ਇਸ ਕੇਸ ਵਿਚ ਪੁਰਾਣੇ ਲੁਧਿਆਣੇ ਸ਼ਹਿਰ ਦੇ ਨੌਘਰਾ ਮੁਹੱਲਾ ਵਿਚ 15 ਮਈ 1907 ਨੂੰ ਜਨਮੇ ਸੁਖਦੇਵ ਥਾਪਰ ਨੂੰ ਮੁੱਖ ਸਾਜ਼ਿਸ਼ਕਰਤਾ ਅਤੇ ਆਰੋਪੀ ਬਣਾਇਆ ਗਿਆ ਸੀ। ਆਪ ਅਤੇ ਭਗਤ ਸਿੰਘ ਅਤੇ ਰਾਜਗੁਰੂ ਅਤੇ ਹੋਰ 22 ਲੋਕਾਂ ਨੂੰ ਵੀ, ਜੋ ਲਗਭਗ ਹਮ ਉਮਰ ਦੇ ਸਨ, ਇਸ ਕੇਸ ਵਿਚ ਆਰੋਪੀ ਬਣਾਏ ਗਏ ਸੀ। ਇਸੀ ਦੇ ਨਾਲ ਨਾਲ ਉਨ੍ਹਾਂ ਦੇ ਹੋਰ ਨੌਜੁਆਨ ਹਮ ਉਮਰ ਸਾਥੀਆਂ ਨੂੰ ਵੀ ਸਹਿ-ਅਭਿਯੁਕਤ ਬਣਾਇਆ ਗਿਆ ਸੀ। 1920 ਦੇ ਦਹਾਕੇ ਵਿਚ ਹੋਈਆਂ ਘਟਨਾਵਾਂ ਅਤੇ ਇਸ ਕੇਸ ਦੇ ਅਰੰਭ ਹੁੰਦਿਆਂ ਹੀ ਰਾਸ਼ਟਰ ਦੀ ਆਜ਼ਾਦੀ ਦੇ ਸੰਘਰਸ਼ ਨੇ ਭਾਰਤ ਵਿਚ ਬ੍ਰਿਟਿਸ਼ ਰਾਜ, ਸਾਮਰਾਜਵਾਦ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ। ਆਖਿਰ ਵਿਚ ਇਸ “ਕ੍ਰਾਂਤੀਕਾਰੀ ਤ੍ਰਿਮੂਰਤੀ” ਨੂੰ ਫਾਂਸੀ ਰਾਹੀਂ ਮੌਤ ਦੀ ਸਜ਼ਾ ਸੁਣਾਈ ਗਈ ਅਤੇ 23 ਮਾਰਚ 1931 ਨੂੰ ਇਨ੍ਹਾਂ ਨੂੰ ਫਾਂਸੀ ਤੇ ਚੜ੍ਹਾ ਦਿੱਤਾ ਗਿਆ। ਇਹੀ ਨਹੀਂ, ਇਸ ਕੇਸ ਵਿਚ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਆਜੀਵਨ ਜੇਲ੍ਹ ਦੀ ਸਜ਼ਾ ਅਤੇ ਦੇਸ਼ ਤੋਂ ਦੂਰ ਦੂਰ ਭੇਜਿਆ ਗਿਆ, ਜਲਾਵਤਨ ਕੀਤਾ ਗਿਆ।
ਜਦੋਂ ਅਸੀਂ ਸ਼ਹੀਦ ਸੁਖਦੇਵ ਦੀ ਛੋਟੀ ਜਿਹੀ ਪਰ ਮਹਾਨ ਘਟਨਾਵਾਂ ਨਾਲ ਭਰੀ ਜੀਵਨ ਯਾਤਰਾ ਤੇ ਨਜ਼ਰਸਾਨੀ ਕਰਦੇ ਹਾਂ ਸਾਨੂੰ ਦਿਖਾਈ ਦਿੰਦਾ ਹੈ ਕਿ ਉਹ ਅਜੇ 03 ਕੁ ਸਾਲ ਦੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਰਾਮ ਲਾਲ ਥਾਪਰ ਚਲ ਵਸੇ। ਸ਼੍ਰੀ ਰਾਮ ਲਾਲ ਥਾਪਰ ਇਕ ਛੋਟੇ ਜਿਹੇ ਵਪਾਰੀ, ਕਾਰੋਬਾਰੀ ਸਨ। ਇੰਝ ਇਸ ਅਬੋਧ ਬਾਲਕ ਸੁਖਦੇਵ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਤਾਇਆ ਜੀ ਸ਼੍ਰੀ ਅਚਿੰਤ ਰਾਮ ਥਾਪਰ, ਜੋ ਉਨ੍ਹੀਂ ਦਿਨੀ ਲਾਇਲਪੁਰ, ਪੰਜਾਬ (ਅੱਜ ਪਾਕਿਸਤਾਨ) ਵਿਚ ਰਹਿੰਦੇ ਸਨ, ਦੀ ਦੇਖ ਰੇਖ ਵਿਚ ਹੋਇਆ। ਲਾਇਲਪੁਰ ਵਿਚ ਸ਼੍ਰੀ ਅਚਿੰਤ ਰਾਮ ਜੀ ਇਕ ਪ੍ਰਮੁੱਖ ਸਮਾਜਸੇਵੀ ਅਤੇ ਸੁਤੰਤਰਤਾ ਲਹਿਰ ਦੇ ਪ੍ਰਮੁੱਖ ਸਮਰਥਕ ਸਨ ਅਤੇ ਇਸ ਸੰਬੰਧ ਵਿਚ ਉਨ੍ਹਾਂ ਦੀ 1919 ਅਤੇ 1921 ਵਿਚ ਹੋਈ ਗ੍ਰਿਫ਼ਤਾਰੀ ਨੇ ਜੁਆਨ ਹੋ ਰਹੇ ਸੁਖਦੇਵ ਦੇ ਮਨ ਤੇ ਦੇਸ਼ ਸੇਵਾ ਦਾ ਵਾਧੂ ਗੁੱਸੇ ਨੇ ਭਰਪੂਰ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੇ ਇਸ ਦੇ ਵਿਰੁੱਧ ਸੰਘਰਸ਼ ਕਰਨ ਦੀ ਪ੍ਰਤੀਬੱਧਤਾ ਦਾ ਨਿਸ਼ਚਾ ਕੀਤਾ। ਸ਼ਹੀਦ ਭਗਤ ਸਿੰਘ ਅਤੇ ਸੁਖਦੇਵ ਦੇ ਪਰਿਵਾਰਾਂ ਦੀ ਆਪਸੀ ਗਹਿਰੀ ਜਾਣ-ਪਛਾਣ ਸੀ। ਇੰਝ ਇਸ ਜੁਆਨ ਹੋ ਰਹੀ ਜੋੜੀ ਨੇ ਆਪਣੀ ਸਕੂਲੀ ਸਿੱਖਿਆ ਪੂਰੀ ਕਰਨ ਦੇ ਬਾਅਦ ਅੱਗੇ ਦੀ ਪੜ੍ਹਾਈ ਲਈ ਨੈਸ਼ਨਲ ਕਾਲੇਜ ਲਾਹੌਰ ਵਿਚ ਦਾਖਲਾ ਲੈਅ ਲਿਆ। ਉਨ੍ਹਾਂ ਦਿਨੀਂ ਲਾਹੌਰ ਵਿਚ ਇਹੀ ਇਕ ਕਾਲੇਜ ਸੀ ਜਿਸਦੀ ਸਥਾਪਨਾ ਸੁਪ੍ਰਸਿੱਧ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਇ ਹੱਥੋਂ ਹੋਈ ਸੀ ਅਤੇ ਇਸੀ ਕਾਲੇਜ ਵਿਚ ਨੌਜੁਆਨਾਂ ਵਿਚ ਸਮਾਜ ਸੇਵਾ ਦੇ ਭਾਵ ਇਵੇਂ ਕੁੱਟ ਕੁੱਟ ਕੇ ਭਰੇ ਜਾਂਦੇ ਸਨ, ਜਿਵੇਂ ਕਿ ਉਨ੍ਹਾਂ ਨੂੰ ਸਮਾਜ ਸੇਵਾ ਦੀ ਗਹਿਰੀ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ।
ਇਸੀ ਕਾਲੇਜ ਵਿਚ ਨੌਜੁਆਨ ਜੁਝਾਰੂ, ਪ੍ਰਤਿਭਾਵਾਂ ਨੂੰ ਖੁੱਲ੍ਹੇ ਦਲੇਰਾਨਾਂ ਅੰਦਾਜ਼ ਵਿਚ ਬੌੱਧਿਕ ਚਰਚਾਵਾਂ ਵਿਚ ਹਿੱਸੇਦਾਰੀ ਕਰਨ, ਭਿੰਨ ਭਿੰਨ ਵਿਸ਼ਿਆਂ ਤੇ ਆਪਣੇ ਅਧਿਆਪਕਾਂ ਤੋਂ ਖੁਲ੍ਹ ਕੇ ਸਵਾਲ ਕਰਨ, ਦੁਨੀਆ ਭਰ ਦੇ ਕ੍ਰਾਂਤੀਕਾਰੀਆਂ, ਭਾਰਤ ਦੇ ਕ੍ਰਾਂਤੀਕਾਰੀਆਂ ਦੀਆਂ ਗਤਿਵਿਧੀਆਂ ਦੇ ਬਾਰੇ ਵਿਚਾਰ ਕਰਨ, ਜਾਨਣ ਦੀ ਆਜ਼ਾਦੀ ਸੀ। ਇੰਝ ਇਸ ਨੌਜੁਆਨ ਹੋ ਰਹੀ ਜੋੜੀ ਨੂੰ ਸੱਭ ਤੋਂ ਵੱਧ ਜਿਸ ਅਧਿਆਪਕ ਨੇ ਪ੍ਰਭਾਵਤ ਕੀਤਾ... ਉਹ ਸਨ ਰਾਜਨੀਤੀ ਸ਼ਾਸਤ੍ਰ ਦੇ ਵਿਦਵਾਨ ਪ੍ਰੋ. ਜਯਚੰਦਰ ਵਿਦਿਆਲੰਕਾਰ। ਇਹੀ ਨਹੀਂ, ਇਹ ਜੋੜੀ ਆਪਣੇ ਅਧਿਅਨ ਦੇ ਲਈ ਲਾਲਾ ਲਾਜਪਤ ਰਾਇ ਜੀ ਵਲੋਂ ਸਥਾਪਿਤ ਲਾਲਾ ਦਵਾਰਕਾਨਾਥ ਲਾਇਬ੍ਰੇਰੀ ਵਿਚ ਵੀ ਨਿਯਮਿਤ ਤੌਰ ਤੇ ਪੁਸਤਕਾਂ ਪੜ੍ਹਨ ਲਈ ਜਾਇਆ ਕਰਦੇ ਸਨ। ਇਸ ਲਾਇਬ੍ਰੇਰੀ ਵਿਚ ਰਾਜਨੀਤੀ ਸ਼ਾਸਤ੍ਰ ਦੇ ਸਾਹਿੱਤ ਅਤੇ ਸਮ-ਸਾਮਯਕੀ ਅਤੇ ਗਿਆਨਵਰਧਕ ਪਤ੍ਰਿਕਾਵਾਂ ਵੀ ਵੱਡੀ ਮਾਤਰਾ ਵਿਚ ਉਪਲਬਧ ਸਨ, ਜਿਨ੍ਹਾਂ ਨੇ ਭਗਤ ਸਿੰਘ ਅਤੇ ਸੁਖਦੇਵ ਨੂੰ ਬਹੁਤ ਆਕਰਸ਼ਿਤ ਕੀਤਾ। ਭਗਤ ਸਿੰਘ ਅਤੇ ਸੁਖਦੇਵ ਅਕਸਰ ਇਸ ਪੁਸਤਕਾਲੇ ਤੋਂ ਪੁਸਤਕਾਂ ਉਧਾਰ ਲੈ ਕੇ ਪੜ੍ਹਦੇ ਅਤੇ ਆਪਣੇ ਕਿਰਾਏ ਦੇ ਕਮਰੇ ਵਿਚ ਭਿੰਨ ਭਿੰਨ ਵਿਸ਼ਿਆਂ ਤੇ ਬੜੀ ਦੇਰ ਤੱਕ, ਘੰਟਿਆਂ ਬੱਧੀ ਗਹਿਰੀ ਚਰਚਾ ਵੀ ਕਰਦੇ। ਉਨ੍ਹਾਂ ਦਿਨਾਂ ਵਿਚ ਵੰਡ ਤੋਂ ਪਹਿਲਾਂ ਦਾ ਲਾਹੌਰ ਭਾਰਤ ਦੇ ਪੰਜਾਬ ਰਾਜ ਵਿਚ ਸਿੱਖਿਆ ਦਾ ਇਕ ਵੱਡਾ ਕੇਂਦਰ ਸੀ। ਇੰਝ, ਉਨ੍ਹਾਂ ਦਿਨਾਂ ਵਿਚ ਸੁਤੰਤਰਤਾ ਸੰਘਰਸ਼ ਦੀ ਲਹਿਰ ਹਰੇਕ ਭਾਰਤੀ ਨੌਜੁਆਨ ਨੂੰ ਪ੍ਰਭਾਵਤ ਕਰਦੀ ਸੀ। ਇਸੀ ਲੜੀ ਵਿਚ ਇਨ੍ਹਾਂ ਨੌਜੁਆਨ ਪੜ੍ਹਾਕਿਆਂ ਨੇ 1926 ਵਿਚ ਲਾਹੌਰ ਵਿਚ “ਨੌਜੁਆਨ ਭਾਰਤ ਸਭਾ” ਦੇ ਨਾਓਂ ਨਾਲ ਇਕ ਵਿਦਿਆਰਥੀ ਸੰਗਠਨ ਦਾ ਗਠਨ ਕੀਤਾ। ਇਹ ਸੰਗਠਨ ਪੂਰੀ ਤਰਾਂ ਨਾਲ ਸਮਾਜਵਾਦੀ ਅਤੇ ਆਪਣੀ ਸਮੁਚੀ ਪ੍ਰਕਿਰਤੀ ਵਿਚ ਧਾਰਮਿਕ ਭੇਦ-ਭਾਵ ਤੋਂ ਰਹਿਤ ਇਕ ਗੈਰ ਧਾਰਮਿਕ ਸੰਗਠਨ ਸੀ। ਇਸ ਸੰਗਠਨ ਵਿਚ, ਭਗਤ ਸਿੰਘ ਅਤੇ ਸੁਖਦੇਵ ਨੇ ਪੰਜਾਬ ਦੇ ਨੌਜੁਆਨਾਂ ਨੂੰ ਸ਼ਾਮਿਲ ਕਰਨ ਲਈ ਭਰਪੂਰ ਯਤਨ ਕੀਤੇ ਤੇ ਉਨ੍ਹਾਂ ਨੂੰ ਸਫਲਤਾ ਵੀ ਮਿਲੀ। ਇਨ੍ਹਾਂ ਨੌਜੁਆਨਾਂ ਦੇ ਗਾਰਡੀਅਨ (ਮਾਤਾ-ਪਿਤਾ ਜਾਂ ਹੋਰ ਸੰਬੰਧੀ) ਪਹਿਲਾਂ ਤੋਂ ਹੀ ਰਾਮ ਪ੍ਰਸਾਦ ਬਿਸਮਿਲ ਵਲੋਂ ਬੰਗਾਲ ਵਿਚ 1924 ਚ ਗਠਿਤ ਕੀਤੇ ਗਏ “ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸਿਏਸ਼ਨ” ਨਾਲ ਜੁੜ ਚੁੱਕੇ ਸਨ।
ਲਾਹੌਰ ਸਥਿਤ ਨੌਜੁਆਨ ਕ੍ਰਾਂਤੀਕਾਰੀਆਂ ਨੇ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਪੰਜਾਬ ਵਿਚ ਸਮ-ਵਿਚਾਰਕ ਨੌਜੁਆਨਾਂ ਨਾਲ ਖਾਸ ਮੇਲ-ਮੁਲਾਕਾਤ, ਸੰਪਰਕ ਮੁਹਿਮ ਸ਼ੁਰੂ ਕੀਤੀ। 08-09 ਸਿਤੰਬਰ 1928 ਨੂੰ ਫਿਰੋਜ਼ਸ਼ਾਹ ਕੋਟਲਾ, ਦਿੱਲੀ ਵਿਚ ਉਨ੍ਹਾਂ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸਿਏਸ਼ਨ ਦੇ ਗਠਨ ਦਾ ਐਲਾਨ ਕੀਤਾ। ਇੰਝ, ਹਿੰਦੁਸਤਾਨ ਰਿਪਬਲਿਕ ਐਸੋਸਿਏਸ਼ਨ ਦੇ ਨਾਮ ਨਾਲ ਸੋਸ਼ਲਿਸਟ ਸ਼ਬਦ ਵੀ ਜੋੜਿਆ ਗਿਆ। ਭਗਤ ਸਿੰਘ ਅਤੇ ਸੁਖਦੇਵ, ਦੋਵੇਂ ਹੀ ਸਾਂਪ੍ਰਦਾਇਕਤਾ ਨਾਲ ਨਫ਼ਰਤ ਕਰਦੇ ਸਨ ਅਤੇ ਸਿਰਫ਼ ਇਕ ਨਿਆਂ ਨਾਲ ਪਿਆਰ ਕਰਨ ਵਾਲਾ ਸਮਾਜ, ਸੋਸਾਇਟੀ ਬਨਾਉਣਾ ਚਾਹੁੰਦੇ ਸਨ। ਇਸ ਤਰਾਂ ਚੰਦ੍ਰਸ਼ੇਖਰ ਆਜ਼ਾਦ ਨੂੰ ਐਚ.ਐਸ.ਆਰ.ਏ. ਦਾ ਕਮਾਂਡਰ ਬਣਾਇਆ ਗਿਆ। ਇਸ ਸੰਗਠਨ ਦੀ ਸੰਰਚਨਾ ਦੀ ਮੁੱਖ ਪ੍ਰਕਿਰਤੀ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਵਿਦ੍ਰੋਹ ਕਰਨਾ ਸੀ। ਸੁਖਦੇਵ ਦੀ ਸੰਗਠਨਾਤਮਕ ਬੁੱਧੀਮੱਤਾ, ਕਾਰਜ ਸ਼ੈਲੀ ਨੂੰ ਧਿਆਨ ਵਿਚ ਰੱਖਦਿਆਂ, ਸੰਗਠਨ ਦੇ ਪ੍ਰਮੁੱਖ ਕਾਰਜਕਰਤਾਵਾਂ ਵਿਚੋਂ ਇਕ ਹੋਣ ਦੇ ਨਾਤੇ, ਆਪ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ। .... ਅਤੇ ਇਹੀ ਉਹ ਸਮਾਂ ਸੀ ਜਦੋਂ ਇਸ ਸੰਗਠਨ ਨੇ ਸਾਈਮਨ ਕਮੀਸ਼ਨ ਦਾ ਭਾਰਤ ਆਉਣ ਤੇ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਅਤੇ ਸਹਾਰਨਪੁਰ, ਆਗਰਾ ਅਤੇ ਲਾਹੌਰ ਵਿਕ ਵੀ ਬੰਬ ਬਨਾਉਣੇ ਸ਼ੁਰੂ ਕੀਤੇ।
ਬ੍ਰਿਟਿਸ਼ ਸਰਕਾਰ ਨੇ “ਭਾਰਤ ਸਰਕਾਰ ਕਾਨੂੰਨ 1919” ਦੇ ਅਸ਼ੀਨ ਚਲ ਰਹੀ ਸਰਕਾਰ ਦੀ ਕਾਰਗੁਜ਼ਾਰੀਆਂ ਦਾ ਅਧਿਐਨ ਕਰਨ ਵਾਸਤੇ ਸਾਈਮਨ ਕਮੀਸ਼ਨ ਨਾਮ ਦੇ ਇਕ ਆਯੋਗ ਭਾਰਤ ਭੇਜਿਆ, ਲੇਕਿਨ ਇਸ ਵਿਚ ਕਿਸੀ ਭਾਰਤੀ ਵਿਅਕਤੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਲਾਹੌਰ ਵਿਚ ਰਹਿਣ ਵਾਲੇ ਰਾਜਨੈਤਿਕ ਸਮੂਹਾਂ ਅਤੇ ਕ੍ਰਾਂਤੀਕਾਰੀਆਂ ਨੇ ਸੰਯੁਕਤ ਤੌਰ ਤੇ ਲਹੌਰ ਪਹੁੰਚਣ ਤੇ ਰੇਲਵੇ ਸਟੇਸ਼ਨ ਤੇ ਹੀ ਇਸਦਾ ਵਿਰੋਧ ਕਰਨ ਦਾ ਨਿਸ਼ਚਾ ਕੀਤਾ। 30 ਅਕਤੂਬਰ 1928 ਨੂੰ ਸੁਖਦੇਵ ਦੀ ਲੀਡਰਸ਼ਿਪ ਵਿਚ ਨੌਜਵਾਨ ਭਾਰਤ ਸਭਾ ਦੇ ਕਾਰਜਕਰਤਾ ਅਤੇ ਸਮਾਜ ਦੇ ਦੂਜੇ ਲੋਕ ਵੀ ਲਾਲਾ ਲਾਜਪਤ ਰਾਇ ਦੀ ਲੀਡਰਸ਼ਿਪ ਵਿਚ ਆਏ ਲੋਕਾਂ ਵਿਚ ਸ਼ਾਮਿਲ ਹੋ ਗਏ। ਇਨ੍ਹਾਂ ਕਾਰਜਕਰਤਾਵਾਂ ਨੇ ਲਾਲਾ ਜੀ ਨੂੰ ਇਕ ਸੁਰੱਖਿਆਤਮਕ ਘੇਰਾ ਵੀ ਉਪਲਬਧ ਕਰਾਇਆ ਸੀ। ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਲਾਹੌਰ ਦੇ ਪੁਲਿਸ ਸੁਪਰਡੇਂਟ ਜੇਮਜ਼ ਏ. ਸਕਾੱਟ ਨੇ ਉਨ੍ਹਾਂ ਤੇ ਲਾਠੀਚਾਰਜ ਕਰਨ ਦਾ ਹੁਕਮ ਦਿੱਤਾ। ਸਕਾੱਟ ਵਲੋਂ ਲਾਲਾ ਜੀ ਨੂੰ ਦੇਖਦਿਆਂ ਹੀ ਪੁਲਿਸ ਵਲੋਂ ਉਨ੍ਹਾਂ ਨੂੰ ਬੜੀ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਨਾਲ ਜਿੱਥੇ ਉਨ੍ਹਾਂ ਦੀ ਛਾਤੀ ਤੇ ਗੰਭੀਰ ਸੱਟਾਂ ਆਈਆਂ ਅਤੇ ਸਿੱਟੇ ਵਜੋਂ ਖੂਨ ਦਾ ਵਹਾਓ ਵੀ ਸ਼ੁਰੂ ਹੋ ਚੁੱਕਿਆ ਸੀ। ਇਸਦੇ ਬਾਅਦ ਲਾਹੌਰ ਦੇ ਮੋਰੀ ਗੇਟ ਤੇ ਇਕ ਸਭਾ ਆਯੋਜਿਤ ਹੋਈ ਜਿਸ ਵਿਚ ਆਪਣੀਆਂ ਸੱਟਾਂ ਦੀ ਪ੍ਰਵਾਹ ਨਾਂ ਕਰਦਿਆਂ ਹੋਏ ਲਾਲਾ ਜੀ ਨੇ ਭਾਸ਼ਣ ਦਿੰਦਿਆਂ ਆਖਿਆ ਕਿ.... “ ਮੈਂ ਐਲਾਨ ਕਰਦਾ ਹਾਂ ਕਿ ਮੇਰੀ ਛਾਤੀ ਤੇ ਲੱਗੀ ਲਾਠੀ ਦੀ ਇਕ ਇਕ ਚੋਟ ਭਾਰਤ ਵਿਚ ਅੰਗ੍ਰੇਜ਼ੀ ਸ਼ਾਸਨ ਦੇ ਕਫ਼ਨ ਵਿਚ ਕਿੱਲ ਸਾਬਿਤ ਹੋਵੇਗੀ।“ ਉਨ੍ਹਾਂ ਦੇ ਇੰਝ ਕਹਿਣ ਤੇ ਉੱਥੇ ਹਾਜ਼ਿਰ ਪੁਲਿਸ ਦੇ ਡਿਪਟੀ ਸੁਪਰਡੇਂਟ ਨੀਲ ਨੇ ਠਹਾਕਾ ਲਗਾਇਆ, ਜਿਸ ਨਾਲ ਸੁਖਦੇਵ ਨੂੰ ਬੜਾ ਦੁੱਖ ਹੋਇਆ, ਕਿਓਂਕਿ ਉਹ ਵੀ ਉੱਥੇ ਹਾਜ਼ਰ ਸਨ। ਪੁਲਿਸ ਦੀ ਲਾਠੀਆਂ ਦੀ ਮਾਰ ਨਾਂ ਸਹਿਣ ਕਰਦਿਆਂ ਉਹ ਕੁਝ ਦਿਨਾਂ ਬਾਅਦ ਸਵਰਾਗ ਸਿਧਾਰ ਗਏ। ਇਸ ਤੇ ਐਚ.ਐਸ.ਆਰ.ਏ. ਨੇ ਇਸ ਘੋਰ ਅਪਮਾਨ ਅਤੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ, ਇਸ ਲਾਠੀ ਚਾਰਜ ਦੇ ਲਈ ਜ਼ਿੱਮੇਦਾਰ ਪੁਲਿਸ ਅਧਿਕਾਰੀ ਜੇਮਜ਼ ਏ. ਸਕਾੱਟ ਤੋਂ ਬਦਲਾ ਲੈਣ ਦਾ ਨਿਸ਼ਚਾ ਕੀਤਾ ਗਿਆ।
ਇਸਤੋਂ ਬਾਦ ਸੁਖਦੇਵ ਅਤੇ ਦੂਸਰੇ ਕ੍ਰਾਂਤੀਕਾਰੀਆਂ ਨੇ ਕੁਝ ਦਿਨਾਂ ਤੱਕ ਲਾਹੌਰ ਵਿਚ ਜੇਮਜ਼ ਏ. ਸਕਾੱਟ ਦੀਆਂ ਉਸਦੇ ਦਫ਼ਤਰ ਦੀਆਂ ਗਤਿਵਿਧੀਆਂ ‘ਤੇ ਨਜ਼ਰ ਰੱਖਣੀ ਅਰੰਭ ਕੀਤੀ। ਅੰਤ ਵਿਚ ਸੁਖਦੇਵ ਵਲੋਂ ਬਣਾਈ ਗਈ ਯੋਜਨਾ ਦੇ ਅਨੁਸਾਰ ਉਸਦੇ ਭਰੋਸੇਮੰਦ ਕਾਮਰੇਡ ਸਾਥੀਆਂ ... ਭਗਤ ਸਿੰਘ, ਰਾਜਗੁਰੂ, ਚੰਦ੍ਰਸ਼ੇਖਰ ਅਤੇ ਜਯਗੋਪਾਲ ਨੂੰ ਬਦਲਾ ਲੈਣ ਦਾ ਇਹ ਕੰਮ ਸੌਂਪਿਆ ਗਿਆ। ਯੋਜਨਾ ਦੇ ਅਨੁਸਾਰ 17 ਦਿਸੰਬਰ 1928 ਨੂੰ ਜੇਮਜ਼ ਏ. ਸਕਾੱਟ ਨੂੰ ਕਤਲ ਕਰਨ ਦੇ ਯੋਜਾਨਾ ਉਲੀਕੀ ਗਈ। ਕ੍ਰਾਂਤੀਕਾਰੀ ਸਮੇਂ ਤੇ ਆਪਣੇ ਮਿੱਥੇ ਗਏ ਸਥਾਨ ਤੇ ਪਹੁੰਚ ਗਏ। ... ਪਰ ਪਹਿਚਾਣ ਦੇ ਇਕ ਭੁਲਾਵੇ ਵਿਚ ਉਨ੍ਹਾਂ ਨੇ ਇਕ ਹੋਰ ਹੀ ਪੁਲਿਸ ਅਫ਼ਸਰ, ਏ.ਐਸ.ਪੀ. ਜੇ.ਪੀ.ਸਾਂਡਰਸ ਦਾ, ਜੋ ਸਕਾੱਟ ਤੋਂ ਕੋਈ 21 ਵਰ੍ਹੇ ਛੋਟਾ ਸੀ, ਦਾ ਉਦੋਂ ਕਤਲ ਕਰ ਦਿੱਤਾ ਗਿਆ ਜਦੋਂ ਉਹ ਸ਼ਾਮ ਦੇ ਵੇਲੇ ਆਪਣੇ ਦਫ਼ਤਰ ਤੋਂ ਬਾਹਰ ਆ ਰਿਹਾ ਸੀ। ਅਸਲ ਵਿਚ ਜੇਮਜ਼ ਸਕਾੱਟ ਉਸ ਦਿਨ ਕਸੂਰ ਪ੍ਰਾਂਤ ਵਿਚ ਡਿਯੂਟੀ ਤੇ ਸੀ। ਇਸ ਗੋਲੀਕਾਂਡ ਵਿਚ ਕ੍ਰਾਂਤੀਕਾਰੀਆਂ ਨੇ ਸਾਂਡਰਸ ਦੇ ਨਾਲ ਡਿਯੂਟੀ ਕਰ ਰਹੇ ਚੰਨਣ ਸਿੰਘ ਨਾਮ ਦੇ ਇਕ ਹੈੱਡ ਕਾਂਸਟੇਬਲ ਨੂੰ ਵੀ ਗੋਲੀ ਮਾਰ ਦਿੱਤੀ ਗਈ। ਇਨ੍ਹਾਂ ਨੌਜੁਆਨ ਕ੍ਰਾਂਤੀਕਾਰੀਆਂ ਨੇ ਰਾਤ ਦੇ ਸਮੇਂ ਲਾਹੌਰ ਸ਼ਹਿਰ ਦੀਆਂ ਦੀਵਾਰਾਂ ਤੇ ਹੱਥਲਿਖੇ ਪੋਸਟਰ ਵੀ ਚਿਪਕਾਏ ਗਏ, ਜਿਨ੍ਹਾਂ ਤੇ ਲਿਖਿਆ ਗਿਆ ਸੀ.... “ ਲਾਲਾ ਲਾਜਪਤ ਰਾਇ ਦੀ ਮੌਤ ਦਾ ਬਦਲਾ ਲੈ ਲਿਆ ਗਿਆ।“ ਦੂਜੇ ਦਿਨ ਸ਼ਾਮ ਦੇ ਵੇਲੇ ਇਹ ਸਰੀ ਕ੍ਰਾਂਤੀਕਾਰੀ ਆਪਣੀ ਆਪਣੀ ਪਹਿਚਾਣ ਛਿਪਾ ਕੇ ਰਾਤ ਨੂੰ ਕਲਕੱਤਾ ਜਾਣ ਵਾਲੀ ਰੇਲ ਗੱਡੀ ਰਾਹੀਂ ਕਲਕੱਤਾ ਲਈ ਨਿਕਲ ਗਏ। ਕਲਕੱਤਾ ਵਿਖੇ ਸੁਖਦੇਵ ਨੇ ਬੰਬ ਬਨਾਉਣ ਦੀ ਤਕਨੀਕ ਸਿੱਖੀ। ਕੁੱਝ ਸਮੇਂ ਬਾਦ ਇਹ ਸਾਰੇ ਕ੍ਰਾਂਤੀਕਾਰੀ ਫੇਰ ਤੋਂ ਆਗਰਾ, ਸਹਾਰਨਪੁਰ ਅਤੇ ਦਿੱਲੀ ਵਿਚ ਇਕੱਠਾ ਹੋਣਾ ਸ਼ੁਰੂ ਹੋਏ।
1929 ਵਿਚ ਭਾਰਤ ਵਿਚ ਬ੍ਰਿਟਿਸ਼ ਸਰਕਾਰ ਨੇ ਦੋ ਬਿੱਲ- ਦ ਟ੍ਰੇਡ ਡਿਸਪਿਯੂਟਸ ਬਿੱਲ, ਅਤੇ ਪਬਲਿਕ ਸੇਫ਼ਟੀ ਬਿੱਲ ਪਾਸ ਕਰਾਉਣ ਵਾਸਤੇ ਦਿੱਲੀ ਅਸੈਂਬਲੀ ਵਿਚ ਪੇਸ਼ ਕੀਤੇ ਗਏ। ਇਨ੍ਹਾਂ ਬਿੱਲਾਂ ਨੂੰ ਪੇਸ਼ ਕਰਨ ਦਾ ਇੱਕੋ-ਇੱਕ ਉੱਦੇਸ਼ ਕ੍ਰਾਂਤੀਕਾਰੀਆਂ ਦੀਆਂ ਗਤੀਵਿਧੀਆਂ ਤੇ ਰੋਕ ਲਗਾਉਣਾ ਅਤੇ ਜੋ ਲੋਕੀਂ ਸਰਕਾਰ ਦੇ ਵਿਰੁੱਧ ਆਂਦੋਲਨ ਦੀ ਤਿਆਰੀ ਵਿਚ ਸਨ, ਉਨ੍ਹਾਂ ਨੂੰ ਇਸਤੋਂ ਰੋਕਣਾ ਸੀ। ਸਾਰੇ ਰਾਸ਼ਟਰਵਾਦੀਆਂ ਨੇ ਇਨ੍ਹਾਂ ਬਿੱਲਾਂ ਦਾ ਭਰਪੂਰ ਵਿਰੋਧ ਕੀਤਾ। ਐਚ.ਐਸ.ਆਰ.ਏ. ਵਿਚ ਨੌਜੁਆਨ ਮੈਂਬਰਾਂ ਨੇ 08 ਅਪ੍ਰੈਲ 1929 ਨੂੰ ਅਸੈਂਬਲੀ ਦੇ ਚੈਂਬਰ 02 ਬੰਬ ਚਲਾ ਕੇ ਅਤੇ ਆਪਣੀ ਆਵਾਜ਼ ਵਿਚ ਉਚੇ ਨਾਅਰੇ ਲਗਾ ਕੇ ਇਨ੍ਹਾਂ ਬਿੱਲਾਂ ਦਾ ਸਾਂਕੇਤਿਕ ਵਿਰੋਧ ਪ੍ਰਕਟ ਕਰਨ ਦਾ ਫ਼ੈਸਲਾ ਲਿਆ ਗਿਆ। ਇਹ ਕੰਮ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਸੌਂਪਿਆ ਗਿਆ। ਇੱਥੇ ਇਹ ਵਿਓਰਾ ਦੇਣਾ ਵੀ ਸਮੀਚੀਨ ਰਵੇਗਾ ਕਿ ਐਚ.ਐਸ.ਆਰ.ਏ. ਦੇ ਬਾਕੀ ਬਹੁਤੇ ਮੈਂਬਰ ਭਗਤ ਸਿੰਘ ਨੂੰ ਇਹ ਜ਼ਿੱਮੇਦਾਰੀ ਦੇਣ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਨੇ ਇਹ ਕਹਿੰਦਿਆਂ ਇਸ ਗੱਲ ਦਾ ਵਿਰੋਧ ਕੀਤਾ ਕਿ ਸਾਰੀ ਜਾਣਦੇ ਹਨ ਕਿ ਭਗਤ ਸਿੰਘ ਤਾਂ ਪਹਿਲਾਂ ਹੀ ਲਾਹੌਰ ਵਿਚ ਸਾਂਡਰਸ ਕਤਲ ਕਾਂਡ ਵਿਚ ਸ਼ਾਮਿਲ ਹਨ ਅਤੇ ਉਨ੍ਹਾਂ ਵਲੋਂ ਇੰਝ ਕਰਨ ਨਾਲ ਉਨ੍ਹਾਂ ਦੀ ਪਹਿਚਾਣ ਖੁੱਲ੍ਹ ਜਾਵੇਗੀ। ਇਸ ਤੇ ਸੁਖਦੇਵ ਨੇ ਗੁੱਸਾ ਪ੍ਰਕਟ ਕਰਦਿਆਂ ਇਸ ਕੰਮ ਵਿਚ ਭਗਤ ਸਿੰਘ ਨੂੰ ਹੀ ਭੇਜਣ ਲਈ ਆਪਣਾ ਫੈਸਲਾ ਸੁਣਾ ਦਿੱਤਾ ਕਿਓਂਕਿ ਉਹ ਜਾਣਦੇ ਸਨ ਅਤੇ ਉਨ੍ਹਾਂ ਨੂੰ ਇਹ ਪੱਕਾ ਭਰੋਸਾ ਵੀ ਸੀ ਕਿ ਭਗਤ ਸਿੰਘ ਹੀ ਇਸ ਕੰਮ ਨੂੰ, ਯਾਨੀ ਅਸੈਂਬਲੀ ਵਿਚ ਬੰਬ ਸੁੱਟਣ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਕਰ ਸਕਦੇ ਹਨ। ਬੰਬ ਅਤੇ ਪੈਂਫਲੇਟ ਸੁੱਟਨ ਦੇ ਬਾਅਦ ਉਨ੍ਹਾਂ ਨੇ “ਇਨਕਲਾਬ ਜ਼ਿੰਦਾਬਾਦ” ਦੇ ਉੱਚੇ ਉੱਚੇ ਨਾਅਰੇ ਵੀ ਲਗਾਉਣੇ ਸਨ। ਇਸ ਤੇ ਉਹ ਦੋਵੇਂ ਗ੍ਰਿਫਤਾਰ ਕਰ ਲਏ ਗਏ ਕਿਓਂਕਿ ਬੰਬ ਸੁੱਟਣ ਦੇ ਬਾਅਦ ਇਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਉੱਥੋਂ ਦੌੜਨਾ ਜ਼ਰੂਰੀ ਨਹੀਂ ਸਮਝਿਆ, ਇਸਦੀ ਕੋਸ਼ਿਸ਼ ਨਹੀਂ ਕੀਤੀ। ਇਸਤੇ ਸੁਖਦੇਵ ਕੁਝ ਦਿਨਾਂ ਲਈ ਭਗਤ ਸਿੰਘਦੀ ਸੁਰੱਖਿਆ ਬਾਰੇ ਸੋਚਦਿਆਂ ਕਾਫ਼ੀ ਬੇਚੈਨ ਜਿਹੇ ਰਹੇ, ਕਿਓਂਕਿ ਭਗਤ ਸਿੰਘ ਹੀ ਉਹ ਇਕੱਲੇ ਵਿਅੱਕਤੀ ਸਨ ਜਿਸ ਨਾਲ ਉਹ ਵਾਦ-ਵਿਵਾਦ ਵੀ ਕਰਦੇ ਸਨ ਅਤੇ ਸੱਭ ਤੋਂ ਵੱਧ ਪਿਆਰ ਵੀ ਉਸੀ ਨਾਲ ਕਰਦੇ ਸਨ। ਬਾਅਦ ਵਿਚ ਸੁਖਦੇਵ ਥਾਪਰ ਅਤੇ ਪੰਡਿਤ ਕਿਸ਼ੋਰੀ ਲਾਲ ਅਤੇ ਜਯ ਗੋਪਾਲ ਨੂੰ ਵੀ ਗਿਰਫ਼ਤਾਰ ਕਰ ਲਿਆ ਗਿਆ।
ਹੁਣ ਪੁਲਿਸ ਨੂੰ ਇਹ ਭਰੋਸਾ ਹੋ ਗਿਆ ਸੀ ਕਿ ਲਾਹੌਰ ਤੋਂ ਚੱਲਣ ਵਾਲੀਆਂ ਇਨ੍ਹਾਂ ਸਾਰੀਆਂ ਕ੍ਰਾਤੀਕਾਰੀ ਗਤੀਵਿਧੀਆਂ ਦੇ ਪਿੱਛੇ ਦਾ ਕੰਮ ਕਰਨ ਵਾਲਾ ਦਿਮਾਗ ਮੂਲ ਵਿਚ ਸੁਖਦੇਵ ਥਾਪਰ ਦਾ ਹੀ ਸੀ। ਇਸਲਈ ਇਸ ਮਾਮਲੇ ਵਿਚ ਅਪ੍ਰੈਲ 1929 ਵਿਚ ਹੈਮਿਲਤਨ ਹਾਰਡਿੰਗ , ਐਸ.ਐਸ.ਪੀ. ਵਲੋਂ ਸਪੈਸ਼ਲ ਜੱਜ ਆਰ.ਐਸ. ਪੰਡਿਤ ਦੀ ਅਦਾਲਤ ਵਿਚ ਇਕ ਐਫ਼.ਆਈ.ਆਰ. ਦਰਜ ਕਰਵਾਈ ਗਈ ਜਿਸ ਵਿਚ ਦੱਸਿਆ ਗਿਆ ਕਿ ਇਸ ਸਮੁੱਚੇ ਘਟਨਾਕ੍ਰਮ ਦੇ ਪਿਛੋਕੜ ਵਿਚ ਮੁੱਖ ਤੌਰ ਤੇ ਸੁਖਦੇਵ ਥਾਪਰ ਦਾ ਦਿਮਾਗ ਹੀ ਕੰਮ ਕਰ ਰਿਹਾ ਸੀ। ਇਸਲਈ ਇਸ ਐਫ਼.ਆਈ.ਆਰ. ਵਿਚ ਉਨ੍ਹਾਂ ਨੂੰ ਹੀ ਨੰਬਰ-1 ਤੇ ਆਰੋਪਿਤ ਕੀਤਾ ਗਿਆ। ਇਸ ਮਾਮਲੇ ਨੂੰ ਲਾਹੌਰ ਸਾਜ਼ਿਸ਼ ਕੇਸ 1929 ਦੇ ਨਾਮ ਨਾਲ ਜਾਣਿਆ ਗਿਆ ਅਤੇ ਅਧਿਕਾਰਤ ਤੌਰ ਤੇ ਇਸਨੂੰ “ਬ੍ਰਿਟਿਸ਼ ਤਾਜ ਬਨਾਮ ਸੁਖਦੇਵ ਅਤੇ ਹੋਰ” ਦਾ ਨਾਂਓਂ ਦਿੱਤਾ ਗਿਆ। ਇਸ ਕੇਸ ਵਿਚ ਉਨ੍ਹਾਂ ਦਾ ਨਾਮ “ਪੇਂਡੂ” ਯਾਨੀ ਕਿਸਾਨ ਪੁੱਤਰ ਰਾਮਲਾਲ ਥਾਪਰ, ਜਾਤ ਖੱਤਰੀ ਥਾਪਰ ਦੱਸਿਆ ਗਿਆ। ਗਿਰਫ਼ਤਾਰ ਕੀਤੇ ਗਏ ਸੱਭਨਾਂ ਕ੍ਰਾਂਤੀਕਾਰੀਆਂ... ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤਨੂੰ ਲਾਹੌਰ ਕੇਂਦਰੀ ਜੇਲ੍ਹ ਵਿਚ ਲਿਆਂਦਾ ਗਿਆ ਕਿਓਂਕਿ ਪੁਲਿਸ ਨੂੰ ਪੱਕਾ ਭਰੋਸਾ ਸੀ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਇਹ ਸਾਜ਼ਿਸ਼ ਮੂਲ ਰੂਪ ਵਿਚ ਲਾਹੌਰ ਵਿਚ ਹੀ ਬਣਾਈ ਗਈ ਸੀ। ਇਸੀ ਜੇਲ੍ਹ ਵਿਚ ਕ੍ਰਾਂਤੀਕਾਰੀਅਂ ਨੇ ਕੁਝ ਦਿਨਾਂ ਤੱਕ ਖਾਣਾ ਨਾਂ ਖਾ ਕੇ ਭੁੱਖ ਹੜਤਾਲ ਵੀ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਢੰਗ ਨਾਲ ਖਾਣਾ ਖਿਲਾਇਆ ਗਿਆ। ਜੇਲ੍ਹ ਵਿਚ ਉਨ੍ਹਾਂ ਨੂੰ ਕੁੱਟਿਆ, ਮਾਰਿਆ ਤੱਕ ਵੀ ਗਿਆ ਸੀ। ਲੇਕਿਨ ਉਹ ਲੋਕ ਬਾਰ ਬਾਰ ਜ਼ੋਰ ਦੇ ਕੇ ਇਹ ਕਹਿੰਦੇ ਰਹੇ ਕਿ ਉਨ੍ਹਾਂ ਦੇ ਨਾਲ ਵੀ ਜੰਗੀ ਕੈਦੀਆਂ ਵਾਲਾ ਸਲੂਕ ਕੀਤਾ ਜਾਵੇ ਕਿਓਂਕਿ ਉਹ ਵੀ ਤਾਂ ਆਪਣੇ ਦੇਸ਼ ਨੂੰ ਬ੍ਰਿਟਿਸ਼ ਸਾਮਰਾਜਵਾਦ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਇਹ ਗੁੱਸਾ ਅਤੇ ਰੋਸ ਦੀ ਭੜਾਸ ਅਦਾਲਤਾਂ ਵਿਚ ਜੱਜਾਂ ਸਾਹਮਣੇ ਵੀ ਕੱਢੀ ਅਤੇ ਅੱਗੋਂ ਤੋਂ ਉਨ੍ਹਾਂ ਅਦਾਲਤਾਂ ਵਿਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ।
ਭਾਵੇਂ ਇਸ ਮਾਮਲੇ ਵਿਚ ਸਪੈਸ਼ਲ ਜੱਜ ਦੀ ਅਦਾਲਤ ਵਿਚ ਇਹ ਮੁਕੱਦਮਾ 11 ਜੁਲਾਈ 1929 ਤੋਂ ਅਰੰਭ ਹੋ ਚੁੱਕਿਆ ਸੀ, ਪਰ ਬਹੁਤ ਸਾਰੀਆਂ ਸੁਣਵਾਈ ਦੀਆਂ ਤਾਰੀਖਾਂ ਨਿਕਲ ਜਾਣ ਦੇ ਬਾਅਦ ਵੀ ਅਦਾਲਤੀ ਕਾੱਰਵਾਈਆਂ ਪੂਰੀਆਂ ਨਹੀਂ ਸੀ ਹੋ ਰਹੀਆਂ। ਇਸਤੇ ਭਾਰਤ ਦੇ ਵਾਇਸਰਾਇ ਜਾਰਜ ਇਰਵਿਨ ਨੇ ਭਾਰਤ ਸਰਕਾਰ ਕਾਨੂੰਨ 1915 ਦੀ ਧਾਰਾ 72 ਅਧੀਨ ਖੁਦ ਨੂੰ ਪ੍ਰਾਪਤ ਸ਼ਕਤੀਆਂ ਦਾ ਪ੍ਰਯੋਗ ਕਰਦਿਆਂ 01 ਮਈ 1930 ਨੂੰ ਲਾਹੌਰ ਸਾਜ਼ਿਸ਼ ਕੇਸ ਆਰਡੀਨੈਂਸ -91 ਜਾਰੀ ਕਰ ਦਿੱਤਾ ਤਾਕਿ ਇਸਦੀ ਸੁਣਵਾਈ 03 ਜਜਾਂ ਦੇ ਸਪੈਸ਼ਲ ਟ੍ਰਿਬਿਯੁਨਲ ਸਾਹਮਣੇ ਅਰੰਭ ਹੋ ਸਕੇ। ਇੰਝ ਇਸ ਆਰਡੀਨੈਂਸ ਅਧੀਨ ਜਜਾਂ ਦੇ ਫੈਸਲੇ ਨੂੰ ਕਿਸੀ ਵੀ ਅਦਾਲਤ ਵਿਚ ਚੁਣੌਤੀ ਨਹੀਂ ਦਿੱਤੀ ਜਾ ਸਕੇ ਅਤੇ ਇਸ ਬਾਰੇ ਸਿਰਫ਼ ਤੇ ਸਿਰਫ਼ ਲੰਡਨ ਸਥਿਤ ਪ੍ਰਿਵੀ ਕੌਂਸਿਲ ਵਿਚ ਹੀ ਇਸ ਬਾਰੇ ਕਿਸੀ ਵੀ ਅਪੀਲ ਨੂੰ ਸੁਣਿਆ ਜਾ ਸਕੇ। ਉਨ੍ਹਾਂ ਨੇ ਇਸ ਆਰਡੀਨੈਂਸ ਨੂੰ ਜਾਰੀ ਕਰਨ ਵਿਚ ਇਹ ਤਰਕ ਵੀ ਦਿੱਤਾ ਕਿ ਇਸ ਕੇਸ ਵਿਚ ਆਰੋਪਿਤ ਵਿਅੱਕਤੀ ਸਹਿਯੋਗ ਨਹੀਂ ਕਰ ਰਹੇ ਹਨ, ਭੁੱਖ ਹੜਤਾਲਾਂ ਕਰ ਰਹੇ ਹਨ ਅਤੇ ਅਦਾਲਤਾਂ ਵਿਚ ਵਿਵਸਥਾ ਭੰਗ ਕਰ ਰਹੇ ਹਨ ਜਿਸ ਕਰਕੇ ਕੇਸ ਬਾਰ ਬਾਰ ਸੁਣਵਾਈ ਤੋਂ ਰਹਿ ਜਾਂਦੈ, ਜਿਸਦੇ ਸਿੱਟੇ ਵਜੋਂ ਫੈਸਲਾ ਕਰਨ ਵਿਚ ਦੇਰੀ ਹੋ ਰਹੀ ਹੈ। ਇਸ ਆਰਡੀਨੈਂਸ ਨੂੰ ਨਾਂ ਤੇ ਕੇਂਦਰੀ ਵਿਧਾਨ ਸਭਾ ਅਤੇ ਨਾਂ ਹੀ ਉਸ ਸਮੇਂ ਦੀ ਰਾਜ ਸਭਾ (ਕੌਂਸਿਲ ਆੱਫ ਸਟੇਟਸ) ਵਲੋਂ ਅਨੁਮੋਦਿਤ ਕੀਤਾ ਗਿਆ ਸੀ। ਇਸ ਆਰਡੀਨੈਂਸ ਅਨੁਸਾਰ ਟ੍ਰਿਬਿਯੂਨਲ ਨੂੰ 06 ਮਹੀਨੇ ਦੇ ਅੰਦਰ ਅੰਦਰ ਫੈਸਲਾ ਦੇਣਾ ਲਾਜ਼ਮੀ ਸੀ ਅਤੇ ਇਸੀ ਦੇ ਅਨੁਰੂਪ ਉਸਨੇ ਪ੍ਰਤੀਵਾਦੀ ਕ੍ਰਾਂਤੀਕਾਰੀਆਂ ਨੂੰ ਆਪਣਾ ਪੱਖ ਰੱਖਣ ਅਤੇ ਆਪਣੇ ਬਚਾਓ ਵਿਚ ਖੁਦ ਕੋਈ ਵਕੀਲ ਰੱਖਣ, ਜਾਂ ਆਪਣੇ ਪਰਿਵਾਰ ਵਲੋਂ ਜਾਂ ਆਪਣੇ ਸਮਰਥਕਾਂ ਵਲੋਂ ਭਾਰਤ ਵਿਚ ਜਾਂ ਲੰਡਨ ਵਿਚ ਬਚਾਓ ਦਾ ਕੋਈ ਸਾਧਨ, ਸਮੁਚਿਤ ਕੋਈ ਮੌਕਾ ਹੀ ਉਪਲਬਧ ਹੋਣ ਦਿੱਤਾ। ਇਸਤੋਂ ਸਾਫ਼ ਹੋ ਗਿਆ ਕਿ ਇਸ ਆਰਡੀਨੈਂਸ ਦਾ ਮੰਤਵ ਇਨ੍ਹਾਂ ਕ੍ਰਾਂਤੀਕਾਰੀਆਂ ਨੂੰ ਛੇਤੀ ਤੋਂ ਛੇਤੀ ਮੌਤ ਦੀ ਸਜ਼ਾ ਸੁਨਾਉਣਾ ਸੀ। ਹੁਣ ਆਖਿਰ ਵਿਚ ਦੁਰਭਾਗ ਨਾਲ ਇਹ ਕੰਮ ਵੀ 07 ਅਕਤੂਬਰ 1930 ਨੂੰ ਹੀ ਪੂਰਾ ਹੋ ਗਿਆ। ਬਹੁਤ ਸਾਰੇ ਕਾਨੂੰਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰਾਂ, ਬ੍ਰਿਟਿਸ਼ ਸਰਕਾਰ ਇਸ ਪ੍ਰਕਾਰ ਦੇ ਨਿਆਇਕ ਕਤਲ ਦਾ ਅੰਤ ਤਤਪਰਤਾ ਨਾਅਲ ਕਰਨ ਵਿਚ ਕਾਮਯਾਬ ਹੋ ਗਈ.... ਇਸ ਕੇਸ ਵਿਚ ਪਹਿਲਾਂ ਦੀਆਂ ਕਾਰਜਵਾਹੀਆਂ ਦੇ ਅਨੁਸਾਰ ਹੀ ਇਸ ਟ੍ਰਿਬਿਯੂਨਲ ਨੇ ਵੀ ਸੁਖਦੇਵ ਨੂੰ ਹੀ ਭਗਤ ਸਿੰਘ ਦੇ ਨਾਲ ਸਾਜ਼ਿਸ਼ ਰਚਣ, ਕੁਸ਼ਲ ਯੋਜਨਾਕਾਰ ਹੋਣ ਕਾਰਣ ਉਸਦਾ ਸੱਜਾ ਹੱਥ ਹੋਣ ਬਣਾ ਕੇ, ਸਾਜ਼ਿਸ਼ ਵਿਚ ਰਾਜਗੁਰੂ ਨੂੰ ਮੁੱਖ ਨਿਸ਼ਾਨੇਬਾਜ਼ ਬਣਾ ਕੇ ਆਪਣੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਦੇਣ, ਇਕ ਨਤੀਜਾਕੁਨ ਕਾਰਵਾਈ ਕਰਨ ਵਾਲਾ ਦੱਸਿਅ ਜਿਸ ਨਾਲ ਸਾਂਡਰਸ ਦਾ ਕਤਲ ਹੋ ਗਿਆ।
ਜੇਲ੍ਹ ਪ੍ਰਸ਼ਾਸਨ ਵਲੋਂ ਪਹਿਲਾਂ ਸ਼ਹੀਦਾਂ ਨੂੰ ਫਾਂਸੀ ਦੇਣ ਦੀ ਤਾਰੀਖ 24 ਮਾਰਚ 1931 ਮਿੱਥੀ ਗਈ ਸੀ। ਪਰ ਜੇਲ੍ਹ ਦੇ ਬਾਹਰ ਕਿਸੀ ਤਰਾਂ ਦਾ ਕੋਈ ਉਪੱਦਰ ਦੀ ਆਸ਼ੰਕਾ ਨੂੰ ਧਿਆਨ ਵਿਚ ਰੱਖਦਿਆਂ ਇਸ ਨਿਯਤ ਕੀਤੀ ਤਾਰੀਖ ਨੂੰ ਅਗਾਊਂ ਕਰ ਦਿੱਤਾ ਗਿਆ ਅਤੇ 24 ਦੀ ਥਾਂ ਤੇ 23 ਮਾਰਚ 1931 ਨੂੰ ਸ਼ਾਮ ਦੇ ਵੇਲੇ ਹੀ ਇਨ੍ਹਾਂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਜਿਹੜੇ ਪਰਿਵਾਰਜਨ, ਨੇੜਲੇ ਸੰਬੰਧੀ ਫਾਂਸੀ ਤੇ ਲਟਕਾਉਣ ਤੋਂ ਪਹਿਲਾਂ ਉੱਥੇ ਪਹੁੰਚ ਚੁੱਕੇ ਸਨ, ਉਨ੍ਹਾਂ ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ ਨਾਲ ਮਿਲਣ ਨਾਂ ਦਿੱਤਾ ਗਿਆ। ਸ਼ਹੀਦ ਸੁਖਦੇਵ ਥਾਪਰ ਨੂੰ ਮਿਲਣ ਲਈ ਆਈ ਉਨ੍ਹਾਂ ਦੀ ਮਾਤਾ ਜੀ, ਸ਼੍ਰੀਮਤੀ ਰਲੀ ਦਈ ਥਾਪਰ ਅਤੇ ਸ਼੍ਰੀ ਮਥੁਰਾਦਾਸ ਥਾਪਰ ਨੂੰ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ ਜਦੋਂ ਕਿ ਆਪ ਦੇ ਤਾਇਆ ਜੀ ਸ਼੍ਰੀ ਅਚਿਂਤਰਾਮ ਜੀ ਕੋਲ ਮੁੱਖ ਸਕੱਤਰ, ਪੰਜਾਬ ਦਾ ਮੁਲਾਕਾਤ ਸੰਬੰਧੀ ਸਿਫਾਰਿਸ਼ੀ ਪੱਤਰ ਦੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮਿਲਣ, ਦੇਖਣ ਨਹੀਂ ਦਿੱਤਾ ਗਿਆ। ਸ਼ਹੀਦ ਸੁਖਦੇਵ ਥਾਪਰ ਨੂੰ ਫਾਂਸੀ ਦੇ ਫੰਦੇ ਤੱਕ ਲੈਅ ਜਾਏ ਜਾਣ ਤੋਂ ਪਹਿਲਾਂ ਜੇਲਰ ਵਲੋਂ ਉਨ੍ਹਾਂ ਦੀ ਆਖਿਰੀ ਇੱਛਾ ਪੁੱਛੀ ਗਈ ਤਾਂ ਉਨ੍ਹਾਂ ਨੇ ਸਿਰਫ਼ ਇੰਨਾ ਹੀ ਆਖਿਆ.., “ਉਸਦਾ ਕੈਰਮ ਬੋਰਡ, ਉਸਦੇ ਪਰਿਵਾਰ ਨੂੰ ਵਾਪਸ ਕਰ ਦਿੱਤਾ ਜਾਵੇ।“
ਫਾਂਸੀ ਦੇ ਤਖਤੇ ਤੇ ਜਾਣ ਤੇ ਗਲੇ ਚ ਫਾਂਸੀ ਦਾ ਰੱਸ ਪਾਉਣ ਤੋਂ ਪਹਿਲਾਂ ਸੁਖਦੇਵ, ਭਗਤ ਸਿੰਘ, ਰਾਜਗੁਰੂ ਆਪਸ ਵਿਚ ਗਲੇ ਮਿਲੇ, ਉਨ੍ਹਾਂ ਫਾਂਸੀ ਦੇ ਫੰਦੇ ਨੂੰ ਚੁੱਮਿਆ ਅਤੇ ਜੇਲ ਪਰਿਸਰ ਵਿਚ ਹੋਰ ਕੈਦੀਆਂ ਦੇ “ਇਨਕਲਾਬ ਜ਼ਿੰਦਾਬਾਦ“ ਦੇ ਆਕਾਸ਼ ਕੰਬਾਊ ਨਾਅਰਿਆਂ ਦੀ ਆਵਾਜ਼ ਵਿਚ ਇਨ੍ਹਾਂ ਤਿੰਨਾਂ ਵੀਰਾਂ ਨੂੰ ਫਾਂਸੀ ਦੇ ਫੰਦੇ ਤੇ ਲਟਕਾ ਦਿੱਤਾ ਗਿਆ। ਇਹ ਖਬਰ ਸੁਣਦਿਆਂ ਹੀ ਲਾਹੌਰ ਦੀ ਇਸ ਕੇਂਦਰੀ ਜੇਲ੍ਹ ਦੇ ਬਾਹਰ ਲੋਕਾਂ ਦਾ ਇਕ ਵੱਡਾ ਹਜੂਮ ਇਕੱਠਾ ਹੋ ਚੁੱਕਿਆ ਸੀ ਅਤੇ ਪ੍ਰਸ਼ਾਸਨ ਨੂੰ ਕਿਸੀ ਅਣਸੁਖਾਵੀਂ ਦੀ ਆਸ਼ੰਕਾ ਸੀ। ਇਸ ਕਾਰਣ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਮ੍ਰਿਤ ਦੇਹਾਂ ਨੂੰ, ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਰਿਸ਼ਤੇਦਾਰਾਂ ਨੂੰ ਨਹੀਂ ਸੌਂਪਿਆ ਗਿਆ ਰਾਤ ਦਾ ਹਨੇਰਾ ਪੈਂਦਿਆਂ ਹੀ ਉਨ੍ਹਾਂ ਮ੍ਰਿਤ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਵਾਸਤੇ, ਚੁੱਪ ਚੁਪੀਤੇ ਹੀ ਪੁਲਿਸ ਦੀਆਂ ਗੱਡੀਆਂ ਵਿਚ ਲਾਹੌਰ ਤੋਂ ਫਿਰੋਜ਼ਪੁਰ ਵਿਚ ਸਤਲੁਜ ਨਦੀ ਦੇ ਕੰਢੇ ਲਿਆਂਦਾ ਗਿਆ ਅਤੇ ਜਲਾ ਦਿੱਤਾ ਗਿਆ।
ਕਿਰਪਾ ਕਰਕੇ ਨੋਟ ਕਰੋ:
ਇਹ ਲੇਖ ਸ਼ਹੀਦ ਸੁਖਦੇਵ ਦੇ ਯੋਗਦਾਨ ਨੂੰ ਯਾਦ ਕਰਨ ਲਈ ਲਿਖਿਆ ਗਿਆ ਹੈ। ਇਹ ਜ਼ੋਰਦਾਰ ਤੌਰ 'ਤੇ ਮਹਿਸੂਸ ਕੀਤਾ ਜਾਂਦਾ ਹੈ ਕਿ ਆਜ਼ਾਦੀ ਦੇ ਸੰਘਰਸ਼ ਅਤੇ ਲਾਹੌਰ ਸਾਜ਼ਿਸ਼ ਵਿੱਚ ਉਸਦੀ ਭੂਮਿਕਾ ਦੱਸਣ ਲਈ ਸਰਕਾਰਾਂ ਦੁਆਰਾ ਸਹੀ ਨਿਆਂ ਨਹੀਂ ਦਿੱਤਾ ਗਿਆ। ਅਤੇ ਉਸਦਾ ਜਨਮ ਸਥਾਨ ਅਜੇ ਵੀ ਸਹੀ ਮਾਨਤਾ ਤੋਂ ਬਚਿਆ ਹੈ।
-
ਬ੍ਰਿਜ ਭੂਸ਼ਣ ਗੋਇਲ, ਲੇਖਕ
brijbgoyal@gmail.com
9417600666
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.