ਮਨੀਸ਼ੰਕਰ ਅਈਅਰ ਦੇ ਬਿਆਨ ਨੇ ਕਾਂਗਰਸ ਦੇ ਦੋਹਰੇ ਕਿਰਦਾਰ ਦਾ ਪਰਦਾਫਾਸ਼ ਕੀਤਾ: ਸ਼ੇਖਾਵਤ
- ਕਿਹਾ, ਬਿਆਨ ਖਾਸ ਵੋਟ ਬੈਂਕ ਨੂੰ ਲੁਭਾਉਣ ਦੀ ਸੋਚੀ ਸਮਝੀ ਰਣਨੀਤੀ ਤਹਿਤ ਦਿੱਤਾ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 10 ਮਈ 2024 - ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਾਂਗਰਸ ਆਗੂ ਮਣੀ ਸ਼ੰਕਰ ਅਈਅਰ ਦੇ ਪਾਕਿਸਤਾਨ ਬਾਰੇ ਦਿੱਤੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸੀ ਆਗੂ ਇਕ ਤੋਂ ਬਾਅਦ ਇਕ ਦੇਸ਼ ਵਿਰੋਧੀ ਬਿਆਨ ਦੇ ਰਹੇ ਹਨ, ਉਸ ਨਾਲ ਕਾਂਗਰਸ ਦਾ ਦੋਹਰਾ ਕਿਰਦਾਰ ਨੰਗਾ ਹੋ ਗਿਆ ਹੈ।
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੀ ਨਾਮਜ਼ਦਗੀ ਦੌਰਾਨ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਇੱਕ ਹੋਰ ਵਿਚਾਰਧਾਰਕ ਗੁਰੂ ਮਨਿਸ਼ੰਕਰ ਅਈਅਰ ਵੱਲੋਂ ਪਾਕਿਸਤਾਨ ਬਾਰੇ ਦਿੱਤਾ ਗਿਆ ਬਿਆਨ ਇੱਕ ਵਿਸ਼ੇਸ਼ ਵੋਟ ਬੈਂਕ ਨੂੰ ਲੁਭਾਉਣ ਦੀ ਸੋਚੀ ਸਮਝੀ ਰਣਨੀਤੀ ਹੈ। ਸ਼ੇਖਾਵਤ ਨੇ ਕਿਹਾ ਕਿ ਕਾਂਗਰਸ ਆਪਣਾ ਏਜੰਡਾ ਦੱਸਣ ਲਈ ਸੈਮ ਪਿਤਰੋਦਾ ਅਤੇ ਅਈਅਰ ਵਰਗੇ ਨੇਤਾਵਾਂ ਨੂੰ ਤਿਆਰ ਕਰਦੀ ਹੈ ਅਤੇ ਜਦੋਂ ਵਿਰੋਧ ਹੁੰਦਾ ਹੈ ਤਾਂ ਪਾਰਟੀ ਅਜਿਹੇ ਬਿਆਨਾਂ ਤੋਂ ਦੂਰੀ ਬਣਾਉਣ ਦਾ ਦਿਖਾਵਾ ਕਰਦੀ ਹੈ। ਉਨ੍ਹਾਂ ਕਾਂਗਰਸ ਲੀਡਰਸ਼ਿਪ ਨੂੰ ਦੋਵਾਂ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਚੁਣੌਤੀ ਦਿੱਤੀ।
ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸੀ ਆਗੂਆਂ ਵੱਲੋਂ ਅਜਿਹੇ ਬਿਆਨ ਇੱਕ ਵਿਸ਼ੇਸ਼ ਸਕਰਿਪਟ ਤਹਿਤ ਦਿੱਤੇ ਜਾ ਰਹੇ ਹਨ ਅਤੇ ਇਸ ਦਾ ਮਕਸਦ ਵਿਸ਼ੇਸ਼ ਵੋਟ ਬੈਂਕ ਹਾਸਲ ਕਰਨਾ ਹੈ, ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਬੇਚੈਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਿਸੇ ਵੀ ਸੀਨੀਅਰ ਆਗੂ ਨੇ ਇਨ੍ਹਾਂ ਬਿਆਨਾਂ ਦੀ ਆਲੋਚਨਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਿਤਰੋਦਾ ਅਤੇ ਅਈਅਰ ਵਰਗੇ ਤਾਕਤਵਰ ਕਾਂਗਰਸੀ ਨੇਤਾਵਾਂ ਦੇ ਬਿਆਨਾਂ ਨੇ ਉਹ ਸਭ ਕੁਝ ਸਾਬਤ ਕਰ ਦਿੱਤਾ ਹੈ ਜਿਸ ਬਾਰੇ ਭਾਜਪਾ ਲਗਾਤਾਰ ਦੇਸ਼ ਵਾਸੀਆਂ ਨੂੰ ਕਿਸ ਬਾਰੇ ਚੇਤਾਵਨੀ ਦਿੰਦੀ ਆ ਰਹੀ ਹੈ, ਕਾਂਗਰਸ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ।
ਭਾਜਪਾ ਦੇ ਸੀਨੀਅਰ ਆਗੂ ਸ਼ੇਖਾਵਤ ਨੇ ਪੰਜਾਬ ਵਿੱਚ ਪਾਰਟੀ ਦੀ ਬੇਮਿਸਾਲ ਕਾਰਗੁਜ਼ਾਰੀ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਭਾਜਪਾ ਲਗਭਗ ਤਿੰਨ ਦਹਾਕਿਆਂ ਬਾਅਦ ਸੂਬੇ ਵਿੱਚ ਆਮ ਚੋਣਾਂ ਆਪਣੇ ਦਮ ’ਤੇ ਲੜ ਰਹੀ ਹੈ। ਪੰਜਾਬ ਵਿੱਚ ਇਹ ਸਾਡੇ ਲਈ ਇੱਕ ਨਵੀਂ ਸ਼ੁਰੂਆਤ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸ ਵਿੱਚ ਜ਼ਬਰਦਸਤ ਕਾਮਯਾਬੀ ਹਾਸਲ ਕਰਨ ਜਾ ਰਹੇ ਹਾਂ।