ਫ਼ਿਰੋਜ਼ਪੁਰ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਮਨਾਏ ਵਿਸ਼ਵ ਮਲੇਰੀਆ ਦਿਵਸ ਮੌਕੇ ਬੱਚਿਆਂ ਅਤੇ ਹਾਜ਼ਰੀਨ ਨਾਲ ਸਿਵਲ ਸਰਜਨ ਡਾ: ਗੁਰਮਿੰਦਰ ਸਿੰਘ ਅਤੇ ਪ੍ਰਿੰਸੀਪਲ ਸਤਪਾਲ ਸਿੰਘ। ਹੇਠਾਂ ਪਿੰਡ ਦੇ ਛੱਪੜ ਵਿੱਚ ਗੰਬੂਜੀਆ ਮੱਛੀਆਂ ਛੱਡਦੇ ਸਿਹਤ ਵਿਭਾਗ ਦੇ ਅਧਿਕਾਰੀ।
ਫ਼ਿਰੋਜ਼ਪੁਰ, 26 ਅਪ੍ਰੈਲ, 2017 (ਗੁਰਿੰਦਰ ਸਿੰਘ) : ਸਿਹਤ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜਪੁਰ ਸ਼ਹਿਰ ਵਿਖੇ ਡਾ ਮੀਨਾਕਸ਼ੀ ਢੀਂਗਰਾ ਜ਼ਿਲ੍ਹਾ ਐਪੀਡਮਾਲੋਜਿਸ਼ਟ ਅਤੇ ਪ੍ਰਿੰਸੀਪਲ ਸਤਪਾਲ ਸਿੰਘ ਦੇ ਸਹਿਯੋਗ ਨਾਲ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਡਾ: ਗੁਰਮਿੰਦਰ ਸਿੰਘ ਸਿਵਲ ਸਰਜਨ ਫਿਰੋਜਪੁਰ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ।
ਡਾ: ਗੁਰਮਿੰਦਰ ਸਿੰਘ ਸਿਵਲ ਸਰਜਨ ਨੇ ਆਏ ਹੋਏ ਮਹਿਮਾਨਾਂ ਅਤੇ ਸਕੂਲ ਦੇ ਬੱਚਿਆ ਨੂੰ ਵਿਸ਼ਵ ਮਲੇਰੀਆ ਦਿਵਸ ਦਾ ਥੀਮ ''ਚੰਗੀ ਸਿਹਤ ਲਈ ਮਲੇਰੀਆ ਦਾ ਖ਼ਾਤਮਾ'' ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਠੰਢ ਅਤੇ ਕਾਂਬੇ ਨਾਲ ਬੁਖ਼ਾਰ ਹੋਣਾ , ਤੇਜ਼ ਬੁਖ਼ਾਰ, ਉਲਟੀਆਂ, ਸਿਰ ਦਰਦ ਹੋਣਾ, ਬੁਖ਼ਾਰ ਉੱਤਰਨ ਤੋ ਬਾਅਦ ਕਮਜ਼ੋਰੀ ਮਹਿਸੂਸ ਹੋਣੀ ਅਤੇ ਪਸੀਨਾ ਆਉਣਾ ਮਲੇਰੀਆ ਦੇ ਲੱਛਣ ਹਨ ਅਤੇ ਮਲੇਰੀਆ ਬੁਖ਼ਾਰ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ। । ਉਨ੍ਹਾਂ ਕਿਹਾ ਕਿ ਮਲੇਰੀਆ ਜਿਹੀ ਭਿਆਨਕ ਬਿਮਾਰੀ ਤੋ ਬਚਣ ਲਈ ਸਾਨੂੰ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਆਪਣੇ ਘਰਾਂ ਦੇ ਆਲ਼ੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਛੱਪੜਾਂ ਵਿੱਚ ਖੜੇ ਪਾਣੀ ਵਿੱਚ ਹਫ਼ਤੇ ਵਿੱਚ ਇੱਕ ਵਾਰ ਕਾਲੇ ਤੇਲ ਦਾ ਛਿੜਕਾਓ ਕੀਤਾ ਜਾਵੇ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤੋ ਇਲਾਵਾ ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਮਰੀਜ਼ ਨੂੰ ਉਪਰੋਕਤ ਲੱਛਣ ਹੁੰਦੇ ਹਨ ਤਾਂ ਉਹ ਤੁਰੰਤ ਆਪਣਾ ਮੈਡੀਕਲ ਟੈਸਟ ਅਤੇ ਇਲਾਜ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਉਣ ਜੋ ਕਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਮਲੇਰੀਆਂ ਅਤੇ ਡੇਂਗੂ ਦੀ ਰੋਕਥਾਮ ਲਈ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਜਾ ਰਹੀਆਂ ਹਨ। ਇਹ ਮੱਛੀਆਂ ਜਿੱਥੇ ਮੱਛਰ ਦੇ ਲਾਰਵੇ ਨੂੰ ਖ਼ਤਮ ਕਰਦੀਆਂ ਹਨ, ਉੱਥੇ ਹੀ ਇਨ੍ਹਾਂ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ।
ਇਸ ਮੌਕੇ ਡਾ: ਮੀਨਾਕਸ਼ੀ ਢੀਂਗਰਾ ਜ਼ਿਲ੍ਹਾ ਐਪੀਡਮਾਲੋਜਿਸ਼ਟ ਨੇ ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸ਼ੁੱਕਰਵਾਰ ਨੂੰ ''ਡਰਾਈ ਡੇ'' ਵਜੋਂ ਮਨਾਉਣ ਬਾਰੇ ਕਿਹਾ ਕਿ ਹਰ ਹਫ਼ਤੇ ਦੇ ਸ਼ੁੱਕਰਵਾਰ ਨੂੰ ਆਪਣੇ ਘਰਾਂ, ਦਫ਼ਤਰਾਂ, ਦੁਕਾਨਾਂ, ਅਤੇ ਹੋਟਲਾਂ ਵਿੱਚ ਲੱਗੇ ਫ਼ਰਿਜ ਅਤੇ ਕੂਲਰਾਂ ਨੂੰ ਸੁਕਾ ਕੇ ਸਾਫ਼ ਕੀਤਾ ਜਾਵੇ। ਇਸ ਸਮਾਗਮ ਦੌਰਾਨ ਬੱਚਿਆ ਦੇ ਵਿਸ਼ਵ ਮਲੇਰੀਆ ਦਿਵਸ ਸਬੰਧੀ ਡਰਾਇੰਗ ਅਤੇ ਭਾਸ਼ਣ ਮੁਕਾਬਲੇ ਆਦਿ ਵੀ ਕਰਵਾਏ ਗਏ। ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਏ ਬੱਚਿਆ ਨੂੰ ਇਨਾਮ ਵੰਡੇ ਗਏ ਅਤੇ ਸਿਹਤ ਵਿਭਾਗ ਵੱਲੋਂ ਵਧੀਆ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਮਨਿੰਦਰ ਕੋਰ ਮਾਸ ਮੀਡੀਆ ਅਫ਼ਸਰ, ਸਤਪਾਲ ਸਿੰਘ ਏ.ਯੂ.ੳ, ਨਰਿੰਦਰ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਇੰਚਾਰਜ ਜਗਦੀਪਪਾਲ ਸਿੰਘ ਲੈਕਚਰਾਰ-ਕਮ-ਪ੍ਰੋਗਰਾਮ ਅਫ਼ਸਰ, ਸ਼ੈਲੀ ਬਜਾਜ, ਰਵੀ ਕਾਂਤਾ ਡਰਾਇੰਗ ਟੀਚਰ, ਵਿਕਾਸ ਕਾਲੜਾ, ਗੁਰਵਿੰਦਰ ਸਿੰਘ ਮਾਇਕਰੋਬਾਇਓਲੋਜ਼ਿਟ, ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ ਤੋਂ ਇਲਾਵਾ ਆਦਿ ਵੀ ਹਾਜ਼ਰ ਸਨ।