ਅਦਾਲਤੀ ਹੁਕਮਾਂ 'ਤੇ ਕੋਲੀ ਮਾਜਰਾ ਦੀ ਜ਼ਮੀਨ ਖੁੱਲ੍ਹੀ ਬੋਲੀ ਰਾਹੀਂ ਵੇਚੀ ਜਾਵੇਗੀ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਮਈ 2024: ਲਾਲੜੂ ਨੇੜਲੇ ਪਿੰਡ ਕੋਲੀ ਮਾਜਰਾ ਵਿਖੇ ਸਥਿਤ 124 ਬਿੱਘਾ, 8 ਵਿਸਵਾ ਰਕਬਾ ਜ਼ਮੀਨ ਨੂੰ 14 ਮਈ 2024 ਨੂੰ ਸਵੇਰੇ 09.30 ਵਜੇ ਤੋਂ ਬਾਅਦ ਆਮ ਬੋਲੀ ਰਾਹੀਂ ਪਿੰਡ ਕੋਲੀ ਮਾਜਰਾ ਵਿਖੇ ਨਿਲਾਮ ਕੀਤਾ ਜਾਵੇਗਾ। ਇਸ ਜ਼ਮੀਨ ਦੀ ਮੇਨ ਰੋਡ ਤੋਂ ਦੂਰੀ 1.75 ਕਿਲੋਮੀਟਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਉਕਤ ਜ਼ਮੀਨ ਜੋ ਕਿ ਲਗਭਗ 25 ਏਕੜ ਹੈ, ਜੋ ਯੋਲਟਨ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਦੇ ਨਾਮ 'ਤੇ ਦਰਜ ਹੈ ਅਤੇ ਇਸ ਜ਼ਮੀਨ ਨੂੰ ਵੇਚਣ ਦਾ ਅਧਿਕਾਰ ਮਾਣਯੋਗ ਜ਼ਿਲਾ ਅਤੇ ਸੈਸਨ ਜੱਜ ਮੋਹਾਲੀ ਦੀ ਅਦਾਲਤ ਦੇ ਹੁਕਮ 03 ਫਰਵਰੀ.2022 ਕੇਸ ਸਿਰਲੇਖ "ਦਾਈਚੀ ਸਾਂਕਿਓ ਕੰਪਨੀ ਲਿਮਟਿਡ ਬਨਾਮ ਮਾਲਵਿੰਦਰ ਮੋਹਨ ਸਿੰਘ ਵਿੱਚ ਪਾਸ ਕੀਤੇ ਗਏ ਸਨ।
ਉਨ੍ਹਾਂ ਦੇ ਹੁਕਮਾਂ ਮੁਤਾਬਿਕ ਖੁੱਲ੍ਹੀ ਬੋਲੀ ਰਾਹੀਂ ਇਹ ਜ਼ਮੀਨ ਵੇਚੀ ਜਾਣੀ ਹੈ ਅਤੇ ਇਸ ਬਾਬਤ ਮੁਨਾਦੀ ਵੀ 23 ਅਪ੍ਰੈਲ 2024 ਨੂੰ ਮਾਣਯੋਗ ਅਦਾਲਤ ਰਾਹੀਂ ਕਰਵਾਈ ਗਈ ਸੀ। ਐਸਡੀਐਮ ਡੇਰਾਬਸੀ ਨੇ ਕਿਹਾ ਹੈ ਕਿ ਉਕਤ ਜ਼ਮੀਨ ਦਾ ਘੱਟੋ ਘੱਟ ਰਾਖਵਾਂ ਰੇਟ 24 ਲੱਖ ਰੁਪਏ ਪ੍ਰਤੀ ਏਕੜ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਉੱਚ ਬੋਲੀ ਲਾਉਣ ਵਾਲੇ ਵਿਅਕਤੀ ਨੂੰ ਲਗਾਈ ਗਈ ਬੋਲੀ ਦੀ 25 ਪ੍ਰਤੀਸ਼ਤ ਰਕਮ, ਉਸੇ ਦਿਨ ਜਮ੍ਹਾਂ ਕਰਵਾਉਣੀ ਪਵੇਗੀ ਅਤੇ ਬਾਕੀ ਦੀ ਬੋਲੀ ਰਕਮ ਮਾਣਯੋਗ ਅਦਾਲਤ ਵਿਖੇ ਮਿਤੀ 29 ਮਈ 2024 ਤੱਕ ਜਮ੍ਹਾਂ ਕਰਵਾਉਣੀ ਹੋਵੇਗੀ। ਬੋਲੀ ਵਿੱਚ ਭਾਗੀਦਾਰ ਵਜੋਂ ਸ਼ਾਮਿਲ ਹੋਣ ਲਈ ਬਿਆਨਾ ਰਕਮ ਦੇ ਤੌਰ ਤੇ 5 ਲੱਖ ਰੁਪਏ ਦੀ ਰਾਸ਼ੀ ਪਹਿਲਾਂ ਚੈੱਕ ਰਾਹੀਂ ਜਮ੍ਹਾਂ ਕਰਵਾਉਣੀ ਹੋਵੇਗੀ।
ਐਸਡੀਐਮ ਡੇਰਾਬੱਸੀ ਵੱਲੋ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਬੋਲੀ ਵਾਲੀ ਜ਼ਮੀਨ ਦੀ ਕਿਸਮ ਖੇਤੀਬਾੜੀ ਯੋਗ ਹੈ ਅਤੇ ਉਕਤ ਜ਼ਮੀਨ ਜਿਵੇਂ ਹੈ ਤਿਵੇਂ, ਆਧਾਰ ਤੇ ਖੁੱਲ੍ਹੀ ਬੋਲੀ ਰਾਹੀਂ ਵੇਚੀ ਜਾਵੇਗੀ ਅਤੇ ਮਾਣਯੋਗ ਅਦਾਲਤ ਵੱਲੋਂ ਕੁੱਲ ਬੋਲੀ ਦੀ ਰਕਮ ਪ੍ਰਾਪਤ ਹੋਣ ਤੋਂ ਬਾਅਦ ਸੇਲ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸਫ਼ਲ ਬੋਲੀਕਾਰ ਨੂੰ ਖਰੀਦਦਾਰ ਘੋਸ਼ਿਤ ਕੀਤਾ ਜਾਵੇਗਾ ਅਤੇ ਉਕਤ ਸਰਟੀਫਿਕੇਟ ਰਾਹੀਂ ਸੇਲ ਕਤਈ ਤੌਰ 'ਤੇ ਕਾਇਮ ਮੰਨੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਟੈਂਪ ਡਿਊਟੀ ਅਤੇ ਰਜਿਸਟਰੇਸ਼ਨ ਦਾ ਖਰਚਾ ਬੋਲੀਕਾਰ ਵੱਲੋਂ ਅਦਾ ਕੀਤਾ ਜਾਵੇਗਾ ਅਤੇ ਬੋਲੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਬੋਲੀਕਾਰਾਂ ਵੱਲੋਂ ਆਪਣੇ ਪੱਧਰ 'ਤੇ ਜ਼ਮੀਨ ਦੇ ਸਬੰਧ ਵਿੱਚ ਹਰੇਕ ਪ੍ਰਕਾਰ ਦੀਆਂ ਦੇਣਦਾਰੀਆਂ ਆਦਿ ਬਾਬਤ ਜਾਂਚ-ਪੜਤਾਲ ਕਰਨੀ ਯਕੀਨੀ ਬਣਾਈ ਜਾਵੇ।