ਸ਼ਹੀਦ ਉਧਮ ਸਿੰਘ ਸਕੂਲ ਗੋਲੂ ਕਾ ਵਿਖੇ, ਵਿਦਿਆਰਥੀਆਂ ਨੂੰ ਐਲਬੈਡਾਜੋਲ ਦਿੰਦੇ ਸਕੂਲ ਪ੍ਰਬੰਧਕ।
ਗੁਰੂਹਰਸਹਾਏ/ਫਿਰੋਜਪੁਰ, 15 ਫਰਵਰੀ 2017 : ਰਾਸ਼ਟਰੀ ਡੀਵਰਮਿੰਗ ਦਿਵਸ ਦੇ ਸਬੰਧ ਵਿੱਚ ਅੱਜ ਗੁਰੂਹਰਸਹਾਏ ਖੇਤਰ ਦੇ ਸਰਕਾਰੀ ਅਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆ ਨੂੰ ਐਲਬੈਡਾਂਜੋਲ ਦੀਆਂ ਗੋਲੀਆਂ ਦਿੱਤੀਆਂ ਗਈਆਂ। ਸ਼ਹੀਦ ਉਧਮ ਸਿੰਘ ਪਬਲਿਕ ਸਕੂਲ ਗੋਲੂ ਕਾ ਮੋੜ ਵਿਖੇ ਵਿਦਿਆਰਥੀਆਂ ਨੂੰ ਗੋਲੀਆਂ ਦੇਣ ਤੋ ਪਹਿਲਾਂ ਸਕੂਲ ਪ੍ਰਿੰਸੀਪਲ ਵਿਜੇ ਕੁਮਾਰ ਨੇ ਦੱਸਿਆ ਕਿ ਇੱਕ ਤੰਦਰੁਸਤ ਮਨੁੱਖ ਅੰਦਰ ਹੀ ਵਧੀਆ ਮਾਨਸਿਕਤਾ ਪੈਦਾ ਹੋ ਸਕਦੀ ਹੈ। ਖੇਤਰ ਦੇ ਸਕੂਲਾਂ ਵਿੱਚ ਪੁੱਜੇ ਸਿਵਲ ਸਰਜਨ ਡਾ: ਗੁਰਮਿੰਦਰ ਸਿੰਘ ਫਿਰੋਜ਼ਪੁਰ ਨੇ ਬੱਚਿਆਂ ਨੂੰ ਨੈਸ਼ਨਲ ਡੀ-ਵਾਰਮਿੰਗ ਡੇ ਬਾਰੇ ਦੱਸਦਿਆਂ ਕਿਹਾ ਕਿ ਇਸ ਦਿਨ ਬੱਚਿਆਂ ਨੂੰ ਐਲਬੈਡਾਜੋਲ ਦੀ ਖੁਰਾਕ ਪੇਟ ਦੇ ਕੀੜੇ ਖਤਮ ਕਰਨ ਲਈ ਦਿੱਤੀ ਜਾਂਦੀ ਹੈ।ਉਹਨਾਂ ਨੇ ਨਾਲ ਇਹ ਵੀ ਦੱਸਿਆਂ ਕਿ ਬੱਚਿਆਂ ਨੂੰ ਇਹ ਗੋਲੀ ਮਿਡ-ਡੇ ਮੀਲ ਕਰਨ ਤੋਂ ਬਾਦ ਦਿੱਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਬੱਚਿਆਂ ਵਲੋਂ ਇਹ ਗੋਲੀ ਚਬਾ ਕੇ ਖਾਈ ਜਾਵੇ ਅਤੇ ਬਾਅਦ ਵਿੱਚ ਪਾਣੀ ਪੀ ਲਿਆ ਜਾਵੇ।ਉਹਨਾਂ ਨੇ ਦੱਸਿਆਂ ਕਿ ਹਰ ਸਾਲ ਨੈਸ਼ਨਲ ਡੀ-ਵਾਰਮਿੰਗ ਡੇ ਇਸ ਲਈ ਮਨਾਇਆ ਜਾਂਦਾ ਹੈ ਤਾਂ ਜ਼ੋ ਬੱਚਿਆਂ ਦੇ ਪੇਟ ਦੇ ਕੀੜੇ ਖਤਮ ਕੀਤੇ ਜਾ ਸਕਣ ਅਤੇ ਬੱਚੇ ਤੰਦਰੁਸਤ ਰਹਿਣ। ਉਨਾਂ ਦੱਸਿਆਂ ਕਿ ਬੱਚਿਆਂ ਨੂੰ ਰੋਟੀ ਖਾਣ ਤੋਂ ਪਹਿਲਾ ਅਤੇ ਪਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ, ਨਾਲ ਹੀ ਸਾਨੂੰ ਫਲ ਅਤੇ ਸਬਜ਼ਿਆਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ।
ਜਿਲ੍ਹਾ ਟੀਕਾਕਰਨ ਅਫਸਰ-ਕਮ-ਨੋਡਲ ਅਫਸਰ ਆਰ.ਬੀ.ਐਸ.ਕੇ. ਡਾ ਵਨੀਤਾ ਭੁੱਲਰ ਨੇ ਦੱਸਿਆਂ ਕਿ ਸਾਨੂੰ ਆਪਣੇ ਨੂੰਹ ਹਮੇਸ਼ਾ ਕੱਟ ਕੇ ਰਖਣੇ ਚਾਹੀਦੇ ਹਨ ਤਾਂ ਜ਼ੋ ਹੱਥਾਂ ਤੋ ਕੀਟਾਣੂ ਮੂੰਹ ਦੇ ਰਾਹੀ ਪੇਟ ਵਿੱਚ ਨਾ ਪਹੁੰਚ ਸਕਣ। ਜਿਲ੍ਹਾ ਮਾਸ ਮੀਡੀਆ ਅਫਸਰ ਮਨਿੰਦਰ ਕੌਰ ਨੇ ਨੈਸ਼ਨਲ ਡੀ-ਵਾਰਮਿੰਗ ਡੇ ਅਧੀਨ ਕਵਰ ਕੀਤੇ ਜਾਣ ਵਾਲੇ ਬੱਚਿਆਂ ਦਾ ਟੀਚਾ ਦੱਸਦਿਆਂ ਕਿਹਾ ਕਿ 907 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ 91024 ਬੱਚੇ, 252 ਪ੍ਰਾਈਵੇਟ ਸਕੂਲਾਂ ਦੇ 99760 ਬੱਚੇ ਅਤੇ 1139 ਆਗਨਵਾੜੀ ਸੈਂਟਰਾਂ ਦੇ 85350 ਬੱਚੇ ਕਵਰ ਕੀਤੇ ਜਾਣਗੇ।ਇਸਦੇ ਨਾਲ ਹੀ ਉਹ ਬੱਚੇ ਜ਼ੋ ਨਾ ਸਕੂਲਾ ਵਿੱਚ ਪੜ੍ਹਦੇ ਹਨ ਅਤੇ ਨਾ ਹੀ ਆਗਣਵਾੜੀ ਸੈਂਟਰਾਂ ਵਿੱਚ ਰਜਿਸਟਰਡ ਹਨ ਉਹਨਾਂ ਨੂੰ ਵੀ ਕਵਰ ਕੀਤਾ ਜਾਵੇਗਾ। ਇਸ ਸਮੇ ਡਾ. ਤੂਸ਼ਟੀ ਜਿਲ੍ਹਾ ਸਕੂਲ ਹੈਲਥ ਮੈਡੀਕਲ ਅਫਸਰ ਵਲੋ ਦੱਸਿਆ ਗਿਆ ਕਿ ਅਗਰ ਕਿਸੇ ਕਾਰਨ ਅੱਜ ਮਿਤੀ:15.02.2017 ਨੂੰ ਕੋਈ ਬੱਚਾ ਐਲਬੈਡਾਜੋਲ ਦੀ ਖੁਰਾਕ ਨਾ ਖਾ ਸਕੇ ਤਾਂ ਉਸਨੂੰ ਇਹ ਖੁਰਾਕ 20 ਫਰਵਰੀ 2017 ਨੂੰ ਖੁਆਈ ਜਾਵੇਗੀ। ਇਸ ਮੌਕੇ ਸਕੂਲ ਪ੍ਰਬੰਧਕ ਬਲਦੇਵ ਥਿੰਦ, ਗੁਰਦੀਪ ਚੰਦ ਅਤੇ ਸਕੂਲ ਅਧਿਆਪਕ ਵੀ ਹਾਜ਼ਰ ਸਨ।