ਸ਼ਰਮਾ ਵੱਡੇ ਫਰਕ ਨਾਲ ਕਰਨਗੇ ਜਿੱਤ ਹਾਸਲ: ਮਨਜੀਤ ਮਲਕਪੁਰ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਮਈ 2024: ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਮਲਕਪੁਰ ਨੇ ਲੋਕ ਸਭਾ ਹਲਕਾ ਪਟਿਆਲਾ ਵਿੱਚ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਸਰਕਲ ਪੱਧਰ ਤੱਕ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਸਮਰਥਨ ਵਿੱਚ ਹੋਈਆਂ ਯੂਥ ਮੀਟਿੰਗਾਂ ਉਪਰੰਤ ਨੌਜਵਾਨਾਂ ਦੇ ਉਤਸ਼ਾਹ ਤੇ ਮਿਲੇ ਸਹਿਯੋਗ ਨੂੰ ਵੇਖਦਿਆਂ ਦਾਅਵਾ ਕੀਤਾ ਹੈ ਕਿ ਪਟਿਆਲਾ ਸੀਟ ਤੋਂ ਸ੍ਰੀ ਸ਼ਰਮਾ ਦਾ ਜਿੱਤਨਾ ਯਕੀਨੀ ਹੈ। ਯੂਥ ਆਗੂ ਨੇ ਦਾਅਵਾ ਕੀਤਾ ਕਿ ਡੇਰਾਬਸੀ ਤੋਂ ਜਿੱਥੇ ਸ੍ਰੀ ਸ਼ਰਮਾ ਨੂੰ ਰਿਕਾਰਡ ਜੇਤੂ ਲੀਡ ਮਿਲੇਗੀ, ਉੱਥੇ ਗੁਆਂਢੀ ਹਲਕਾ ਰਾਜਪੁਰਾ ਅਤੇ ਘਨੌਰ ਤੋਂ ਇਲਾਕਾਈ ਸਾਂਝ ਕਰਕੇ ਸ੍ਰੀ ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ । ਉਨ੍ਹਾਂ ਕਿਹਾ ਕਿ ਸਨੌਰ, ਸਮਾਣਾ, ਸ਼ੁਤਰਾਣਾ ਅਤੇ ਨਾਭਾ ਹਲਕਿਆਂ ਤੋਂ ਵੋਟਰ ਸ੍ਰੀ ਸ਼ਰਮਾ ਵੱਲੋਂ ਜ਼ੀਰਕਪੁਰ ਨੂੰ ਵੱਡੇ ਸ਼ਹਿਰ ਵੱਜੋਂ ਵਿਕਸਤ ਕਰਕੇ ਦੁਨੀਆ ਦੇ ਨਕਸ਼ੇ ਉੱਤੇ ਲਿਆਉਣ ਲਈ ਅਤੇ ਇਮਾਨਦਾਰ ਆਗੂ ਦੀ ਬਣੀ ਛਵੀ ਤੋਂ ਬਹੁਤ ਪ੍ਰਭਾਵਿਤ ਹਨ, ਜਿਸ ਕਰਕੇ ਇਨ੍ਹਾਂ ਹਲਕਿਆਂ ਦੇ ਵੋਟਰ ਵੀ ਸ੍ਰੀ ਸ਼ਰਮਾ ਨੂੰ ਜੇਤੂ ਫ਼ਤਵਾ ਦੇਣ ਦਾ ਮਨ ਬਣਾ ਚੁੱਕੇ ਹਨ । ਸ. ਮਲਕਪੁਰ ਅਨੁਸਾਰ ਬਾਕੀ ਤਿੰਨੋਂ ਉਮੀਦਵਾਰ ਡਾ.ਧਰਮਵੀਰ ਗਾਂਧੀ, ਪ੍ਰਨੀਤ ਕੌਰ, ਡਾ. ਬਲਬੀਰ ਸਿੰਘ ਪਟਿਆਲਾ ਦੇ ਰਹਿਣ ਵਾਲੇ ਹਨ ਜਿੱਥੇ ਇਨ੍ਹਾਂ ਤਿੰਨਾਂ 'ਚ ਵੋਟਾਂ ਵੰਡੀਆਂ ਜਾਣਗੀਆਂ ,ਪਰ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਸ੍ਰੀ ਸ਼ਰਮਾ ਨੂੰ ਇੱਕ ਥਾਂ ਪੈਣ ਕਰਕੇ ਪਟਿਆਲਾ ਸ਼ਹਿਰੀ ਖੇਤਰਾਂ ਵਾਲੇ ਹਲਕਿਆਂ ਵਿੱਚੋਂ ਵੀ ਲੀਡ ਮਿਲਣਾ ਯਕੀਨੀ ਕਰ ਦਵੇਗੀ। ਸ. ਮਲਕਪੁਰ ਨੇ ਕਿਹਾ ਕਿ ਆਪ, ਕਾਂਗਰਸ ਅਤੇ ਬੀਜੇਪੀ ਦੇ ਉਮੀਦਵਾਰਾਂ ਦੀ ਵੋਟਰਾਂ ਵਿੱਚ ਵੱਖ ਵੱਖ ਮੁੱਦਿਆਂ 'ਤੇ ਵਿਰੋਧਤਾ ਹੈ ਪਰ ਸ੍ਰੀ ਸ਼ਰਮਾ ਨਾਲ ਇੱਕ ਇਮਾਨਦਾਰ ਆਗੂ ਹੋਣ ਕਰਕੇ ਲੋਕ ਜੁੜ ਰਹੇ ਹਨ ।