ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਸ਼ੁਰੂ ਕੀਤਾ ਚੁਪਹਿਰਾ ਸਮਾਗਮ : ਚਾਣਕੀਆ
ਦੀਪਕ ਗਰਗ
ਕੋਟਕਪੂਰਾ, 24 ਅਪ੍ਰੈਲ 2024 :- ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਚੁਪਹਿਰਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁਖ ਸੇਵਾਦਾਰ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਾਣੀ ਨਾਲ ਜੋੜਨ ਲਈ ਪੰਜ ਜਪੁ ਜੀ ਸਾਹਿਬ, ਦੋ ਚੌਪਈ ਸਾਹਿਬ ਅਤੇ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿੱਚ ਕੀਤਾ ਜਾਂਦਾ ਹੈ, ਉਹਨਾਂ ਇਸ ਗੱਲ ਤੇ ਜੋਰ ਪਾਇਆ ਕਿ ਗੁਰੂ ਸਾਹਿਬ ਵੇਲੇ ਵੀ ਸੰਗਤਾਂ ਨੂੰ ਇਕੱਤਰ ਕਰਕੇ ਅਕਾਲੀ ਬਾਣੀ ਦੀ ਸੰਥਿਆ ਦਿੱਤੀ ਜਾਂਦੀ ਸੀ ਅਤੇ ਪਾਠ ਕੀਤੇ ਜਾਂਦੇ ਸਨ ਤਾਂ ਜੋ ਬਾਣੀ ਨੂੰ ਸ਼ੁੱਧ ਅਤੇ ਸਪੱਸ਼ਟ ਤਰੀਕੇ ਨਾਲ ਉਚਾਰਨ ਕੀਤਾ ਜਾ ਸਕੇ। ਧੁਰ ਕੀ ਬਾਣੀ ਨੂੰ ਅਸ਼ੁੱਧ ਕਰਕੇ ਪੜਨਾ ਵੀ ਬਾਣੀ ਦੀ ਬੇਅਦਬੀ ਹੀ ਹੁੰਦੀ ਹੈ।
ਜਥੇਦਾਰ ਬਾਬਾ ਇੰਦਰਪਾਲ ਸਿੰਘ ਅਤੇ ਕਾਕਾ ਜਸਵੰਤ ਸਿੰਘ ਨੇ ਕਿਹਾ ਕਿ ਇਹ ਚੁਪਹਿਰਾ ਸਮਾਗਮ ਹਰ ਐਤਵਾਰ ਨੂੰ ਦੁਪਹਿਰ 2:30 ਵਜੇ ਆਰੰਭ ਹੋਇਆ ਕਰਨਗੇ। ਗੁਰੂ ਘਰ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਰਾਜਾ ਨੇ ਕਿਹਾ ਕਿ ਜਿੱਥੇ ਇਸ ਸਮਾਗਮ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਿਆਰ ਦੇ ਰਹੀਆਂ ਹਨ, ਉੱਥੇ ਜੋ ਗੁਰੂ ਘਰ ਨਹੀਂ ਪਹੁੰਚ ਸਕਦੇ, ਉਹਨਾਂ ਦੀ ਸਹੂਲਤ ਲਈ ਇਸ ਦੀ ਲਾਈਵ ਕਵਰੇਜ ਵੀ ਕੀਤੀ ਜਾਵੇਗੀ ਤਾਂ ਜੋ ਘਰ ਬੈਠੀਆਂ ਸੰਗਤਾਂ ਵੀ ਲਾਹਾ ਲੈ ਸਕਨ।
ਭਾਈ ਅਮਰਦੀਪ ਸਿੰਘ ਦੀਪਾ ਅਤੇ ਭਾਈ ਗੁਰਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਅਸਥਾਨ ਤੇ ਗਤਕਾ ਵਿਦਿਆ ਦਿੱਤੀ ਜਾਂਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਅਸਥਾਨ ਕੇ ਵਿਸ਼ੇਸ਼ ਰੂਪ ਵਿੱਚ ਗੁਰਬਾਣੀ ਸੰਥਿਆ, ਗੁਰਬਾਣੀ ਕੀਰਤਨ ਵੀ ਸਿਖਾਇਆ ਜਾਇਆ ਕਰੇਗਾ। ਭਾਈ ਪਰਮਜੀਤ ਸਿੰਘ ਪੰਮਾ ਅਤੇ ਭਾਈ ਨਰਿੰਦਰ ਸਿੰਘ ਜੀ ਅਗਵਾਈ ਹੇਠ ਸੰਗਤਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਕਤਾ ਤੋਂ ਇਲਾਵਾ ਭਾਈ ਗੁਰਮੀਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਹਨੀ ਕਟਾਰੀਆ, ਭਾਈ ਦਰਸ਼ਨ ਸਿੰਘ, ਭਾਈ ਜਤਿਨ ਆਦਿ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਹਿੰਦਾ ਹੈ।