ਲੁਧਿਆਣਾ, 26 ਮਾਰਚ, 2017 : ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਰੇਤ ਦੀ ਨਜਾਇਜ਼ ਨਿਕਾਸੀ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਨਜਾਇਜ਼ ਰੇਤ ਖਣਨ ਦੀ ਛਾਪੇਮਾਰੀ ਲਈ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਹੁਣ ਤੱਕ ਨਜਾਇਜ਼ ਰੇਤ ਨਿਕਾਸੀ ਦੇ ਮਾਮਲਿਆਂ ਵਿੱਚ 3 ਪਰਚੇ ਦਰਜ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਤ ਮਾਫ਼ੀਆ ਖਿਲਾਫ਼ ਸਖਤ ਕਾਰਵਾਈ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਜ਼ਿਲ੍ਹਾ ਤੇ ਪੁਲੀਸ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਹਦਾਇਤਾਂ ਮੁਤਾਬਕ ਅਧਿਕਾਰਿਤ ਰੇਤ ਖਾਣਾਂ ਨੂੰ ਛੱਡ ਕੇ, ਹੋਰ ਕਿਧਰੋਂ ਲਿਆਂਦੀ ਜਾ ਰਹੀ ਰੇਤ ਦੀ ਪੂਰਣ ਪੜਤਾਲ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਥਾਣਾ ਮੇਹਰਬਾਨ ਵਿੱਚ ਇੱਕ ਟਰੈਕਟਰ ਟਰਾਲੀ ਅਤੇ 3 ਟਿੱਪਰਾਂ ਨੂੰ ਕਾਬੂ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ, ਇਸੇ ਤਰ੍ਹਾਂ ਥਾਣਾ ਮਾਛੀਵਾੜਾ ਵਿੱਚ ਵੀ ਤਿੰਨ ਟਰੈਕਟਰ ਟਰਾਲੀਆਂ ਨੂੰ ਕਾਬੂ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ।
ਉਨ੍ਹਾਂ ਰੇਤ ਅਤੇ ਬਜਰੀ ਦੀ ਢੋਆ-ਢੁਆਈ ਕਰਨ ਵਾਲੇ ਜ਼ਿਲ੍ਹੇ ਵਿੱਚੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਨੂੰ ਵੀ ਖਬਰਦਾਰ ਕਰਦਿਆਂ ਆਖਿਆ ਕਿ ਅਧਿਕਾਰੀ ਉਨ੍ਹਾਂ ਵੱਲੋਂ ਲਿਆਂਦੀ ਰੇਤ ਜਾਂ ਬਜ਼ਰੀ ਦੇ ਦਸਤਾਵੇਜ਼ਾਂ ਤੋਂ ਜੇਕਰ ਸੰਤੁਸ਼ਟ ਨਾ ਹੋਏ, ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਰੇਤ ਤੇ ਬਜਰੀ ਦੀ ਢੋਆ-ਢੁਆਈ ਕਰਨ ਵਾਲੇ ਆਪਣੇ ਕੋਲ ਮੁਕੰਮਲ ਦਸਤਾਵੇਜ਼ ਰੱਖਣ ਤਾਂ ਜੋ ਚੈਕਿੰਗ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰ ਸਕੇ ਕਿ ਰੇਤ ਜਾਂ ਬਜਰੀ ਨਜਾਇਜ਼ ਖਣਨ ਤੋਂ ਨਹੀਂ ਆਈ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਵਿੱਚ ਸੰਬੰਧਤ ਖੇਤਰਾਂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ, ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਵਿਭਾਗ ਵੱਲੋਂ ਆਪਸੀ ਤਾਲਮੇਲ ਨਾਲ ਦਿਨ-ਰਾਤ ਰੇਤ ਮਾਫ਼ੀਆ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜੇਕਰ ਆਮ ਜਨਤਾ ਨੂੰ ਕਿਸੇ ਵੀ ਥਾਂ ਨਜਾਇਜ਼ ਰੇਤ ਦੀ ਖਾਣ ਬਾਰੇ ਪਤਾ ਚਲਦਾ ਹੈ ਤਾਂ ਉਹ ਤੁਰੰਤ ਹੈਲਪ ਲਾਈਨ ਨੰ. 0161-2400102 'ਤੇ ਸੰਪਰਕ ਕਰਕੇ ਸੂਚਨਾ ਦੇਣ।