋ ਇਸ ਸੌਦਾ ਸਾਧ ਨੂੰ ਕਿਹੜੇ ਧਰਮ ਦੀ ਕਲੀਨ ਚਿੱਟ ਦਿੱਤੀ ਹੋਈ ਹੈ। ਜਿਸ ਦਾ ਕੋਈ ਧਰਮ ਨਾ ਹੋਵੇ ਫਿਰ ਇਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਿਹੜੀ ਗੱਲ ਹੋਈ। ਜਿੰਨਾ ਲੋਕਾਂ ਜਾਂ ਫਿਰ ਸਿੱਖਾਂ ਤੇ ਡੇਰਾ ਸਿਰਸਾ ਦੇ ਆਗੂਆਂ ਵਲੋਂ 295 ਧਾਰਾ ਦੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਉਹ ਸਰਾਸਰ ਗਲਤ ਹਨ।
ਬਾਬਾ ਅਵਤਾਰ ਸਿੰਘ ਸਾਧਾਂਵਾਲਾ ਅਤੇ ਭਾਈ ਹਰਪਾਲ ਸਿੰਘ ਚੀਮਾ ਪ੍ਰਧਾਨ ਦਲ ਖਾਲਸਾ ਨੇ ਚੱਬੇ ਦੀ ਧਰਤੀ ਤੇ ਹੋਏ ਸਰਬੱਤ ਖਾਲਸੇ ਦੌਰਾਨ ਚੁਣੇ ਗਏ ਸਿੰਘ ਸਾਹਿਬਾਨਾਂ ਦੀ ਚੌਣ ਨੂੰ ਨਕਾਰਦਿਆ ਕਿਹਾ ਕਿ ਅਸੀ ਵਿਧੀ ਵਿਧਾਨ ਅਨੁਸਾਰ ਸਿੰਘ ਸਾਹਿਬਾਂ ਦੀ ਚੌਣ ਵਿਚ ਵਿਸ਼ਵਾਸ ਰੱਖਦੇ ਹਾਂ, ਸਾਡੇ ਮਨਾਂ ਵਿਚ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁੱਦਾ ਖਾਲੀ ਹੈ। ਭਾਈ ਚੀਮਾ ਅਤੇ ਬਾਬਾ ਸਾਧਾਂਵਾਲਾ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਹੱਥ ਵਿਚ ਸਟੇਨਗੰਨ ਫੜਾ ਕੇ ਸਰਕਾਰ ਵੱਲੋ ਹਿੰਦੂ ਵਿਰੋਧੀ ਦੱਸਿਆ ਗਿਆ ਸੀ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਦੇ ਪਾਣੀਆ ਦਾ ਰਾਖਾ ,ਕਿਸਾਨੀ ਮੱਸਲਿਆ, ਨੌਜਾਵਾਨਾ ਨੂੰ ਨਸ਼ਿਆ ਤੋ ਬਚਾਉਣ ਲਈ ਅਤੇ ਹਿੰਦੂ ਭਰਾਵਾਂ ਨੂੰ ਨਾਲ ਲੈ ਕੇ ਚੱਲਦੇ ਸਨ। ਭਿੰਡਰੇਵਾਲੇ ਸੰਤ ਪੰਜਾਬ ਦੇ ਹੱਕਾਂ ਲਈ ਜੂਝ ਕੇ ਸ਼ਹੀਦ ਹੋ ਗਏ ਹਨ। ਉਹਨਾਂ ਦੀ ਸ਼ਹੀਦੀ ਨੂੰ ਠੰਡੇ ਬਸਤੇ ਵਿਚ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤੀ ਕਾਨੂੰਨ ਅਤੇ ਸੰਵਿਧਾਨ ਤਹਿਤ ਚੁਣੀ ਹੋਈ 84 ਸਮੇਂ ਦੀ ਭਾਰਤ ਦੀ ਸਰਕਾਰ, ਭਾਰਤੀ ਫੌਜ਼ ਅਤੇ ਪ੍ਰਸਾਸ਼ਨ ਨੇ 3 ਜੂਨ 1984 ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਕੇ ਘੋਰ ਪਾਪ ਕਮਾਇਆ ਸੀ। ਜਿਸ ਦੇ ਜਖਮ ਅੱਜ 33 ਵਰੇ ਬੀਤਣ ਦੇ ਬਾਅਦ ਵੀ ਹਰੇ ਹਨ। ਉਨਾਂ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋ ਦਲ ਖਾਲਸਾ ਅਤੇ ਸਰਬ ਸਾਂਝੀਵਾਲਤਾ ਸੇਵਾ ਦਲ ਵੱਲੋ ਅਮਨ ਅਮਾਨ ਨਾਲ ਸ਼ੀ ਗੁਰੂ ਅਰਜਨ ਦੇਵ ਜੀ ਅਤੇ ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਨਗਰ ਕੀਤਰਨ 4 ਜੂਨ 2017 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਪਿੰਡ ਸਾਧਾਂਵਾਲਾ ਤੋਂ ਸ਼ੁਰੂ ਹੋ ਕੇ ਪੱਖੀ ਖੁਰਦ, ਡੱਲੇਵਾਲਾ, ਗੋਲੇਵਾਲਾ, ਹਰਦਿਆਲੇਆਣਾ, ਪੱਖੀ ਕਲਾਂ, ਭਾਗਥਲਾ, ਕੱਬਰਵੱਛਾ, ਮੁੱਦਕੀ, ਮਾਹਲਾ, ਹਰੀਏਵਾਲਾ, ਨਾਥੇਵਾਲਾ, ਨੱਥੂਵਾਲਾ, ਲੰਗੇਆਣਾ ਨਵਾਂ ਤੋਂ ਪਿੰਡ ਰੋਡੇ ਤੱਕ ਜਾਵੇਗਾ।