ਚੋਣਾਂ ਦੇ ਮੌਸਮ ਵਿੱਚ ਚੌਂਕਾਂ ਵਿੱਚ ਹੋਣ ਵਾਲੀਆਂ ਰੈਲੀਆਂ ਦੇ ਖਿਲਾਫ ਅੱਗੇ ਆਈ ਚੈਬਰ ਆਫ ਕਮਰਸ
- ਚੋਣ ਕਮਿਸ਼ਨ ਨੂੰ ਮੇਲ ਕੀਤੀ, ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ 26 ਅਪ੍ਰੈਲ 2024 - ਲੋਕ ਸਭਾ ਚੋਣਾਂ ਦੌਰਾਨ ਬੀਤੇ ਦਿਨ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੂੰਮਾਨ ਚੌਂਕ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੈਲੀ ਕੀਤੀ ਗਈ ਸੀ ਜਿਸ ਕਾਰਨ ਰੈਲੀ ਸਥਲ ਦੇ ਨੇੜੇ ਤੇੜੇ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ ਤੇ ਰਸਤੇ ਵੀ ਬਲੋਕ ਕਰ ਦਿੱਤੇ ਗਏ ਸਨ। ਇਸ ਕਾਰਨ ਲੋਕਾਂ ਨੂੰ ਤਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਪਿਆ, ਇਸ ਇਲਾਕੇ ਦੇ ਨੇੜੇ ਤੇੜੇ ਸਥਿਤ ਦੁਕਾਨਦਾਰਾਂ ਦਾ ਵਪਾਰ ਵੀ ਬਿਲਕੁਲ ਖਤਮ ਹੋ ਗਿਆ। ਚੌਰਾਹਿਆਂ ਵਿੱਚ ਹੋਣ ਵਾਲੀਆਂ ਰਾਜਨੀਤਿਕ ਰੈਲੀਆਂ ਦੇ ਖਿਲਾਫ ਗੁਰਦਾਸਪੁਰ ਚੈਂਬਰ ਆਫ ਕਮਰਸ ਨਾਲ ਜੁੜੇ ਸ਼ਹਿਰ ਦੇ ਵਪਾਰੀ ਅੱਗੇ ਆਏ ਹਨ ਅਤੇ ਇਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਨਾਲ ਹੀ ਚੋਣ ਕਮਿਸ਼ਨ ਨੂੰ ਮੇਲ ਕਰਕੇ ਮੰਗ ਕੀਤੀ ਹੈ ਕਿ ਕਿਸੇ ਵੀ ਮੁੱਖ ਚੌਰਾਹੇ ਵਿੱਚ ਰਾਜਨੀਤਿਕ ਰੈਲੀ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਜਾਣਕਾਰੀ ਦਿੰਦਿਆਂ ਵਿਕਾਸ ਮਹਾਜਨ ਨੇ ਦੱਸਿਆ ਕਿ ਅਜਿਹੇ ਰਾਜਨੀਤਿਕ ਸਮਾਗਮਾਂ ਦੌਰਾਨ ਸਾਰਾ ਸ਼ਹਿਰ ਹੀ ਸੁੰਨਸਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਚਾਰ ਸਕੂਲ, ਤਿੰਨ ਨਿਜੀ ਹਸਪਤਾਲ ਸਿਵਲ ਹਸਪਤਾਲ, ਦੋ ਬੈਂਕ, ਸੰਘਣੀ ਰਿਹਾਇਸ਼ ਦੇ ਨਾਲ ਨਾਲ ਅੰਦਰੂਨੀ ਬਾਜ਼ਾਰ ਗੀਤਾ ਭਵਨ ਰੋਡ ਤਿਬੜੀ ਰੋਡ ਅਤੇ ਸਿਵਿਲ ਲਾਈਨ ਦੇ ਇਲਾਕੇ ਵੀ ਹਨੁਮਾਨ ਚੌਂਕ ਨਾਲ ਸਿੱਧੇ ਤੌਰ ਤੇ ਜੁੜੇ ਹਨ ।ਅਜਿਹੀਆਂ ਰੈਲੀਆਂ ਕਾਰਨ ਰਸਤੇ ਬੰਦ ਹੋ ਜਾਂਦੇ ਹਨ ਅਤੇ ਲੋਕਾਂ ਦੀਆਂ ਪਰੇਸ਼ਾਨੀਆਂ ਦੇ ਨਾਲ ਨਾਲ ਇਲਾਕੇ ਦਾ ਵਪਾਰਕ ਨੁਕਸਾਨ ਵੀ ਹੁੰਦਾ ਹੈ।
ਵਿਕਾਸ ਮਹਾਜਨ ਅਤੇ ਅੰਨੁ ਗੰਡੋਤਰਾ ਨੇ ਦੱਸਿਆ ਕਿ 25 ਅਪ੍ਰੈਲ ਨੂੰ ਇਸ ਸਥਾਨ 'ਤੇ ਕੀਤੀ ਗਈ ਸਿਆਸੀ ਰੈਲੀ ਨੇ ਪੂਰੇ ਸ਼ਹਿਰ ਨੂੰ ਲਗਾਤਾਰ 3 ਦਿਨ ਜਾਮ ਕਰ ਦਿੱਤਾ ਕਿਉਂਕਿ 24 ਅਪ੍ਰੈਲ ਨੂੰ ਸੁਪਰਸਟਰੱਕਚਰ ਨੂੰ ਠੀਕ ਕਰਨ ਲਈ ਸੜਕ ਜਾਮ ਕਰ ਦਿੱਤੀ ਸੀ ਅਗਲੇ ਦਿਨ ਯਾਨੀ ਰੈਲੀ ਵਾਲੇ ਦਿਨ 25 ਅਪ੍ਰੈਲ ਨੂੰ ਸਾਰਾ ਦਿਨ ਰਸਤਾ ਬਲੋਕ ਰਿਹਾ ਅਤੇ ਅਤੇ 26 ਅਪ੍ਰੈਲ ਦੀ ਸਵੇਰ ਲਗਭਗ 12 ਵਜੇ ਤੱਕ ਉਥੋਂ ਟੈਂਟ ਪੁੱਟਣ ਅਤੇ ਕੁਰਸੀਆਂ ਚੁੱਕਣ ਦਾ ਕੰਮ ਚਲਦਾ ਰਿਹਾ। ਇਸ ਕਾਰਨ ਇਨ੍ਹਾਂ ਤਿੰਨ ਦਿਨਾਂ ਦੌਰਾਨ ਕੋਈ ਹਨੁਮਾਨ ਚੌਂਕ ਦੇ ਨਾਲ ਲੱਗਦੇ ਬਾਜ਼ਾਰਾਂ ਵਿੱਚ ਕਾਰੋਬਾਰੀ ਕੰਮ ਠੱਪ ਰਹੇ ਅਤੇ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ,ਜਦਕਿ ਚੌਂਕ ਦੇ ਆਲੇ ਦੁਆਲੇ ਰੇਹੜੀਆਂ ਲਗਾਉਣ ਵਾਲਿਆਂ ਦੀ ਰੋਜ਼ੀ-ਰੋਟੀ ਵੀ ਇਸ ਰੈਲੀ ਨੇ ਖੋ ਲਈ। ਇਸ ਤੋਂ ਇਲਾਵਾ ਇਨ੍ਹਾਂ ਤਿੰਨ ਦਿਨਾਂ ਦੌਰਾਨ ਸਭ ਤੋਂ ਵੱਧ ਪੀੜਤ ਸਕੂਲ ਜਾਣ ਵਾਲੇ ਛੋਟੇ ਬੱਚੇ ਸਨ ਕਿਉਂਕਿ ਉਨ੍ਹਾਂ ਨੂੰ ਲੰਮੀ ਦੂਰੀ ਦਾ ਸਫ਼ਰ ਕਰਨਾ ਪਿਆ । ਇਸ ਤੋਂ ਵੀ ਇਲਾਵਾ ਕਾਰੋਬਾਰੀ ਅਤੇ ਬੈਂਕ ਵਿੱਤੀ ਗਤੀਵਿਧੀਆਂ ਕਰਨ ਦੇ ਯੋਗ ਨਹੀਂ ਰਹੇ, ਲਾਊਡਸਪੀਕਰ ਦੀਆਂ ਆਵਾਜ਼ਾਂ ਨੇ ਪਰੇਸ਼ਾਨੀ ਵਧਾਈ ਅਤੇ ਮੈਡੀਕਲ ਐਮਰਜੈਂਸੀ ਤੇ ਵੀ ਬੁਰਾ ਪ੍ਰਭਾਵ ਪਿਆ।
ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਜਿਹੀ ਹੀ ਬੇਨਤੀ ਕੀਤੀ ਗਈ ਸੀ ਅਤੇ ਚੋਣ ਅਬਜ਼ਰਵਰਾਂ ਵੱਲੋਂ ਇਸ ਬਾਰੇ ਵਿਚਾਰ ਕਰਨ ਤੋਂ ਬਾਅਦ ਚੌਂਕਾ ਵਿੱਚ ਰਾਜਨੀਤਿਕ ਰੈਲੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਜਦਕਿ ਇਸ ਵਾਰ ਫਿਰ ਇਸ ਦੀ ਇਜਾਜ਼ਤ ਦੇ ਦਿੱਤੀ ਗਈ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਵੇਕ ਸਰੰਗਲ ਵੱਲੋਂ ਉਨਾਂ ਦੀ ਗੱਲ ਧਿਆਨ ਨਾਲ ਸੁਣੀ ਗਈ ਹੈ ਅਤੇ ਉਹਨਾਂ ਨੂੰ ਅਸ਼ਵਾਸਨ ਦਿੱਤਾ ਗਿਆ ਹੈ ਕਿ ਜੇਕਰ ਚੋਣ ਕਮਿਸ਼ਨ ਉਹਨਾਂ ਨੂੰ ਹਿਦਾਇਤ ਕਰਦਾ ਹੈ ਤਾਂ ਕਿਸੇ ਵੀ ਚੌਂਕ ਵਿੱਚ ਅਜਿਹੀ ਰਾਜਨੀਤਿਕ ਰੈਲੀ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਭਰਤ ਗਾਬਾ, ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ, ਸੁਰਿੰਦਰ ਮਹਾਜਨ,ਪੁਨੀਤ ਮਹਾਜਨ, ਰਵੀ ਕੁਮਾਰ ਵੀ ਹਾਜ਼ਰ ਸਨ।