ਭਾਜਪਾ ਦਾ ਪੰਜਾਬ 'ਚ ਕੋਈ ਰਸੂਖ ਨਹੀਂ :ਧਰਮਿੰਦਰ ਸ਼ਰਮਾ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਮਈ 2024: ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਦੇ ਭਰਾ ਧਰਮਿੰਦਰ ਸ਼ਰਮਾ ਨੇ ਲਾਲੜੂ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਐਨਕੇ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ ਢਾਈ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਹੈ, ਪਰ ਹਾਲ ਤੱਕ ਵਿਕਾਸ ਦੇ ਨਾਂਅ ਉੱਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਈ ਇੱਟ ਤੱਕ ਨਹੀਂ ਲਾਈ। ਉਨ੍ਹਾਂ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਹਲਕੇ ਦੇ ਲੋਕ ਐਨਕੇ ਸ਼ਰਮਾ ਨੂੰ ਵਿਕਾਸ ਦੇ ਨਾਂਅ ਉੱਤੇ ਯਾਦ ਕਰ ਰਹੇ ਹਨ।ਪ੍ਰਦੂਸ਼ਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਂਦਿਆਂ ਹੀ ਹਲਕੇ ਵਿੱਚੋਂ ਪ੍ਰਦੂਸ਼ਣ ਖਤਮ ਕਰਨ ਦੇ ਦਾਅਵੇ ਕਰਦਿਆਂ ਛਾਪੇਮਾਰੀ ਜ਼ਰੂਰ ਕੀਤੀ, ਪਰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਰਿਪੋਰਟ ਜਨਤਕ ਨਹੀਂ ਹੋਈ ਤੇ ਨਾ ਹੀ ਹਲਕੇ ਵਿੱਚ ਪ੍ਰਦੂਸ਼ਣ ਹੀ ਰੁਕਿਆ।ਉਨ੍ਹਾਂ ਕਿਹਾ ਕਿ ਹਲਕੇ ਵਿੱਚ ਜਿੱਥੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਅਕਾਲੀ ਦਲ ਵਿੱਚ ਆ ਰਹੇ ਹਨ, ਉਥੇ ਹੀ ਭਾਜਪਾ ਦਾ ਹਾਲੇ ਪੰਜਾਬ ਵਿੱਚ ਕੋਈ ਰਸੂਖ ਹੀ ਨਹੀਂ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੁੱਲੂ ਸਿੰਘ ਰਾਣਾ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ, ਐਡਵੋਕੇਟ ਰਾਜੇਸ਼ ਰਾਣਾ, ਯੂਥ ਪ੍ਰਧਾਨ ਤਰਨਬੀਰ ਸਿੰਘ ਪੂਨੀਆ, ਸੀਸਪਾਲ ਰਾਣਾ ਤੇ ਮਨਪ੍ਰੀਤ ਸਿੰਘ ਵਿਰਕ ਆਦਿ ਵੀ ਹਾਜ਼ਰ ਸਨ।