ਕੋਰੋਨਾ ਵਾਰੀਅਰ ਦੇ ਪਰਿਵਾਰ ਦਾ ਹੱਕ ਖੋਹ ਕੇ ਬਿਨਾ ਪੰਚਾਇਤ ਦਾ ਮਤਾ ਪਵਾਏ ਆਸ਼ਾ ਵਰਕਰ ਰੱਖਣ ਦੇ ਦੋਸ਼, ਪੜ੍ਹੋ ਵੇਰਵਾ
- ਮ੍ਰਿਤਕ ਕੋਰੋਨਾ ਵਾਰੀਅਰ ਦੇ ਪਰਿਵਾਰ ਨੇ ਕੀਤੀ ਜਾਂਚ ਦੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ 27 ਅਪ੍ਰੈਲ 2024 - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਕਲਾਮ ਦੀ ਰਹਿਣ ਵਾਲੀ ਹਰਭਜਨ ਕੌਰ ਨਾਮ ਦੀ ਮਰਹੂਮ ਕਰੋਨਾ ਵਾਰੀਅਰ ਜਿਸ ਨੂੰ ਕਰੋਨਾ ਕਾਲ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਆ ਗਿਆ ਸੀ ਦੀ ਮੌਤ 26 ਫਰਵਰੀ 2024 ਨੂੰ ਹੋ ਗਈ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਜਗ੍ਹਾ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰਨ ਤੇ ਉਸਦੇ ਪਰਿਵਾਰ ਨੂੰ ਕਿਹਾ ਗਿਆ ਕਿ ਹਰਭਜਨ ਕੌਰ ਦੇ ਮੌਤ ਦਾ ਸਰਟੀਫਿਕੇਟ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਹਰਭਜਨ ਕੌਰ ਦੀ ਜਗ੍ਹਾ ਤੇ ਆਸ਼ਾ ਵਰਕਰ ਨੌਕਰੀ ਦੇ ਦਿੱਤੀ ਜਾਵੇਗੀ ਪਰ ਹਰਭਜਨ ਕੌਰ ਦੇ ਪਰਿਵਾਰ ਦਾ ਦੋਸ਼ ਹੈ ਕਿ ਪਰਿਵਾਰ ਨੂੰ ਹਰਭਜਨ ਕੌਰ ਦੀ ਮੌਤ ਦਾ ਸਰਟੀਫਿਕੇਟ ਮਿਲਣ ਤੋਂ ਪਹਿਲਾਂ ਹੀ ਹਸਪਤਾਲ ਵੱਲੋਂ ਇੱਕ ਸਿਹਤ ਕਰਮਚਾਰਨ ਦੀ ਕਰੀਬੀ ਰਿਸ਼ਤੇਦਾਰ ਨੂੰ ਆਸ਼ਾ ਵਰਕਰ ਦੇ ਅਹੁਦੇ ਤੇ ਰੱਖ ਲਿਆ ਗਿਆ ਹੈ।
ਮਾਮਲੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਆਸ਼ਾ ਵਰਕਰ ਨੂੰ ਰੱਖਣ ਤੋਂ ਪਹਿਲਾਂ ਸਬੰਧਤ ਪਿੰਡ ਦੀ ਪੰਚਾਇਤ ਇਸ ਦਾ ਮਤਾ ਪਾਸ ਕਰਦੀ ਹੈ ਪਰ ਪਿੰਡ ਦੇ ਸਰਪੰਚ ਗੁਰ
ਮੁਖ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਮਤਾ ਪਿੰਡ ਦੀ ਪੰਚਾਇਤ ਨੇ ਨਹੀਂ ਪਾਇਆ ਹੈ। ਹੁਣ ਹਰਭਜਨ ਕੌਰ ਦਾ ਪਰਿਵਾਰ ਇਸ ਗੱਲ ਦੀ ਜਾਂਚ ਦੀ ਮੰਗ ਕਰ ਰਿਹਾ ਹੈ ਕਿ ਕਿਵੇਂ ਪੰਚਾਇਤ ਦੇ ਮਤੇ ਦੇ ਤੋਂ ਬਿਨਾਂ ਕਿਸੇ ਸਿਹਤ ਕਰਮਚਾਰਨ ਦੀ ਰਿਸ਼ਤੇਦਾਰ ਨੂੰ ਨੌਕਰੀ ਤੇ ਰੱਖ ਲਿਆ ਗਿਆ ਅਤੇ ਮਰਹੂਮ ਕਰੋਨਾ ਵਾਰੀਅਰ ਦੇ ਪਰਿਵਾਰ ਦੇ ਹੱਕ ਤੇ ਸਿਹਤ ਵਿਭਾਗ ਵੱਲੋਂ ਡਾਕਾ ਵੱਜਣ ਦਿੱਤਾ ਗਿਆ? ਮਰਹੂਮ ਆਸ਼ਾ ਵਰਕਰ ਹਰਭਜਨ ਕੌਰ ਦੀ ਨੂੰਹ ਜਤਿੰਦਰ ਕੌਰ ਵੱਲੋਂ ਮਾਮਲੇ ਦੀ ਜਾਂਚ ਲਈ ਜਿਲੇ ਦੇ ਸਿਹਤ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਦੇ ਦਿੱਤਾ ਗਿਆ ਹੈ।
ਜਦੋਂ ਇਸ ਸਬੰਧ ਵਿੱਚ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮੰਡੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਆਸ਼ਾ ਵਰਕਰ ਦੀ ਪੋਸਟ ਪੰਚਾਇਤ ਦੇ ਮਤੇ ਤੋਂ ਬਿਨਾਂ ਭਰੀ ਨਹੀਂ ਜਾ ਸਕਦੀ। ਸਬੰਧਤ ਮਾਮਲਾ ਨੁਸ਼ਹਿਰਾ ਮੱਝਾ ਸਿੰਘ ਕਮਉਨਿਟੀ ਹੈਲਥ ਸੈਂਟਰ ਦੇ ਤਹਿਤ ਆਉਂਦਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਉਥੇ ਸੀਨੀਅਰ ਮੈਡੀਕਲ ਅਫਸਰ ਦੇ ਤੌਰ ਤੇ ਡਾਕਟਰ ਅਭਿਸ਼ੇਕ ਵਿਜ ਵੱਲੋਂ ਅਹੁਦਾ ਸੰਭਾਲਿਆ ਗਿਆ ਹੈ। ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਜੇਕਰ ਇਸ ਵਿੱਚ ਕੁਝ ਗਲਤ ਹੋਇਆ ਹੈ ਤਾਂ ਬਣਨ ਦੀ ਕਾਰਵਾਈ ਕੀਤੀ ਜਾਵੇਗੀ।