5 ਹੋਰ ਤਸਵੀਰਾਂ ਨੂੰ ਦਿੱਤੇ ਜਾਣਗੇ ਇੱਕ ਹਜਾਰ ਰੁਪਏ ਦੇ ਹੌਂਸਲਾ ਅਫਜਾਊ ਇਨਾਮ
ਫ਼ਤਹਿਗੜ੍ਹ ਸਾਹਿਬ, 16 ਫ਼ਰਵਰੀ, 2017 : ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਹਾਲ ਵਿੱਚ ਹੀ ਹੋਏ ਮਤਦਾਨ ਸਬੰਧੀ ਆਮ ਜਨਤਾ ਜਾਂ ਚੋਣ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਗਰੂਕ ਜਾਂ ਉਤਸ਼ਾਹਿਤ ਕਰਨ, ਚੋਣ ਪ੍ਰਕਿਰਿਆ ਨੂੰ ਦਰਸਾਉਣ ਵਾਲੀਆਂ ਸਰਵੋਤਮ ਤਸਵੀਰਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਫੋਟੋਗ੍ਰਾਫ ਕਿਸੇ ਵੀ ਨਾਗਰਿਕ ਵੱਲੋਂ ਮੁੱਖ ਚੋਣ ਅਫਸਰ ਦੇ ਦਫ਼ਤਰ ਵਿਖੇ ਭੇਜੇ ਜਾ ਸਕਦੇ ਹਨ ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਹ ਤਸਵੀਰਾਂ ਕੋਈ ਵੀ ਨਾਗਰਿਕ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ, ਐਸ.ਸੀ.ਓ. 29-32, ਸੈਕਟਰ 17-ਈ, ਚੰਡੀਗੜ੍ਹ ਵਿਖੇ ਹਾਰਡ ਕਾਪੀ ਦੇ ਰੂਪ ਵਿੱਚ ਅਤੇ ਨਾਲ ਹੀ ਸਾਫ਼ਟ ਕਾਪੀ ਦੇ ਰੂਪ ਵਿੱਚ ਈ. ਮੇਲ ਆਈ.ਡੀ. sveeppunjabelections2017@gmail.com 'ਤੇ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਤਸਵੀਰ 'ਹਾਈ ਰੈਜ਼ੋਲਿਊਸ਼ਨ (ਘੱਟ ਤੋਂ ਘੱਟ 300 ਡੀ.ਪੀ.ਆਈ.)' ਦੀ ਹੋਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਫੋਟੋਆਂ 6 ਮਾਰਚ ਨੂੰ ਸ਼ਾਮ 5 ਵਜੇ ਤੱਕ ਮੁੱਖ ਚੋਣ ਅਫਸਰ ਪੰਜਾਬ ਦੇ ਦਫ਼ਤਰ ਵਿਖੇ ਪਹੁੰਚਣੀਆਂ ਚਾਹੀਦੀਆਂ ਹਨ ਅਤੇ ਹਰੇਕ ਫੋਟੋ 'ਤੇ ਅੰਗਰੇਜੀ ਭਾਸ਼ਾ ਵਿੱਚ ਕੈਪਸ਼ਨ ਲਿਖਣੀ ਹੋਵੇਗੀ ਕਿ ਫੋਟੋ ਕੀ ਦਰਸਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵੱਲੋਂ ਇਨ੍ਹਾਂ ਤਸਵੀਰਾਂ ਵਿੱਚੋਂ ਇੱਕ-ਇੱਕ ਸਰਵੋਤਮ ਤਸਵੀਰ ਨੂੰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਐਲਾਨ ਕੇ, ਕਰਮਵਾਰ 10 ਹਜ਼ਾਰ, 5 ਹਜ਼ਾਰ ਅਤੇ 3 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 5 ਹੋਰ ਬੇਹਤਰੀਨ ਪਾਈਆਂ ਜਾਣ ਵਾਲੀਆਂ ਤਸਵੀਰਾਂ ਨੂੰ ਹੌਂਸਲਾ ਅਫ਼ਜਾਈ ਵਜੋਂ ਇੱਕ-ਇੱਕ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।