ਭਾਰਤ-ਪਾਕਿ ਸਰਹੱਦ ਨੇੜੇ ਖੇਤਾਂ 'ਚੋਂ ਮਿਲਿਆ ਹੈਰੋਇਨ ਦਾ ਪੈਕੇਟ
ਰੋਹਿਤ ਗੁਪਤਾ
ਗੁਰਦਾਸਪੁਰ 10 ਮਈ 2024 - ਬੀਐਸਐਫ ਜਵਾਨਾਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਖੇਤਾਂ ਵਿੱਚੋਂ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੈਕਟ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਦੇਸ਼ ਵਿਰੋਧੀ ਤਾਕਤਾਂ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਭਾਰਤੀ ਸਰਹੱਦ ਵੱਲ ਭੇਜਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਮੁਸਤੈਦੀ ਨਾਲ ਇਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਇੱਕ ਕਿਸਾਨ ਨੂੰ ਖੇਤਾਂ ਵਿੱਚ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ । ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਬੀਐਸਐਫ ਦੀ 27 ਬਟਾਲੀਅਨ ਦੇ ਬੀਓਪੀ ਰੋਸਾ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਦੇ ਅਧਿਕਾਰੀ ਅਤੇ ਜਵਾਨ ਮੌਕੇ 'ਤੇ ਪਹੁੰਚ ਗਏ। ਜਿਸ ਨੇ ਦੇਖਿਆ ਕਿ ਕਣਕ ਦੇ ਖੇਤ ਵਿੱਚ ਇੱਕ ਪੀਲਾ ਪੈਕਟ ਪਿਆ ਸੀ। ਜਿੱਥੋਂ ਹੈਰੋਇਨ ਦਾ ਪੈਕਟ ਕਬਜ਼ੇ ਵਿਚ ਲੈ ਲਿਆ ਗਿਆ। ਬਰਾਮਦਗੀ ਸਬੰਧੀ ਥਾਣਾ ਕਲਾਨੌਰ ਦੇ ਐਸ.ਐਚ.ਓ. ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਕਲਾਨੌਰ ਥਾਣੇ ਦੇ ਐਸਐਚਓ ਆਈਪੀਐਸ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪੈਕਟ ਦੇਖ ਕੇ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਡਰੋਨ ਰਾਹੀ ਕੁਝ ਸਮਾਂ ਪਹਿਲਾਂ ਇੱਥੇ ਸੁੱਟਿਆ ਗਿਆ ਸੀ ਕਿਉਂਕਿ ਇਹ ਕਾਫੀ ਦਿਨ ਪੁਰਾਣਾ ਲੱਗਦਾ ਹੈ ਅਤੇ ਇਸ ਤੇ ਇੱਕ ਵਾਇਰ ਵੀ ਲੱਗੀ ਹੋਈ ਹੈ। ਬੀ ਐਸ ਐਫ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਇਸ ਦਾ ਵਜਨ 500 ਗ੍ਰਾਮ ਤੋਂ ਜਿਆਦਾ ਹੈ।