ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਗੁਰਦਿਆਲ ਸਿੰਘ ਗੁਰਦੁਆਰਾ ਬੇਰ ਸਾਹਿਬ ਨਤਮਸਤਕ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 27 ਅਪ੍ਰੈਲ 2024 : ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਗੁਰਦਿਆਲ ਸਿੰਘ ਅੱਜ ਸੁਲਤਾਨਪੁਰ ਲੋਧੀ ਪਹੁੰਚ ਕੇ ਪਹਿਲਾਂ ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਏ ਤੇ ਬਾਅਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕਾਨਫਰੰਸ ਵਿੱਚ ਪਹੁੰਚੇ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਗੁਰਦਿਆਲ ਸਿੰਘ ਨੂੰ ਜੇ ਸੂਝਵਾਨ ਵੋਟਰਾਂ ਨੇ ਵੋਟਾਂ ਪਾ ਕੇ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਦਿੱਤਾ ਤੇ ਉਹ ਉਥੇ ਜਾ ਕੇ ਬਾਬੇ ਨਾਨਕ ਦੇ ਵਿਚਾਰਾਂ ਦਾ ਸਮਾਜ ਬਣਾਉਣ ਵਾਸਤੇ ਆਪਣੀ ਆਵਾਜ਼ ਲਾਮਬੰਦ ਕਰੇਗਾ। ਬਾਬੇ ਨਾਨਕ ਨੇ ਹਿੰਦੁਸਤਾਨ ਚੋਂ ਉਸ ਵਕਤ ਲੁਟੇਰੀ ਹਕੂਮਤ ਦੇ ਪੜਦੇ ਫਾਸ਼ ਕਰਨ ਲਈ ਦੇਸ਼ ਦੇ ਕੋਨੇ ਕੋਨੇ ਵਿੱਚ ਉਦਾਸੀਆਂ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਸੀ। ਬਾਬਰ ਨੂੰ ਜਾਬਰ ਦਾ ਖਿਤਾਬ ਦਿੱਤਾ ਤੇ ਬਾਬਰ ਦੇ ਜ਼ੁਲਮ ਵੀ ਝੱਲੇ। ਬਾਬੇ ਨਾਨਕ ਨੇ ਇਕੱਲਾ ਜੇਲ੍ਹ ਹੀ ਨਹੀਂ ਕੱਟੀ ਉਨ੍ਹਾਂ ਨੇ ਸਜ਼ਾ ਦੇ ਤੌਰ ਤੇ ਜੇਲ੍ਹ ਵਿੱਚ ਚੱਕੀ ਵੀ ਪੀਸੀ। ਇਸ ਲਈ ਭਰਾਵੋ ਸਾਫ ਸੁਥਰਾ ਸਮਾਜ ਲਿਆਉਣ ਲਈ ਬੀਜੇਪੀ, ਕਾਂਗਰਸ,ਆਪ ਤੇ ਆਕਾਲੀ ਪਾਰਟੀ ਨੂੰ ਹਰਾਉਣ ਲਈ ਸੀ ਪੀ ਆਈ ਤੇ ਸੀ ਪੀ ਆਈ ਐਮ ਦੇ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਨੂੰ ਖਡੂਰਸਾਹਿਬ ਹਲਕੇ ਤੋਂ ਵੋਟਾਂ ਪਾ ਕੇ ਕਾਮਯਾਬ ਬਣਾਉ। ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਸ ਵਕਤ ਹਿੰਦੁਸਤਾਨ ਵਿੱਚ ਬੀ ਜੇ ਪੀ ਦੀ ਲੁਟੇਰੀ ਸਰਕਾਰ ਹੈ। ਇਸ ਸਰਕਾਰ ਨੇ ਆਮ ਲੋਕਾਂ ਨੂੰ ਇਕੱਲਾ ਲੁੱਟਿਆ ਹੀ ਨਹੀਂ ਕੁੱਟਿਆ ਵੀ ਹੈ। ਜਿਹੜਾ ਵੀ ਲਿਖਾਰੀ,ਕਾਲਮ ਨਵੀਸ, ਬੁੱਧੀਜੀਵੀ ਤੇ ਸਿਆਸਤਦਾਨ ਮੋਦੀ ਸਰਕਾਰ ਦੇ ਲੋਟੋ ਨੀਤੀ ਨੂੰ ਜੱਗ ਜ਼ਾਹਰ ਕਰਦਾ ਹੈ ਉਸ ਨੂੰ ਬੀਜੇਪੀ ਦੀ ਹਕੂਮਤ ਜੇਲਾਂ ਵਿੱਚ ਡੱਕ ਦਿੰਦੀ ਹੈ। ਸਰਕਾਰੀ ਏਜੰਸੀਆਂ ਨਿਰਪੱਖ ਹੋ ਕੇ ਕੰਮ ਨਹੀਂ ਕਰ ਰਹੀਆਂ ਉਹ ਮੋਦੀ ਸਰਕਾਰ ਦੀਆਂ ਕੱਠਪੁਤਲੀਆਂ ਬਣੀਆਂ ਹੋਈਆਂ ਹਨ। ਮਾੜੀਮੇਘਾ ਨੇ ਕਿਹਾ ਕਿ ਦੇਸ਼ ਦੀ ਜੁਆਨੀ ਰੁਜ਼ਗਾਰ ਲਈ ਵਿਦੇਸ਼ਾਂ ਦੇ ਧੱਕੇ ਖਾ ਰਹੀ ਹੈ। ਜੁਆਨੀ ਆਪਣੀ ਕਿਰਤ ਨਾਲ ਆਪਣੇ ਦੇਸ਼ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਦੀ ਥਾਂ ਵਿਦੇਸ਼ਾਂ ਨੂੰ ਮਾਲਾਮਾਲ ਕਰ ਰਹੀ ਹੈ। ਨੌਜਵਾਨਾਂ ਦੇ ਮਾਂ ਪਿਓ ਹਿੰਦ ਵਿੱਚ ਰੁਜ਼ਗਾਰ ਨਾ ਮਿਲਣ ਕਰਕੇ ਕਰਜ਼ੇ ਚੁੱਕ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਇਕੱਲੀ ਬੀ ਜੇ ਪੀ ਸਰਕਾਰ ਹੀ ਨਹੀਂ ਕਾਂਗਰਸ ਤੇ ਪੰਜਾਬ ਵਿੱਚ ਅਕਾਲੀ ਤੇ ਮਜੂਦਾ ਆਮ ਪਾਰਟੀ ਦੀ ਸਰਕਾਰ ਦਾ ਵੀ ਇਹੋ ਹਾਲ ਹੈ। ਕਮਿਉਨਿਸਟ ਪਾਰਟੀ ਦਾ ਉਮੀਦਵਾਰ ਗੁਰਦਿਆਲ ਸਿੰਘ ਪਾਰਲੀਮੈਂਟ ਵਿੱਚ ਪਹੁੰਚ ਕੇ 18 ਸਾਲ ਦੀ ਉਮਰ ਤੋਂ ਹਰੇਕ ਕੁੜੀ ਮੁੰਡੇ ਨੂੰ ਰੁਜ਼ਗਾਰ ਦੇਣ ਵਾਲਾ ਕਾਨੂੰਨ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ ਦੀ ਆਵਾਜ਼ ਲਾਮਬੰਦ ਕਰੇਗਾ। ਹਰੇਕ ਬੱਚੇ ਦੀ ਮੁਫ਼ਤ ਤੇ ਲਾਜ਼ਮੀ ਵਿਦਿਆ ਨੂੰ ਯਕੀਨੀ ਬਣਾਉਣ ਲਈ ਪਾਰਲੀਮੈਂਟ ਵਿੱਚ ਸਵਾਲ ਰੱਖੇਗਾ। ਹਰੇਕ ਮਨੁੱਖ ਦੀ ਸਿਹਤ ਦਾ ਇਲਾਜ ਮੁਫ਼ਤ ਦੇਣ ਵਾਸਤੇ ਮਸਲਾ ਉਠਾਏਗਾ। ਗਰੀਬਾਂ ਨੂੰ ਮੁਫ਼ਤ ਘਰ ਬਨਾ ਕੇ ਦੇਣੇ ਯਕੀਨੀ ਬਣਾਉਣ ਲਈ ਸਰਕਾਰ ਤੇ ਦਬਾਅ ਪਾਵੇਗਾ। ਕਿਸਾਨਾਂ ਦੀਆਂ ਫਸਲਾਂ ਸਰਕਾਰੀ ਰੇਟ ਤੇ ਚੁੱਕਣ ਲਈ ਐਮ ਐਸ ਪੀ ਲਾਗੂ ਕਰਾਉਣ ਵੱਲ ਵਿਸ਼ੇਸ਼ ਧਿਆਨ ਦੇਵੇਗਾ। ਕਿਸਾਨਾਂ,ਖੇਤ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੇ ਕਰਜ਼ੇ ਮੁਆਫ਼ ਕਰਾਉਣ ਲਈ ਜੱਦੋਜਹਿਦ ਕਰੇਗਾ। ਗਰੀਬਾਂ, ਬੇਸਹਾਰਾ ਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਵਧਾਉਣ ਤੇ ਲਗਾਤਾਰਤਾ ਦੀ ਗੱਲ ਰੱਖੇਗਾ ਅਤੇ ਨਰੇਗਾ ਕੰਮ ਸਾਲ ਵਿੱਚ ਘੱਟੋ ਘੱਟ 200 ਦਿਨ ਤੇ ਦਿਹਾੜੀ 1000 ਰੁਪਏ ਕਰਾਉਣ ਦੀ ਲੜਾਈ ਲੜੇਗਾ। ਇਸ ਮੌਕੇ ਤੇ ਗੁਰਦਿਆਲ ਸਿੰਘ ਨੇ ਯਕੀਨ ਦਵਾਇਆ ਕਿ ਉਹ ਉਮੀਦਵਾਰ ਬਣਨ ਤੇ ਜੇ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਪਹਿਲਾਂ ਦੀ ਤਰ੍ਹਾਂ ਲੋਕਾਂ ਦੇ ਕਰਦਾ ਰਹਾਂਗਾ। ਪ੍ਰੈਸ ਕਾਨਫਰੰਸ ਦੌਰਾਨ ਮੰਗ ਕੀਤੀ ਗਈ ਕਿ ਬਿਆਸ, ਸਤਲੁਜ ਤੇ ਕਾਲੀ ਵੇਈਂ ਦੇ ਹੜਾਂ ਨਾਲ ਕਿਸਾਨਾਂ ਦੀਆਂ ਜੋ ਫ਼ਸਲਾਂ ਮਾਰੀਆਂ ਗਈਆਂ ਸਨ ਉਨ੍ਹਾਂ ਨੂੰ ਮੁਆਵਜ਼ਾ ਘੱਟ ਮਿਲਿਆ ਹੈ ਹੋਰ ਦਿੱਤਾ ਜਾਵੇ। ਹੜਾਂ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਰੇਤਾ ਭਰ ਗਈ ਹੈ ਉਹ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ। ਕਾਲੇ ਸੰਘਿਆ, ਚਿੱਟੀ ਵੇਈਂ ਤੇ ਫਗਵਾੜਾ ਸਾਈਡ ਤੇ ਰਿਹਾਣਾਂ ਜੱਟਾਂ ਬਰਸਾਤੀ ਚੋਅ ਚੋ ਕਾਰਖਾਨਿਆਂ ਦਾ ਗੰਦਾ ਪਾਣੀ ਬੰਦ ਕੀਤਾ ਜਾਵੇ। ਸੁਲਤਾਨਪੁਰ ਵਿਖੇ ਮੈਡੀਕਲ ਕਾਲਜ ਖੋਲ੍ਹਿਆ ਜਾਵੇ। ਬਣ ਰਹੀ ਜਾਮ ਨਗਰ ਐਕਸਪ੍ਰੈਸ ਸੜਕ ਵਿੱਚ ਜੋ ਕਿਸਾਨਾਂ ਦੀ ਜ਼ਮੀਨ ਆਈ ਹੈ ਉਨ੍ਹਾਂ ਨੂੰ ਮੁਆਵਜ਼ਾ ਘੱਟ ਮਿਲਿਆ ਹੈ ਹੋਰ ਦਿੱਤਾ ਜਾਵੇ। ਮੌਕੇ ਤੇ ਕਪੂਰਥਲਾ ਦੀ ਪਾਰਟੀ ਨੇ 25000 ਰੁਪਏ ਦੀ ਗੁਰਦਿਆਲ ਸਿੰਘ ਮਦਦ ਦਿੱਤੀ।ਇਸ ਪ੍ਰੈਸ ਕਾਨਫਰੰਸ ਦੌਰਾਨ ਕਪੂਰਥਲਾ ਸੀ ਪੀ ਆਈ ਐਮ ਦੇ ਆਗੂ ਬਲਦੇਵ ਸਿੰਘ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਜੈ ਪਾਲ , ਸੀਨੀਅਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਨਰਿੰਦਰ ਸਿੰਘ ਸੋਨੀਆਂ, ਟਰੇਡ ਯੂਨੀਅਨ ਆਗੂ ਮੁਕੰਦ ਸਿੰਘ ਤੇ ਕੌਸ਼ਲ, ਕਿਸਾਨ ਆਗੂ ਤਿਰਲੋਕ ਸਿੰਘ ਭੁਬਿਆਣਾ ਤੇ ਬਲਦੇਵ ਸਿੰਘ ਧੂੰਦਾ, ਜਗਤਾਰ ਸਿੰਘ ਜੱਗਾ ਤੇ ਜਸਵੰਤ ਸਿੰਘ ਖਡੂਰਸਾਹਿਬ ਖਡੂਰਸਾਹਿਬ, ਬਲਵੰਤ ਸਿੰਘ ਔਜਲਾ ਸਰਵਣ ਸਿੰਘ ਕਰਮਜੀਤ ਪੁਰ, ਮਲਕੀਅਤ ਸਿੰਘ ਮੀਰੇ, ਫ਼ਕੀਰ ਮੁਹੰਮਦ, ਮਹਿੰਦਰ ਸਿੰਘ ਸੁਭਾਨਪੁਰ, ਸੁਰਜੀਤ ਸਿੰਘ ਠੱਠਾ, ਮਨਜੀਤ ਸਿੰਘ ਢਿੱਲੋਂ, ਨੰਬਰਦਾਰ ਮਹਿੰਦਰ ਸਿੰਘ ਮੋਗੇ, ਜਗਰੂਪ, ਮਹਿੰਦਰ ਸੋਨੀ, ਰਣਦੀਪ ਸਿੰਘ ਰਾਣਾ ਫਗਵਾੜਾ ਨੇ ਯਕੀਨ ਦਵਾਇਆ ਕਿ ਅਸੀਂ ਗੁਰਦਿਆਲ ਸਿੰਘ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਤੋਂ ਹਰ ਹਾਲਤ ਵਿੱਚ ਜਿਤਾਵਾਂਗੇ।