ਫ਼ਿਰੋਜ਼ਪੁਰ, 24 ਅਪ੍ਰੈਲ, 2017 (ਗੁਰਿੰਦਰ ਸਿੰਘ) : ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਮਲੇਰੀਆ/ਡੇਂਗੂ ਦੇ ਸੀਜ਼ਨ ਨੂੰ ਦੇਖਦੇ ਹੋਏ ਜਿੱਥੇ ਸਿਹਤ ਵਿਭਾਗ ਆਪਣੇ ਪੱਧਰ ਤੇ ਕੰਮ ਕਰ ਰਿਹਾ ਹੈ ਉੱਥੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਨਗਰ ਕੌਂਸਲ ਫ਼ਿਰੋਜ਼ਪੁਰ ਵੀ ਜੰਗੀ ਪੱਧਰ ਤੇ ਤਿਆਰੀ ਕਰ ਰਹੀ ਹੈ। ਨਗਰ ਕੌਂਸਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਆਪਣੇ ਸਪੈਸ਼ਲ ਸਿਟੀ ਸੈਨੀਟੇਸ਼ਨ ਪਲਾਨ ਅਨੁਸਾਰ ਆਪਣੇ ਰੋਜ਼ਾਨਾ ਦੀ ਸਾਫ਼ ਸਫ਼ਾਈ ਤੋਂ ਇਲਾਵਾ ਉਨ੍ਹਾਂ ਇਲਾਕਿਆਂ ਨੂੰ ਖ਼ਾਸ ਤੌਰ ਤੇ ਸਾਫ਼ ਕੀਤਾ ਜਾਂਦਾ ਹੈ, ਜਿੱਥੇ ਇਨ੍ਹਾਂ ਬਿਮਾਰੀਆਂ ਦੇ ਪਿਛਲੇ ਸਾਲ ਜ਼ਿਆਦਾ ਕੇਸ ਆਏ ਸਨ। ਦਾਅਵਾ ਅਨੁਸਾਰ ਨਗਰ ਕੌਂਸਲ ਵੱਲੋਂ ਆਪਣੇ ਸ਼ਡਿਊਲ ਅਨੁਸਾਰ ਵਾਰਡ ਵਾਈਜ਼ ਲੋਕਾਂ ਨੂੰ ਇਸ਼ਤਿਹਾਰ ਆਦਿ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਵਾਰਡ ਪੱਧਰ ਤੇ ਖ਼ਾਸ ਤੌਰ ਤੇ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਵਾਰਡ ਵਾਈਜ਼ ਫੌਗਿੰਗ/ਸਪਰੇਅ ਵੀ ਸ਼ਡਿਊਲ ਅਨੁਸਾਰ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਕਾਰਜ ਸਾਧਕ ਅਫ਼ਸਰ ਰਾਜਿੰਦਰ ਕਾਲੜਾ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਤੇ ਪਲਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਸ-ਪਾਸ ਦੀ ਸਫ਼ਾਈ ਰੱਖੋ, ਕੂੜੇ ਕਰਕਟ ਨੂੰ ਇਕੱਠਾ ਨਾ ਹੋਣ ਦਿਓ, ਪਾਣੀ ਨੂੰ ਖੜੇ ਨਾ ਹੋਣ ਦਿਓ, ਆਪਣੇ ਘਰਾਂ ਦੇ ਗਮਲੇ, ਹਵਾ ਵਾਲੇ ਕੂਲਰ ਅਤੇ ਫ਼ਰਿਜ ਦੀਆ ਟਰੇਆਂ ਨੂੰ ਸਾਫ਼ ਰੱਖੋ। ਜੇਕਰ ਲੋਕ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕ ਹੋਣਗੇ ਤਾਂ ਹੀ ਇਨ੍ਹਾਂ ਬਿਮਾਰੀਆਂ ਤੇ ਕਾਬੂ ਪਾਉਣਾ ਆਸਾਨ ਹੋ ਸਕਦਾ ਹੈ। ਕਾਰਜ ਸਾਧਕ ਅਫ਼ਸਰ ਸ੍ਰੀ ਕਾਲੜਾ ਨੇ ਦੱਸਿਆ ਕਿ ਨਗਰ ਕੌਂਸਲ ਆਪਣੇ ਪੱਧਰ ਤੇ ਆਉਂਦੀ ਹਰ ਜ਼ਿੰਮੇਵਾਰੀ ਨੂੰ ਮਿਹਨਤ ਤੇ ਲਗਨ ਨਾਲ ਨਿਭਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਜਿੰਨਾ ਸਥਾਨਾਂ ਤੋ ਡੇਂਗੂ ਦਾ ਲਾਰਵਾ ਮਿਲਿਆ ਸੀ ਉੱਥੇ ਹੁਣ ਤੱਕ ਇਸ ਸੀਜ਼ਨ ਵਿੱਚ ਨਗਰ ਕੌਂਸਲ ਵੱਲੋਂ ਧਾਰਾ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ ਦੋ ਚਲਾਨ ਕੀਤੇ ਜਾ ਚੁੱਕੇ ਹਨ ਅਤੇ ਇਸ ਧਾਰਾ ਅਧੀਨ 500 ਤੋ 11000 ਰੁਪਏ ਤੱਕ ਦਾ ਚਲਾਨ ਕੀਤਾ ਜਾ ਸਕਦਾ ਹੈ । ਇਸ ਲਈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।