ਵੱਖ-ਵੱਖ ਪਿੰਡਾਂ ਵਿੱਚ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਬਾਬੂ ਪ੍ਰਕਾਸ਼ ਚੰਦ ਗਰਗ
ਸੰਗਰੂਰ, 25 ਮਾਰਚ, 2017 : ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਸੰਗਰੂਰ ਤੋਂ ਸ਼੍ਰੋ.ਅ.ਦ. ਦੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਆਲੋਅਰਖ, ਬਖਤੜੀ, ਬਖਤੜਾ, ਬਖੋਪੀਰ, ਦਿਆਲਗੜ੍ਹ, ਜੌਲੀਆਂ, ਫਤਿਹਗੜ੍ਹ ਭਾਦਸੋਂ, ਪੰਨਵਾਂ, ਸੰਗਤਪੁਰਾ, ਬਾਲਦ ਕਲਾਂ, ਬਾਲਦ ਖੁਰਦ, ਥੰਮਣ ਸਿੰਘ ਵਾਲਾ, ਮੱਟਰਾਂ, ਨਦਾਮਪੁਰ, ਹਰਦਿੱਤਪੁਰਾ, ਨਕਟੇ, ਤੂਰੀ, ਮਾਝੀ, ਮਾਝਾ, ਬੀਂਬੜ, ਬੀਂਬੜੀ, ਡੇਹਲੇਵਾਲ, ਭੜੋ, ਸ਼ਾਹਪੁਰ, ਖੇੜੀ ਗਿੱਲਾਂ ਅਤੇ ਕਾਲਾਝਾੜ ਦਾ ਦੌਰਾ ਕਰਕੇ ਵੋਟਰਾਂ ਤੇ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਜੋ ਜਨਤਾ ਵੱਲੋਂ ਫੈਸਲਾ ਲਿਆ ਗਿਆ ਹੈ, ਉਹ ਉਨ੍ਹਾਂ ਨੂੰ ਖਿੜੇ ਮੱਥੇ ਮਨਜੂਰ ਹੈ, ਪਰ ਲੋਕ ਹਿੱਤਾਂ ਲਈ ਪਹਿਰੇਦਾਰ ਉਹ ਨਿਰੰਤਰ ਕਰਦੇ ਰਹਿਣਗੇ।
ਸ਼੍ਰੀ ਗਰਗ ਨੇ ਕਿਹਾ ਕਿ ਉਹ ਪੰਜ ਸਾਲ ਬਤੌਰ ਹਲਕਾ ਇੰਚਾਰਜ਼ ਅਤੇ ਪੰਜ ਸਾਲ ਬਤੌਰ ਐਮ.ਐਲ.ਏ. ਹਲਕੇ ਦੀ ਸੇਵਾ ਕਰ ਚੁੱਕੇ ਹਨ। ਇਸ ਸੇਵਾ ਕਾਲ ਦੌਰਾਨ ਹਲਕੇ ਦੇ ਵਿਕਾਸ ਵਿੱਚ ਸਹਿਯੋਗ ਦੇਣ ਵਾਲੇ ਉਹ ਹਰ ਇੱਕ ਵੋਟਰ ਅਤੇ ਸਪੋਟਰ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਵੀ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਇਆ ਹੈ। ਇਸ ਲਈ ਉਹ ਉਨ੍ਹਾਂ ਦੇ ਭਰੋਸੇ ਨੂੰ ਕਦੇ ਨਹੀਂ ਤੋੜਣਗੇ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜਿਰ ਰਹਿਣਗੇ। ਉਨ੍ਹਾਂ ਕਿਹਾ ਕਿ ਸ਼੍ਰੋ.ਅ.ਦ. ਪੰਜਾਬ ਦੇ ਪਾਣੀਆਂ ਸਬੰਧੀ ਆਪਣੇ ਸਟੈਂਡ ਉੱਪਰ ਅੱਜ ਵੀ ਕਾਇਮ ਹੈ। ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸ਼੍ਰੋ.ਅ.ਦ. ਹਰ ਕੁਰਬਾਨੀ ਲਈ ਤਿਆਰ ਹੈ।
ਉਨ੍ਹਾਂ ਪੰਜਾਬ ਦੀ ਸੱਤਾ 'ਤੇ ਕਾਬਜ ਹੋਈ ਕਾਂਗਰਸ ਪਾਰਟੀ ਨੂੰ ਲੋਕ ਹਿੱਤ ਲਈ ਕੰਮ ਕਰਨ ਦਾ ਮਸ਼ਵਰਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਜੋ ਵਾਅਦੇ ਲੋਕਾਂ ਨਾਲ ਕਰਕੇ ਸੱਤਾ ਵਿੱਚ ਆਈ ਹੈ, ਉਨ੍ਹਾਂ ਨੂੰ ਪੂਰਾ ਕਰਨ ਵੱਲ ਆਪਣਾ ਧਿਆਨ ਲਗਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹਰ ਘਰ ਵਿੱਚ ਨੌਕਰੀ ਅਤੇ ਕਿਸਾਨਾਂ ਦੇ ਕਰਜ ਮੁਆਫੀ ਦੇ ਵਾਅਦੇ ਨੂੰ ਨਿਭਾਵੇ। ਸ਼੍ਰੀ ਗਰਗ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਹਰ ਲੋਕ ਪੱਖੀ ਫੈਸਲੇ ਦਾ ਸਵਾਗਤ ਕਰਨਗੇ ਅਤੇ ਜੇਕਰ ਸਰਕਾਰ ਆਪਣੇ ਵਾਅਦੇ ਨਹੀਂ ਨਿਭਾਵੇਗੀ ਅਤੇ ਕੋਈ ਲੋਕ ਵਿਰੋਧੀ ਫੈਸਲਾ ਲੈਂਦੀ ਹੈ ਤਾਂ ਉਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿਤਪਾਲ ਸਿੰਘ ਕਾਕੜਾ, ਰਵਜਿੰਦਰ ਸਿੰਘ ਕਾਕੜਾ, ਪ੍ਰੇਮ ਚੰਦ ਗਰਗ, ਕੁਲਵੰਤ ਸਿੰਘ ਜੌਲੀਆਂ, ਹੈਪੀ ਰੰਧਾਵਾ, ਵੀਰ ਚੱਕਰ, ਗੁਰਧਿਆਨ ਸਿੰਘ, ਸਰਪੰਚ ਬਿੰਦਰ ਸਿੰਘ, ਸੁਖਚੈਨ ਸਿੰਘ, ਹਨੀ ਸਿੰਘ, ਸਤਨਾਮ ਸਿੰਘ, ਸਰਪੰਚ ਗੁਰਜੀਤ ਸਿੰਘ, ਮੱਖਣ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜਿਰ ਸਨ।