ਵਿਸ਼ਵ ਟੀਕਾਕਰਨ ਹਫਤੇ ਦੀ ਹੋਈ ਸ਼ੁਰੂਆਤ
ਟੀਕਾਕਰਨ ਤੋਂ ਵਾਂਝੇ ਰਹੇ ਬੱਚੇ ਜਾਂ ਗਰਭਵਤੀ ਮਾਂਵਾਂ ਦਾ ਕੀਤਾ ਜਾਵੇਗਾ ਸੰਪੂਰਨ ਟੀਕਾਕਰਨ- ਡਾ. ਦਲਜੀਤ ਕੌਰ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ , 24 ਅਪ੍ਰੈਲ ,2024
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕਿਸੇ ਕਾਰਨ ਟੀਕਾਕਰਣ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਵਿਸ਼ਵ ਟੀਕਾਕਰਨ ਹਫਤੇ ਅਧੀਨ 24 ਤੋਂ 30 ਅਪ੍ਰੈਲ ਤੱਕ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਡਾ. ਮਨੂੰ ਵਿੱਜ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੀ.ਐਚ.ਸੀ ਕੀਰਤਪੁਰ ਸਾਹਿਬ ਵਿੱਚ ਵਿਸ਼ਵ ਟੀਕਾਕਰਨ ਹਫਤੇ ਦੀ ਸ਼ੁਰੂਆਤ ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਨੇ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਅਧੀਨ ਪੀ.ਐਚ.ਸੀ ਕੀਰਤਪੁਰ ਸਾਹਿਬ ਆਉਂਦੇ ਪੂਰੇ ਏਰੀਏ ਵਿੱਚ ਸਪੈਸ਼ਲ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੀ.ਐਚ.ਸੀ ਕੀਰਤਪੁਰ ਸਾਹਿਬ ਦੇ ਅਧੀਨ ਆਉਂਦੇ ਸਾਰੇ ਸੈਂਟਰਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ ਜੋ ਕਿ 30 ਅਪ੍ਰੈਲ ਤੱਕ ਚੱਲੇਗੀ। ਇਸ ਮੋਕੇ ਹੋਰ ਜਾਣਕਾਰੀ ਦਿੰਦਿਆਂ ਡਾ. ਦਲਜੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਸਿਹਤ ਕਰਮਚਾਰੀਆਂ ਨੂੰ ਪਹਿਲਾਂ ਹੀ ਟ੍ਰੇਨਿੰਗ ਦੇ ਕੇ ਜਾਗਰੂਕ ਕੀਤਾ ਜਾ ਚੁੱਕਾ ਹੈ। ਸੀਨੀਅਰ ਮੈਡੀਕਲ ਅਫਸਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਦਾ ਪੂਰਾ ਲਾਭ ਲੈਣ ਅਤੇ ਆਪਣਾ ਟੀਕਾਕਰਨ ਪੂਰਾ ਕਰਵਾਉਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਜਾਣਕਾਰੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।