ਗਰਭਵਤੀ ਔਰਤਾਂ ਅਤੇ ਨਵਜਨਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਸੁਰੱਖਿਆ ਲਈ ਮੁਕੰਮਲ ਟੀਕਾਕਰਨ ਜਰੂਰੀ : ਡਾ. ਰਾਕੇਸ਼ ਚੋਪੜਾ
- ਸਿਹਤ ਵਿਭਾਗ ਵੱਲੋਂ 'ਵਿਸ਼ਵ ਟੀਕਾਕਰਨ ਹਫ਼ਤੇ' ਦੀ ਸ਼ੁਰੂਆਤ, ਜਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਵੱਖ-ਵੱਖ ਟੀਕਾਕਰਨ ਸੈਸ਼ਨਾਂ ਦਾ ਕੀਤਾ ਗਿਆ ਨਿਰੀਖਣ
ਜਲੰਧਰ, 24 ਅਪ੍ਰੈਲ 2024 - ਸਿਹਤ ਵਿਭਾਗ ਵੱਲੋਂ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ 'ਵਿਸ਼ਵ ਟੀਕਾਕਰਨ ਹਫ਼ਤਾ' ਮਨਾਇਆ ਜਾ ਰਿਹਾ ਹੈ। ਜਲੰਧਰ ਜਿਲ੍ਹੇ ਵਿੱਚ ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਬੁੱਧਵਾਰ ਨੂੰ ਅਰਬਨ ਸੀ.ਐਚ.ਸੀ. ਬਸਤੀ ਗੁਜਾਂ, ਯੂ.ਪੀ.ਐਚ.ਸੀ. ਬਸਤੀ ਦਾਨਿਸ਼ਮੰਦਾ, ਯੂ.ਪੀ.ਐਚ.ਸੀ. ਬਸਤੀ ਨੌ ਵਿਖੇ ਵਿਸ਼ੇਸ਼ ਟੀਕਾਕਰਨ ਹਫ਼ਤੇ ਦੀ ਸ਼ੁਰੂਆਤ ਕਰਦੇ ਹੋਏ ਟੀਕਾਕਰਨ ਸੈਸ਼ਨਾਂ ਦਾ ਨਿਰੀਖਣ ਕੀਤਾ ਗਿਆ ਅਤੇ ਸਿਹਤ ਸਟਾਫ਼ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨਾਲ ਜਿਲ੍ਹਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਵੀ ਮੌਜੂਦ ਸਨ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਅਰਬਨ ਸੀ.ਐਚ.ਸੀ. ਬਸਤੀ ਗੁਜਾਂ ਵਿਖੇ ਟੀਕਾਕਰਨ ਸੈਸ਼ਨ ਦਾ ਜਾਇਜਾ ਲੈਂਦੇ ਹੋਏ ਗਰਭਵਤੀ ਔਰਤਾਂ ਅਤੇ ਨਵਜਨਮੇ ਬੱਚੇ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀਆਂ ਮਾਵਾਂ ਨੂੰ ਰੂਟੀਨ ਟੀਕਾਕਰਨ ਦੀ ਮਹੱਤਤਾ ਦੱਸਦੇ ਹੋਏ ਟੀਕਾਕਰਨ ਕਰਵਾਉਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਗਰਭਵਤੀ ਔਰਤਾਂ ਅਤੇ ਟੀਕਾਕਰਨ ਤੋਂ ਕਿਸੇ ਕਾਰਨਾਂ ਕਰਕੇ ਵਾਂਝੇ ਰਹਿ ਗਏ ਨਵਜਨਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਦਾ ਟੀਕਾਕਰਨ ਕਰਵਾਉਣਾ ਅਤੇ 100 ਫੀਸਦੀ ਰੂਟੀਨ ਟੀਕਾਕਰਨ ਨੂੰ ਯਕੀਨੀ ਬਣਾ ਕੇ ਜੱਚਾ-ਬੱਚਾ ਮੌਤ ਦਰ ਨੂੰ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਟੀਕਾਕਰਨ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਵਧਾਉਂਦਾ ਹੈ ਅਤੇ ਰੋਕਥਾਮ-ਯੋਗ ਬਿਮਾਰੀਆਂ ਦੇ ਵਿਰੁੱਧ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਈ ਹੁੰਦਾ ਹੈ।
ਡਾ. ਰਾਕੇਸ਼ ਚੋਪੜਾ ਨੇ ਸਿਹਤ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਟੀਕਾਕਰਨ ਸੈਸ਼ਨ ਦੌਰਾਨ ਆ ਰਹੇ ਲੋਕਾਂ ਨੂੰ ਰੂਟੀਨ ਟੀਕਾਕਰਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਜੱਚਾ-ਬੱਚਾ ਸਿਹਤਮੰਦ ਅਤੇ ਬਿਮਾਰੀਆਂ ਤੋਂ ਸੁਰੱਖਿਅਤ ਰਹਿ ਸੱਕਣ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਦਿਨ ਜਿਲ੍ਹੇ ਵਿੱਚ ਨਵਜਨਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ 2077 ਬੱਚਿਆਂ ਅਤੇ 150 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ।