ਲੈਂਡ ਮਾਰਗੇਜ਼ ਬੈਂਕ ਦੇ ਕਰਮਚਾਰੀਆਂ ਦਾ ਭੱਲਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਰੋਸ ਮਾਰਚ
ਦੀਪਕ ਗਰਗ
ਕੋਟਕਪੂਰਾ, 24 ਅਪ੍ਰੈਲ 2024 :- ਪੰਜਾਬ ਦੀਆਂ ਖੇਤੀਬਾੜੀ ਵਿਕਾਸ ਬੈਂਕਾਂ ਦੇ ਕਰਮਚਾਰੀ ਮੰਗਾਂ ਨਾ ਮੰਨੇ ਜਾਣ ਕਾਰਨ 15 ਅਪ੍ਰੈਲ ਤੋਂ ਅਣਮਿੱੱਥੇ ਸਮੇਂ ਲਈ ਕਲਮ ਛੋੜ ਹੜਤਾਲ ਤੇ ਚੱਲ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਫਰੀਦਕੋਟ ਤੋਂ ਯੂਨੀਅਨ ਦੇ ਐਗਜ਼ੇਕਟਿਵ ਮੈਂਬਰ ਜਸਪਾਲ ਸਿੰਘ ਸੰਧੂ ਨੇ ਦੱੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਅਦਾਰਿਆਂ ਵਿੱਚ 1 ਜੁਲਾਈ 2021 ਤੋਂ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨਾਲ ਮਿਤੀ 14.03.2024 ਨੂੰ ਯੂਨੀਅਨ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਪੇਅ ਕਮਿਸ਼ਨ ਦੀ ਫਾਇਲ ਨੂੰ ਸਿਧਾਂਤਕ ਮੰਨਜੂਰੀ ਦਿੰਦੇ ਹੋਏ ਜਲਦ ਲਾਗੂ ਕਰਵਾਉਣ ਦਾ ਭਰੋਸਾ ਦਿਵਾਇਆ ਸੀ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਮੁਲਾਜ਼ਮਾਂ ਪੱਲੇ ਨਿਰਾਸ਼ਾ ਹੀ ਹੱਥ ਲੱਗੀ ਹੈ।
ਇਸ ਲਈ ਪੰਜਾਬ ਦੀਆਂ ਸਾਰੀਆਂ ਖੇਤੀਬਾੜੀ ਬੈਂਕਾਂ ਦੇ ਮੁਲਾਜ਼ਮ ਛੇਵਾਂ ਪੇ-ਕਮਿਸ਼ਨ ਨਾ ਮਿਲਣ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਮਿਤੀ 25.04.2024 ਨੂੰ ਪੰਜਾਬ ਦੇ ਮੁੱਖ ਮੰਤਰੀ/ਸਹਿਕਾਰਤਾ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਸੰਗਰੂਰ ਸਥਿਤ ਰਿਹਾਇਸ਼ਾਂ ਵਿਖੇ ਸ਼ਾਂਤਮਈ ਰੋਸ ਮਾਰਚ ਕੱੱਢਿਆ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਿੱਲ ਵੱਲੋਂ ਦੱੱਸਿਆ ਗਿਆ ਹੈ ਕਿ 25 ਅਪ੍ਰੈਲ ਵਾਲੇ ਰੋਸ ਮਾਰਚ ਤੋਂ ਬਾਅਦ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਸੰਘਰਸ਼ ਨੂੰ ਹੋਰ ਤਿੱੱਖਾ ਕਰਦੇ ਹੋਏ ਪੰਜਾਬ ਭਰ ਵਿੱਚ ਸੱਤਾਧਾਰੀ ਪਾਰਟੀ ਦੇ ਲੋਕਸਭਾ ਉਮੀਦਵਾਰਾਂ ਦਾ ਘਿਰਾਓ ਕੀਤਾ ਜਾਵੇਗਾ। ਇੱਥੇ ਜਿਕਰਯੋਗ ਹੈ ਕਿ ਪੇਅ ਕਮਿਸ਼ਨ ਦਾ ਵਿੱਤੀ ਬੋਝ ਪੰਜਾਬ ਸਰਕਾਰ ਦੇ ਖਜ਼ਾਨੇ ਉਪਰ ਨਹੀਂ ਪਵੇਗਾ। ਯੂਨੀਅਨ ਦੇ ਨੁਮਾਇੰਦਿਆਂ ਵੱੱਲੋਂ ਦੱੱਸਿਆ ਗਿਆ ਕਿ ਇਹ ਸੰਘਰਸ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।