ਗੁਰਬਾਣੀ ਫਲਸਫੇ ਮੁਤਾਬਿਕ ਸੱਚ ਆਚਾਰੀ ਜੀਵਨ ਜਿਉਣ ਦਾ ਮਿਲਦਾ ਹੈ ਗਿਆਨ
ਦੀਪਕ ਗਰਗ
ਕੋਟਕਪੂਰਾ, 24 ਅਪ੍ਰੈਲ 2024 :- ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵਲੋਂ ਸਥਾਨਕ ਗੁਰਦਵਾਰਾ ਗੁਰੂ ਨਾਨਕ ਦੇਵ ਜੀ ਸਤਿਸੰਗ ਸਭਾ ਵਿਖੇ ਕਰਵਾਏ ਗਏ ਮਹੀਨਾਵਾਰੀ ਕੀਰਤਨ ਸਮਾਗਮ ਦੌਰਾਨ ਵੱਖ ਵੱਖ ਕੀਰਤਨੀਏ ਜੱਥਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਸੁਸਾਇਟੀ ਦੇ ਸਕੱਤਰ ਅਤੇ ਗੁਰਦਵਾਰਾ ਸਾਹਿਬ ਦੇ ਬੁਲਾਰੇ ਜੈਮਲ ਸਿੰਘ ਮੱਕੜ ਨੇ ਦੱਸਿਆ ਕਿ ਪਹਿਲਾਂ ਇਸ ਗੁਰਦਵਾਰਾ ਸਾਹਿਬ ਦੇ ਹਜੂਰੀ ਰਾਗੀ ਬੀਬੀ ਨਿਰਮਲਜੀਤ ਕੌਰ ਦੇ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਹਾਜਰੀ ਭਰੀ ਅਤੇ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।
ਉਸ ਤੋਂ ਬਾਅਦ ਭਾਈ ਨਿਰਭੈ ਸਿੰਘ ਹਜੂਰੀ ਰਾਗੀ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨ ਦੀ ਮਨਸ਼ਾ ਨਾਲ ਗੁਰਬਾਣੀ ਦੇ ਵੱਖ ਵੱਖ ਸ਼ਬਦਾਂ ਦੀ ਸਾਂਝ ਪਾਈ। ਉਹਨਾਂ ਆਖਿਆ ਕਿ ਗੁਰਬਾਣੀ ਸਾਡੇ ਸਤਿਕਾਰਤ ਗੁਰੂ ਸਾਹਿਬਾਨਾ ਦਾ ਫਲਸਫਾ ਹੈ, ਜਿਸ ਤੋਂ ਸੇਧ ਲੈਣ ਦੀ ਲੋੜ ਹੈ। ਉਹਨਾ ਸਮਾਜਿਕ ਕੁਰੀਤੀਆਂ ਤੋਂ ਬਚਣ ਅਤੇ ਸੱਚ ਆਚਾਰੀ ਜੀਵਨ ਜਿਉਣ ਦਾ ਸੰਦੇਸ਼ ਦਿੱਤਾ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪੂਰਨ ਸਿੰਘ ਨੇ ਦੱਸਿਆ ਕਿ ਅਰਦਾਸ ਬੇਨਤੀ ਅਤੇ ਪਵਿੱਤਰ ਹੁਕਮਨਾਮਾ ਲੈਣ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਗੁਰੂ ਦਾ ਲੰਗਰ ਰਲ ਕੇ ਛਕਿਆ।