ਫਿਰੋਜਪੁਰ ਸ਼ਹਿਰ ਵਿਖੇ ਲਗਾਏ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦੌਰਾਨ ਦੁੱਧ ਦੀ ਜਾਂਚ ਕਰਦੇ ਬੀਰਪ੍ਰਤਾਪ ਸਿੰਘ ਗਿੱਲ ਤੇ ਹੋਰ।
ਫ਼ਿਰੋਜ਼ਪੁਰ, 24 ਅਪ੍ਰੈਲ, 2017 (ਗੁਰਿੰਦਰ ਸਿੰਘ) : ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਪਰਖ ਸਬੰਧੀ ਜਾਗਰੂਕ ਕਰਨ ਲਈ ਪੂਰੇ ਰਾਜ ਦੇ ਸ਼ਹਿਰਾਂ, ਕਸਬਿਆਂ ਵਿਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਤਾਂ ਜੋ ਲੋਕਾਂ ਨੂੰ ਅਸਲੀ ਤੇ ਮਿਲਾਵਟੀ ਦੁੱਧ ਦਾ ਪਤਾ ਲੱਗ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਕੁਮਾਰ ਹਾਂਡਾ ਨੇ ਦੱਸਿਆ ਕਿ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਇੰਦਰਜੀਤ ਸਿੰਘ ਸਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਪੰਜਾਬ ਦੇ ਦੁੱਧ ਖਪਤਕਾਰਾਂ ਨੂੰ ਸਾਫ਼ ਸੁਥਰਾ ਦੁੱਧ ਅਤੇ ਦੁੱਧ ਦੀ ਗੁਣਵੱਤਾ ਦੱਸਣ ਲਈ ਵੱਡੇ ਪੱਧਰ ਤੇ ਜਾਗਰੂਕਤਾ ਮੁੰਹਿਮ ਚਲਾਈ ਜਾ ਰਹੀ ਹੈ ।
ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਟੀਮ ਵਿੱਚ ਬੀਰਪ੍ਰਤਾਪ ਸਿੰਘ ਕਾਰਜਕਾਰੀ ਅਫ਼ਸਰ, ਪੀ.ਡੀ.ਡੀ.ਬੀ. ਫਿਰੋਜਪੁਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਾਰਡ ਨੰ: 3 ਨੇੜੇ ਮੋਦੀ ਮਿੱਲ ਕੰਪਲੈਕਸ ਫਿਰੋਜਪੁਰ ਸ਼ਹਿਰ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ । ਜਿਸ ਦਾ ਉਦਘਾਟਨ ਸੀਨੀਅਰ ਸਿਟੀਜ਼ਨ ਰਜੇਸ਼ ਗਰੋਵਰ ਕੇ ਕੀਤਾ ਅਤੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਕੈਂਪ ਦੌਰਾਨ 29 ਦੁੱਧ ਦੇ ਸੈਂਪਲ ਵਿਭਾਗ ਦੀ ਮੋਬਾਇਲ ਲੈਬਾਰਟਰੀ ਵੈਨ ਵਿੱਚ ਫੈਂਟ, ਐਸ.ਐਨ.ਐਫ, ਪ੍ਰੋਟੀਨ, ਘਣਤਾ ਚੈੱਕ ਕਰਨ ਦੇ ਨਾਲ-ਨਾਲ ਹਾਨੀਕਾਰਕ ਰਸਾਇਣਿਕ ਤੱਤ ਵੀ ਚੈੱਕ ਕੀਤੇ ਗਏ। 15 ਦੁੱਧ ਦੇ ਸੈਂਪਲਾਂ ਵਿੱਚ ਮਿਲਾਵਟ ਕੀਤੇ ਵਾਧੂ ਪਾਣੀ ਦੀ ਮਾਤਰਾ ਪਾਈ ਗਈ । ਰਸਾਇਣਿਕ ਤੱਤ ਜਿਵੇਂ ਯੂਰੀਆ, ਕਾਸਟਿਕ ਸੋਡਾ, ਫਾਰਮਲਿਨ ਆਦਿ ਵੀ ਚੈੱਕ ਕੀਤੇ ਜੋ ਸਹੀ ਪਾਏ ਗਏ । ਵਧੇਰੇ ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ । ਵਿਭਾਗ ਵੱਲੋਂ ਦੁੱਧ ਵਰਤ ਰਹੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਸਾਫ਼ ਸੁਥਰਾ ਦੁੱਧ ਹੀ ਇਸਤੇਮਾਲ ਕੀਤਾ ਜਾਵੇ। ਇਸ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡੇਅਰੀ ਵਿਕਾਸ ਇੰਸਪੈਕਟਰ ਕੁਲਦੀਪ ਸਿੰਘ ਨੇ ਵਿਸਾਲ ਕੁਮਾਰ ਦੇ ਯੋਗਦਾਨ ਨਾਲ ਕੈਂਪ ਦਾ ਆਯੋਜਨ ਕੀਤਾ ਤੇ ਲੈਬਾਰਟਰੀ ਵੈਨ ਇੰਚਾਰਜ ਜਸਵਿੰਦਰ ਸਿੰਘ ਨੇ ਸਮੁੱਚੇ ਕੈਂਪ ਵਿੱਚ ਦੁੱਧ ਦੇ ਸੈਂਪਲ ਚੈੱਕ ਕੀਤੇ । ਕੈਂਪ ਵਿੱਚ ਵੱਡੀ ਮਾਤਰਾ ਵਿੱਚ ਇਲਾਕੇ ਦੇ ਲੋਕਾਂ ਨੇ ਭਾਗ ਲਿਆ, ਜਿਸ ਵਿੱਚ ਖ਼ਾਸ ਤੌਰ ਤੇ ਡਾ: ਰਮੇਸ਼ ਖੁਰਾਣਾ, ਅਭੇ ਮਹਾਜਨ, ਸਵੀਤਾ ਰਾਣੀ, ਪੀ.ਕੇ ਸ਼ਰਮਾ ਅਤੇ ਰਿਸਵਾ ਮਹਾਜਨ ਵੀ ਹਾਜ਼ਰ ਸਨ।