ਵੋਟ ਫੀਸਦੀ ਵਧਾਉਣ ਲਈ ਜ਼ਮੀਨੀ ਪੱਧਰ ਦੀ ਜਾਗਰੂਕਤਾ ਰਹੇਗੀ ਜਾਰੀ - ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ
ਮੋਗਾ, 30 ਅਪ੍ਰੈਲ 2024 - ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਦੀ ਅਗਵਾਈ ਵਿਚ ਸਵੀਪ ਟੀਮ ਮੋਗਾ ਦੁਆਰਾ ਤਿਆਰ ਸਵੀਪ ਕੈਲੰਡਰ ਅਨੁਸਾਰ ਸਮੂਹ ਸੈਕਟਰ ਅਫ਼ਸਰ ਅਤੇ ਬੀ.ਐਲ.ਓਜ਼ ਸਬੰਧਿਤ ਬੂਥਾਂ ਤੇ ਵੋਟਾਂ ਦੀ ਪ੍ਰਤੀਸ਼ਤਤਾ ਵਧਾਉਣ ਲਈ ਯੋਗ ਉਪਰਾਲੇ ਕਰ ਰਹੇ ਹਨ।
ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸੈਕਟਰ ਅਫਸਰ ਕੇ.ਪੀ. ਬਰਾੜ ਦੀ ਦੇਖ ਰੇਖ ਵਿੱਚ ਬੂਥ ਨੰਬਰ 122, 123 ਉੱਪਰ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ । ਵਿਦਿਆਰਥੀਆਂ ਨੂੰ ਵੋਟਿੰਗ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਆਪਣੇ ਮਾਪਿਆ ਨਾਲ ਵੋਟਾਂ ਸਬੰਧੀ ਗੱਲਬਾਤ ਕਰਨ ਅਤੇ 1 ਜੂਨ ਨੂੰ ਵੋਟ ਪਾਉਣ ਲਈ ਬੂਥ ਤੇ ਪਹੁਚਣ ਦੀ ਅਪੀਲ ਕਰਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 01 ਜੂਨ ਨੂੰ ਚੋਣਾਂ ਵਾਲੇ ਦਿਨ ਕਮਿਸ਼ਨ ਵਲੋ ਵੋਟਰਾਂ ਲਈ ਸਹੂਲਤਾਂ ਜਿਵੇਂ ਕੇ ਪੀਣ ਵਾਲਾ ਪਾਣੀ, ਰੈਂਪ, ਵੀਲ ਚੇਅਰ, ਮੈਡੀਕਲ ਸਹੂਲਤ ਦਿਤੀਆਂ ਜਾਣੀਆਂ ਹਨ। ਹਰ ਵੋਟਰ ਆਪਣੀ ਵੋਟ ਪਾਉਣ ਲਈ ਜਰੂਰ ਪੋਲਿੰਗ ਬੂਥਾਂ ਉੱਪਰ ਜਾਣ। ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਯੋਗ ਨਾਗਰਿਕ ਵੋਟਾਂ ਵਾਲੇ ਦਿਨ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਹੀਂ ਕਰਦੇ ਜਿਸ ਨਾਲ ਵੋਟ ਫ਼ੀਸਦੀ ਵਿੱਚ ਘਾਟਾ ਪੈਂਦਾ ਹੈ। ਚੰਗੇ ਲੋਕਤੰਤਰ ਦੇ ਨਿਰਮਾਣ ਲਈ ਹਰੇਕ ਨਾਗਰਿਕ ਦਾ ਵੋਟ ਪਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਵੋਟ ਫੀਸਦੀ ਵਿੱਚ ਮਿਸਾਲੀ ਵਾਧਾ ਕਰਨ ਲਈ ਜ਼ਮੀਨੀ ਪੱਧਰ ਦੀ ਜਾਗਰੂਕਤਾ ਇਸੇ ਤਰ੍ਹਾਂ ਹੀ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਜ਼ੁਰਗ, ਦਿਵਿਆਂਗ, ਟਰਾਂਸਜੈਂਡਰ, ਨੌਜਵਾਨਾਂ ਨਾਲ ਵਿਸ਼ੇਸ਼ ਸੰਵਾਦ ਪ੍ਰੋਗਰਾਮ ਆਯੋਜਿਤ ਕਰਵਾਏ ਜਾ ਚੁੱਕੇ ਹਨ ਤਾਂ ਕਿ ਉਹਨਾਂ ਦੀ ਵੋਟ ਵਿੱਚ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ। ਇਹਨਾਂ ਸਮੂਹ ਵਰਗ ਦੇ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਤਾਂ ਕਰਨਗੇ ਹੀ ਸਗੋਂ ਹੋਰਨਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਨਗੇ।ਉਹਨਾਂ ਦੱਸਿਆ ਕਿ ਇਹ ਸਵੀਪ ਗਤੀਵਿਧੀਆਂ ਪ੍ਰਸ਼ਾਸ਼ਨ ਦੇ ਨਿਰਦੇਸ਼ਾਂ ਤਹਿਤ ਲਗਾਤਾਰ ਜਾਰੀ ਰਹਿਣਗੀਆਂ।