ਮਨਦੀਪ ਕਾਲੇਕਾ ਚੁਣੇ ਗਏ ਬਲਾਕ ਪ੍ਰਧਾਨ, ਗੁਰਪ੍ਰੀਤ ਵਜੀਦਪੁਰ ਬਣੇ ਬਲਾਕ ਜਨਰਲ ਸਕੱਤਰ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 30 ਅਪ੍ਰੈਲ 2024:- ਅਧਿਆਪਕ ਹੱਕਾਂ ਲਈ ਮੋਹਰਲੀ ਸਫਾਂ ਵਿੱਚ ਲੜਨ ਵਾਲੀ ਜੁਝਾਰੂ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਪਟਿਆਲਾ ਦੇ ਬਲਾਕ ਪਟਿਆਲਾ -3 ਦੀ ਕਮੇਟੀ ਦਾ ਵਿਸਤਾਰ ਕੀਤਾ ਗਿਆ। ਨਵੇਂ ਬਣੇ ਬਲਾਕ ਪ੍ਰਧਾਨ ਮਨਦੀਪ ਸਿੰਘ ਕਾਲੇਕਾ ਦੀ ਪ੍ਰਧਾਨਗੀ ਹੇਠ ਬਲਾਕ ਦਾ ਭਰਵਾਂ ਅਜਲਾਸ ਸੱਦਿਆ ਗਿਆ ਤੇ ਬਲਾਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਜਸਵਿੰਦਰ ਸਿੰਘ ਸਮਾਣਾ ਨੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਅਤੇ ਇਸਦੇ ਸੰਘਰਸ਼ ਨੂੰ ਉਭਾਰਿਆ।
ਪਰਮਜੀਤ ਪਟਿਆਲਾ ਨੇ ਯੂਨੀਅਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੌਜੂਦਾ ਸਰਕਾਰ ਤੋਂ ਪੈਂਡਿੰਗ ਡੀਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਸਾਥੀ ਕਮਲ ਨੈਣ ਨੇ ਏਕੇ ਦੀ ਲੋੜ ਤੇ ਜੋਰ ਦਿੱਤਾ। ਹਿੰਮਤ ਸਿੰਘ ਖੋਖ ਨੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦਾ ਸੰਕਲਪ ਦੁਹਰਾਇਆ ਅਤੇ ਕੇਡਰ ਤੋਂ ਸਹਿਯੋਗ ਦੀ ਮੰਗ ਕੀਤੀ। ਦੀਦਾਰ ਸਿੰਘ ਪਟਿਆਲਾ ਨੇ ਮੌਜੂਦਾ ਪ੍ਰਾਇਮਰੀ ਅਧਿਆਪਕ ਵਰਗ ਨੂੰ ਦਰਪੇਸ਼ ਸਮੱਸਿਆਵਾਂ ਦ ਜ਼ਿਕਰ ਕਰਦਿਆਂ ਸਿੱਖਿਆ ਨੀਤੀ 2020 ਦੇ ਮਾਰੂ ਪ੍ਰਭਾਵਾਂ ਤੋਂ ਅਧਿਆਪਕਾਂ ਨੂੰ ਸੁਚੇਤ ਕੀਤਾ।ਇਸ ਚੋਣ ਅਜਲਾਸ ਦੀ ਖਾਸੀਅਤ ਇਹ ਰਹੀ ਕਿ ਵੱਡੀ ਪੱਧਰ ਉੱਤੇ ਔਰਤ ਅਧਿਆਪਕਾਂ ਨੇ ਇਸ ਚੋਣ ਅਜਲਾਸ ਵਿੱਚ ਭਾਗ ਲਿਆ। ਦੀਦਾਰ ਸਿੰਘ ਜਿਲ੍ਹਾ ਪ੍ਰੈੱਸ ਸਕੱਤਰ ਨੇ ਵੀ ਇਸ ਅਜਲਾਸ ਵਿੱਚ ਆਪਣੀ ਵੱਡੀ ਤੇ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਕਨਵੀਨਰ ਹਿੰਮਤ ਸਿੰਘ ਖੋਖ ਵੀ ਹਾਜ਼ਰ ਰਹੇ। ਵੱਖ ਵੱਖ ਬੁਲਾਰਿਆਂ ਕਵਲ ਨੈਨ ਸਮਾਣਾ, ਸਾਥੀ ਭੀਮ ਸਿੰਘ ਅਤੇ ਗੁਰਪ੍ਰੀਤ ਸਿੰਘ ਸਿੱਧੂ ਨੇ ਅਧਿਆਪਕ ਹੱਕਾਂ ਲਈ ਅਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਸਾਰੇ ਸਾਥੀਆਂ ਨੂੰ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਬਲਾਕ ਪੱਧਰੀ ਕਮੇਟੀ ਲਈ ਬਲਾਕ ਮਨਦੀਪ ਸਿੰਘ ਕਾਲਕੇ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਸੰਦੀਪ ਕੁਮਾਰ ਰੱਖੜਾ, ਮੀਤ ਪ੍ਰਧਾਨ ਕੁਲਦੀਪ ਸਿੰਘ ਰੌਣੀ, ਪ੍ਰੈਸ ਸਕੱਤਰ ਜਸਵੀਰ ਸਿੰਘ ਸ਼ੇਖੂਪੁਰਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਵਜੀਦਪੁਰ ,ਮੀਤ ਪ੍ਰਧਾਨ ਲਖਵੀਰ ਸਿੰਘ ਵਜੀਦਪੁਰ ਜਥੇਬੰਦੀ ਸਕੱਤਰ ਮਨਜਿੰਦਰ ਸਿੰਘ, ਵਿੱਤ ਸਕੱਤਰ ਸੰਦੀਪ ਕੌਰ ,ਜੁਆਇੰਟ ਸਕੱਤਰ ਮੈਡਮ ਪ੍ਰਤਿਭਾ ਭੂਸ਼ਨ ਦੀ ਚੋਣ ਕੀਤੀ ਗਈ।