ਯਾਦਾਂ ਵਿਛੜੇ ਸੱਜਣਾਂ ਦੀਆਂ ਆਈਆਂ........
ਇਸ ਸਮੇਂ ਪੰਜਾਬ 'ਚ ਲੋਕ ਸਭਾ ਚੋਣਾਂ ਦਾ ਮਾਹੌਲ ਉਹਨਾਂ ਹਲਕਿਆਂ 'ਚ ਭਖ ਚੁੱਕਿਆ ਹੈ, ਜਿੱਥੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਮੈਦਾਨ 'ਚ ਉਤਾਰ ਦਿੱਤੇ ਨੇ। ਅਸੀਂ ਗੱਲ ਕਰਾਂਗੇ ਪਟਿਆਲਾ ਲੋਕ ਸਭਾ ਹਲਕੇ ਦੀ। ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਆਕਾਲੀ ਦਲ ਨੇ ਐੱਨ ਕੇ ਸ਼ਰਮਾ ਨੂੰ, ਕਾਂਗਰਸ ਨੇ ਸਾਬਕਾ ਐਮ ਪੀ ਡਾਕਟਰ ਧਰਮਵੀਰ ਗਾਂਧੀ ਨੂੰ, ਸੱਤਾਧਾਰੀ ਪਾਰਟੀ ਨੇ ਪੰਜਾਬ ਦੇ ਵਜ਼ੀਰ-ਏ-ਸੇਹਤ ਡਾਕਟਰ ਬਲਬੀਰ ਸਿੰਘ ਨੂੰ ਅਤੇ ਭਾਜਪਾ ਨੇ ਕਾਂਗਰਸੀ ਟਿਕਟ 'ਤੇ ਪਿਛਲੇ ਵਾਰੀ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੀ ਮਹਾਰਾਣੀ ਪਰਨੀਤ ਕੌਰ ਨੂੰ ਉਮੀਦਵਾਰ ਐਲਾਨਿਆ ਹੈ। ਐੱਨ ਕੇ ਸ਼ਰਮਾ ਜੋ ਕਿ ਪਹਿਲੀ ਵਾਰੀ ਲੋਕ ਸਭਾ ਇਲੈਕਸ਼ਨ ਲੜ ਰਹੇ ਨੇ। ਸੋ ਉਨ੍ਹਾਂ ਨੇ ਪੂਰੀ ਆਪਣੀ ਚੋਣ ਮੁਹਿੰਮ ਨੂੰ ਭਖਾਇਆ ਹੋਇਆ ਹੈ। ਉਨ੍ਹਾਂ ਨੇ ਜੋ ਪੋਸਟਰ ਪਿੰਡਾਂ ਸ਼ਹਿਰਾਂ ਦੀ ਕੰਧਾਂ 'ਤੇ ਲਾਏ ਨੇ, ਉਨ੍ਹਾਂ ਚੋਂ ਦੋ ਫ਼ੋਟੋਆਂ ਕਾਬਿਲ-ਏ-ਗ਼ੌਰ ਨੇ, ਜਿਸ 'ਚ ਇੱਕ ਫ਼ੋਟੋ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਹੈ ਤੇ ਦੂਜੀ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਹੈ।ਜੱਥੇਦਾਰ ਟੌਹੜਾ ਪੰਥਕ ਸਫ਼ਾਂ 'ਚ ਕਾਫ਼ੀ ਮੰਨੇ ਪ੍ਰਮੰਨੇ ਸਿਆਸਤਦਾਨ ਸਨ। ਮਰਹੂਮ ਟੌਹੜਾ ਸਾਹਿਬ 27 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ। ਇਸ ਦੇ ਨਾਲ ਹੀ 5 ਵਾਰ ਰਾਜ ਸਭਾ ਦੇ ਮੈਂਬਰ ਵੀ ਬਣੇ ਤੇ ਇੱਕ ਵਾਰੀ ਲੋਕ ਸਭਾ ਹਲਕਾ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਲੋਕ ਸਭਾ ਦੀਆਂ ਪੌੜੀਆਂ ਵੀ ਚੜ੍ਹੇ। ਪਰ ਟੌਹੜਾ ਸਾਹਿਬ ਨੂੰ ਇੱਕ ਛੋਟਾ ਜਿਹਾ ਬਿਆਨ ਦੇਣ ਦੀ ਵੱਡੀ ਸਜ਼ਾ ਭੁਗਤਣੀ ਪਈ। ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਚੋਂ ਕੱਢ ਦਿੱਤਾ ਸੀ। ਬਿਆਨ 'ਚ ਟੌਹੜਾ ਸਾਹਿਬ ਨੇ ਸਿਰਫ਼ ਇੰਨਾ ਆਖਿਆ ਸੀ, ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਨੇ, ਇਸ ਕਰਕੇ ਉਨ੍ਹਾਂ ਦੇ ਮੋਢਿਆਂ 'ਤੇ ਹੁਣ ਵੱਡੀ ਜਿੰਮੇਵਾਰੀ ਹੈ, ਸੋ ਹੁਣ ਉਨ੍ਹਾਂ ਨੂੰ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਤਾਂ ਭਾਵੇਂ ਰਹਿਣ ਪਰ ਪ੍ਰਧਾਨਗੀ ਵਾਲੀਆਂ ਨਿੱਤ ਦੀਆਂ ਜਿੰਮੇਵਾਰੀਆਂ ਨਿਭਾਉਣ ਖ਼ਾਤਰ ਆਪਣੇ ਕਿਸੇ ਇਤਬਾਰੀ ਨੂੰ ਵਰਕਿੰਗ ਪ੍ਰਧਾਨ ਬਣਾ ਦੇਣ।
ਬਸ ਇੰਨੀ ਗੱਲ ਤੋਂ ਹੀ ਬਾਦਲ ਸਾਹਿਬ ਨਾਰਾਜ਼ ਹੋ ਗਏ ਤੇ ਟੌਹੜਾ ਸਾਹਿਬ ਨੂੰ ਅਕਾਲੀ ਦਲ ਚੋਂ ਕੱਢ ਦਿੱਤਾ ਗਿਆ। ਫਿਰ ਟੌਹੜਾ ਸਾਹਿਬ ਬਾਦਲਾਂ ਤੋਂ ਅੱਡ ਹੋ ਕੇ 2002 'ਚ ਵਿਧਾਨ ਸਭਾ ਦੀਆਂ ਚੋਣਾਂ ਲੜੇ ਤੇ ਪਰ ਇੱਕ ਵੀ ਕੋਈ ਸੀਟ ਨਾ ਜਿੱਤ ਸਕੇ, ਪਰ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਇੰਨਾ ਨੁਕਸਾਨ ਕਰ ਦਿੱਤਾ ਕਿ, ਸ਼੍ਰੋਮਣੀ ਆਕਾਲੀ ਵੀ ਸਰਕਾਰ ਬਣਾਉਣ ਜੋਗੀਆਂ ਸੀਟਾਂ ਨਾ ਲਿਜਾ ਸਕਿਆ। ਇਸ ਤੋਂ ਬਾਅਦ ਅਪਰੈਲ 2004 'ਚ ਟੌਹੜਾ ਸਾਹਿਬ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਟੌਹੜਾ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ 'ਚ ਵੁੱਕਤ ਘਟਦੀ ਗਈ, ਅੰਤ ਟੌਹੜਾ ਪਰਿਵਾਰ 2017 ਦੀਆਂ ਚੋਣਾਂ ਵੇਲੇ ਆਪ ਪਾਰਟੀ 'ਚ ਸ਼ਾਮਲ ਹੋ ਗਿਆ ਤੇ ਉਨ੍ਹਾਂ ਦੀ ਧੀ ਵਿਧਾਨ ਸਭਾ ਦੀਆਂ ਚੋਣਾਂ ਲੜੀ ਪਰ ਹਾਰ ਗਈ। ਇਸ ਤੋਂ ਬਾਅਦ ਟੌਹੜਾ ਪਰਿਵਾਰ ਨੇ ਫਿਰ ਅਕਾਲੀ ਦਲ ਦਾ ਪੱਲਾ ਫਡ਼ਿਆ। ਪਰ ਸ਼ਿਕਵੇ ਸ਼ਿਕਾਇਤਾਂ ਓਵੇਂ ਰਹੀਆਂ। ਅੱਜਕੱਲ੍ਹ ਫਿਰ ਅਖਬਾਰਾਂ ਦੀਆਂ ਸੁਰਖੀਆਂ ਦੱਸ ਰਹੀਆਂ ਨੇ ਕਿ ਟੌਹੜਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਅੰਦਰ ਖਾਤੇ ਨਾਰਾਜ਼ ਹੈ ਤੇ ਇਸ ਕਰਕੇ ਅਕਾਲੀ ਦਲ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਦੀ ਚੋਣ ਮੁਹਿੰਮ ਤੋਂ ਦੂਰੀ ਬਣਾਈ ਹੋਈ ਹੈ।
ਇਸੇ ਤਰ੍ਹਾਂ ਅਕਾਲੀ ਦਲ ਦੇ ਚੋਣ ਪੋਸਟਰਾਂ ਤੇ ਦੂਜੀ ਫ਼ੋਟੋ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਹੈ, ਜੋ ਕਿ ਤਕਰੀਬਨ ਢਾਈ ਦਹਾਕੇ ਸ਼੍ਰੋਮਣੀ ਅਕਾਲੀ ਦੀ ਸਿਆਸਤ 'ਚ ਛਾਏ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਬਰਨਾਲਾ ਤੇ ਬਾਦਲ ਦੀ ਵਜ਼ਾਰਤ 'ਚ 3 ਦਫ਼ਾ ਵਜ਼ੀਰ ਬਣੇ। ਕੈਪਟਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਵੱਡੇ ਕੱਦਾਵਰ ਲੀਡਰ ਸਨ। ਪਰ ਓਹ ਅਚਾਨਕ 2009 'ਚ ਇਕ ਸੜਕ ਹਾਦਸੇ ਦੌਰਾਨ ਫੌਤ ਹੋ ਗਏ। ਫਿਰ ਉਨ੍ਹਾਂ ਦੀ ਫੌਤਗੀ ਤੋਂ ਬਾਅਦ ਜ਼ਿਮਨੀ ਚੋਣ 'ਚ ਉਨ੍ਹਾਂ ਦੇ ਬੇਟੇ ਜਸਜੀਤ ਸਿੰਘ ਬੰਨੀ ਨੂੰ ਵਿਧਾਨ ਸਭਾ ਦੀ ਟਿਕਟ ਦੇ ਕੇ ਐਮ ਐਲ ਏ ਬਣਾਇਆ ਗਿਆ, ਪਰ 2012 ਦੀਆਂ ਵਿਧਾਨ ਸਭਾ ਦੀਆਂ ਆਮ ਚੋਣ 'ਚ ਬੰਨੀ ਦੀ ਟਿਕਟ ਕੱਟ ਕੇ ਐੱਨ ਕੇ ਸ਼ਰਮਾ ਨੂੰ ਦਿੱਤੀ ਗਈ। ਇਸ ਤੋਂ ਬਾਅਦ ਕੈਪਟਨ ਪਰਿਵਾਰ ਦੇ ਸਿਆਸਤ 'ਚੋਂ ਅਜਿਹੇ ਪੈਰ ਉੱਖੜੇ, ਕਿ ਮੁੜ ਲੱਗੇ ਹੀ ਨਹੀਂ। ਹੋਰ ਤਾਂ ਹੋਰ ਕੈਪਟਨ ਦਾ ਪਰਿਵਾਰ ਆਪਸ 'ਚ ਹੀ ਦੋਫਾੜ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦਰਕਿਨਾਰ ਕਰਨ ਤੋਂ ਬਾਅਦ ਕੈਪਟਨ ਕੰਵਲਜੀਤ ਦੀ ਪਤਨੀ ਤੇ ਬੇਟੀ 2017 ਦੀਆਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਈਆਂ ਤੇ ਕੈਪਟਨ ਕੰਵਲਜੀਤ ਦੀ ਪਤਨੀ ਨੇ 2017 ਦੀ ਚੋਣ ਆਮ ਆਦਮੀ ਪਾਰਟੀ ਵੱਲੋਂ ਲੜੀ, ਪਰ ਜਿੱਤ ਹਾਸਲ ਨਾ ਕਰ ਸਕੀ। ਇਸ ਤੋਂ ਬਾਅਦ ਕੈਪਟਨ ਪਰਿਵਾਰ ਇੱਕ ਤਰ੍ਹਾਂ ਨਾਲ ਸਿਆਸੀ ਮੈਦਾਨ ਚੋਂ ਓਹਲੇ ਹੋ ਗਿਆ। ਹੁਣ ਇਨ੍ਹਾਂ ਦੋਵਾਂ ਵੱਡੇ ਲੀਡਰਾਂ ਦੀਆਂ ਫ਼ੋਟੋਆਂ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਦੇ ਪੋਸਟਰਾਂ 'ਤੇ ਵਿਖਾਈ ਦੇਣ ਦੇ ਕੀ ਮਾਇਨੇ ਨਿਕਲਦੇ ਹਨ ? ਮੋਟੇ ਤੌਰ 'ਤੇ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਫ਼ੋਟੋ ਲਾ ਕੇ ਅਕਾਲੀ ਦਲ ਸਿੱਖ ਹਲਕਿਆਂ 'ਚ ਆਪਣੀ ਪਾਰਟੀ ਨੂੰ ਸੰਪੂਰਨ ਪੰਥਕ ਦਿੱਖ ਦੇਣੀ ਚਹੁੰਦਾ ਹੈ। ਦੂਜਾ ਕੰਵਲਜੀਤ ਸਿੰਘ ਦੀ ਫ਼ੋਟੋ ਲਾ ਕੇ ਪਟਿਆਲਾ ਜ਼ਿਲ੍ਹੇ ਦੀ ਸਿਆਸਤ 'ਤੇ ਦੋ- ਢਾਈ ਦਹਾਕੇ ਲੋਕਾਂ ਦੇ ਦਿਲਾਂ 'ਤੇ ਛਾਏ ਰਹੇ ਕੈਪਟਨ ਕੰਵਲਜੀਤ ਦੇ ਬਚੇ ਹੋਏ ਸਿਆਸੀ ਰਸੂਖ਼ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ ਕਰ ਰਿਹਾ ਹੈ। ਇਹ ਵੱਖਰੀ ਗੱਲ ਹੈ, ਕਿ ਇਨ੍ਹਾਂ ਦੋਵੇਂ ਆਗੂਆਂ ਦੇ ਪਰਿਵਾਰ ਕਿਤੇ ਚੋਣ ਸਰਗਰਮੀਆਂ 'ਚ ਵਿਖਾਈ ਨਹੀਂ ਦੇ ਰਹੇ। ਹਾਂ ਅੰਤ 'ਚ ਇਨ੍ਹਾਂ ਦੋਵੇਂ ਮਰਹੂਮ ਸਿਆਸਤਦਾਨਾਂ ਦੀਆਂ ਪੋਸਟਰਾਂ 'ਤੇ ਫ਼ੋਟੋਆਂ ਵੇਖ ਕੇ ਮੇਰੇ ਜ਼ਿਹਨ 'ਚ ਕੱਵਾਲੀਆਂ ਦੇ ਬਾਦਸ਼ਾਹ ਆਖੇ ਜਾਂਦੇ ਤੇ ਆਲਮੀ ਸ਼ੋਹਰਤ ਜਾਫਤਾ ਸੂਫ਼ੀ ਗਾਇਕ ਮਰਹੂਮ ਨੁਸਰਤ ਫ਼ਤਿਹ ਅਲੀ ਖਾਂ ਦੇ ਗੀਤ ਦੇ ਬੋਲ "...ਯਾਦਾਂ ਵਿਛੜੇ ਸੱਜਣ ਦੀਆਂ ਆਈਆਂ ....ਯਾਦਾਂ ਆਈਆਂ...ਆਈਆਂ... ਯਾਦਾਂ ਆਈਆਂ..." ਦੇ ਬੋਲ ਮੱਲੋ ਮੱਲੀ ਗੂੰਜ ਰਹੇ ਨੇ।
-
ਮਲਕੀਤ ਸਿੰਘ ਮਲਕਪੁਰ, ਲੇਖਕ/ ਪੱਤਰਕਾਰ
malkeetbachhal66461@gmail.com
9815448201
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.