ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ 28 ਅਪ੍ਰੈਲ ਤੋਂ 1 ਮਈ ਤੱਕ ਵਿਸ਼ਾਲ ਨਕਲੀ ਹੱਥਾਂ ਤੇ ਲੱਤਾਂ ਦਾ ਕੈਂਪ
ਹਰਜਿੰਦਰ ਸਿੰਘ ਭੱਟੀ
- ਹੱਥਾਂ ਲਈ 'ਏਕ ਹੱਥ ਆਸ ਕਾ' ਤੇ ਪੈਰਾਂ ਲਈ 'ਏਕ ਕਦਮ ਆਸ ਕਾ' ਕੈਂਪ
ਚੰਡੀਗੜ੍ਹ, 28 ਅਪ੍ਰੈਲ 2024 - ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ 28 ਅਪ੍ਰੈਲ ਤੋਂ 1 ਮਈ ਤੱਕ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਇੱਕ ਵਿਸ਼ਾਲ ਬਨਾਵਟੀ ਹੱਥ ਤੇ ਲੱਤਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਇਨ੍ਹਾਂ ਨਕਲੀ ਅੰਗਾਂ ਦਾ ਨਿਰਮਾਣ ਸ੍ਰੀ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਜੈਪੁਰ ਫੁੱਟ) ਵੱਲੋਂ ਆਧੁਨਿਕ ਮਸੀਨਰੀ ਨਾਲ ਕੀਤਾ ਜਾਵੇਗਾ।
ਰੋਟਰੀ ਕਲੱਬ ਸੈਂਟਰਲ ਚੰਡੀਗੜ੍ਹ ਦੇ ਪ੍ਰਧਾਨ ਰੋਟੇਰੀਅਨ ਸੁਨੀਲ ਕਾਂਸਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਬਹੁਤ ਸਾਰੇ ਅਜਿਹੇ ਕੈਂਪ ਲਗਾਏ ਹਨ, ਜਿੱਥੇ ਲਗਭਗ 2500 ਲਾਭਪਾਤਰੀਆਂ ਨੂੰ ਨਕਲੀ ਹੱਥ-ਪੈਰ ਲਗਾਏ ਹਨ। ਇਸ ਪਹਿਲਕਦਮੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਕਿਉਂਕਿ ਹੁਣ ਉਹ ਆਪਣੇ ਰੁਟੀਨ ਦੇ ਕੰਮ ਆਸਾਨੀ ਨਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਲੋੜਵੰਦ ਲੋਕਾਂ ਨੂੰ ਇਹ ਹੱਥ-ਪੈਰ ਮੁਫ਼ਤ ਪ੍ਰਦਾਨ ਕਰਦਾ ਹੈ।
ਇਸ ਮੌਕੇ ਇਹ ਵੀ ਦੱਸਿਆ ਗਿਆ ਕਿ 10 ਸਾਲ ਤੋਂ ਵੱਧ ਉਮਰ ਦੇ ਬੱਚੇ ਅਤੇ ਬਜ਼ੁਰਗ, ਜਿਨ੍ਹਾਂ ਨੇ ਕਿਸੇ ਦੁਰਘਟਨਾ ਵਿੱਚ ਆਪਣਾ ਹੱਥ ਗੁਆ ਦਿੱਤਾ ਹੈ ਜਾਂ ਕਿਸੇ ਕਾਰਨ ਕੱਟਣਾ ਪਿਆ ਹੈ, ਉਹ ਇਸ ਕੈਂਪ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਨੂੰ ਹਲਕੇ, ਟਿਕਾਊ ਤੇ ਕਾਰਜਸ਼ੀਲ ਨਕਲੀ ਹੱਥ ਫਿੱਟ ਕੀਤੇ ਜਾਣਗੇ। ਇਸਦੀ ਮਦਦ ਨਾਲ ਲਾਭਪਾਤਰੀ ਰੋਜ਼ਾਨਾ ਦੀਆਂ ਗਤੀਵਿਧੀਆਂ ਕਰ ਸਕਦੇ ਹਨ।
ਇਸ ਮੌਕੇ ਸੀ ਡੀ ਆਰ (ਡਾ.)ਜਸਬੀਰ ਸਿੰਘ ਮਿਨਹਾਸ ਐਡੀਸ਼ਨਲ ਡਾਇਰੈਕਟਰ ਸ਼ੋਸਲ ਵੈਲਫੇਅਰ ਸਰਵਿਸ, ਰੋਟੇਰੀਅਨ ਸੁਨੀਲ ਕਾਂਸਲ, ਪ੍ਰਧਾਨ, ਰੋਟੇਰੀਅਨ ਵੇਭੂ ਭਟਨਾਗਰ, ਸਕੱਤਰ, ਰੋਟੇਰੀਅਨ ਆਰ.ਐਸ ਚੀਮਾ ਪ੍ਰੋਜੈਕਟ ਚੇਅਰਮੈਨ ਸਮੇਤ ਕਲੱਬ ਦੇ ਬਹੁਤ ਸਾਰੇ ਮੈਂਬਰ ਕੈਂਪ ਵਿੱਚ ਭਾਗ ਲੈ ਰਹੇ ਹਨ। ਜਿਹੜੇ ਵਿਅਕਤੀ ਇਸ ਕੈਂਪ ਜਾਂ ਅਗਲੇ ਕੈਂਪਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ, ਉਹ ਮੋਬਾਇਲ ਨੰਬਰ 9780812581, 9780812571, 9780812572 'ਤੇ ਸੰਪਰਕ ਕਰ ਸਕਦੇ ਹਨ।