ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2020 - ਬਠਿੰਡਾ ਨੇੜਲੇ ਪਿੰਡ ਗੋਬਿੰਦਪੁਰਾ ’ਚ ਇੱਕ ਨਸ਼ੇੜੀ ਨੌਜਵਾਨ ਨੇ ਗੰਡਾਸੇ ਨਾਲ ਆਪਣੇ ਪਿਤਾ 'ਤੇ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਉਸ ਦੇ ਗੰਭੀਰ ਸੱਟਾਂ ਲੱਗੀਆਂ। ਆਪਣੇ ਜਖਮਾਂ ਦੀ ਤਾਬ ਨਾ ਝੱਲਦਿਆਂ ਪਿਤਾ ਨੇ ਮੌਕੇ 'ਤੇ ਦਮ ਤੋੜ ਦਿੱਤਾ। ਥਾਣਾ ਕੈਂਟ ਪੁਲਿਸ ਨੇ ਰਵਿੰਦਰ ਸਿੰਘ ਪੁੱਤਰ ਪਰਗਟ ਸਿੰਘ ਪੱਤੀ ਭੁਲੇਰੀਆ ਗੋਬਿੰਦਪੁਰਾ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਗੋਬਿੰਦਪੁਰਾ ਦਾ ਪਰਗਟ ਸਿੰਘ ਦਿਹਾੜੀਦਾਰ ਮਜਦੂਰ ਸੀ ਜਿਸਦੇ ਲੜਕੇ ਰਵਿੰਦਰ ਸਿੰਘ ਨੂੰ ਨਸ਼ਿਆਂ ਦੀ ਲਤ ਲੱਗ ਗਈ ਸੀ। ਇਸੇ ਕਾਰਨ ਦੋਵਾਂ ਪਿਓ ਪੁੱਤਾਂ ’ਚ ਝਗੜਾ ਹੁੰਦਾ ਰਹਿੰਦਾ ਸੀ। ਵੀਰਵਾਰ ਸ਼ਾਮ ਨੂੰ ਵੀ ਰਵਿੰਦਰ ਦਾ ਪਿਤਾ ਨਾਲ ਝਗੜਾ ਹੋਇਆ ਜਿਸ ਦੌਰਾਨ ਤੈਸ਼ ’ਚ ਆ ਕੇ ਉਸ ਨੇ ਗੰਡਾਸੇ ਨਾਲ ਵਾਰ ਕਰਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਚਾਚੇ ਦੇ ਲੜਕੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਰੌਲਾ ਪੈਣ ‘ਤੇ ਜਦੋ ਉਹਨਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਪਰਗਟ ਸਿੰਘ ਦੀ ਲਾਸ਼ ਵਿਹੜੇ ਵਿਚ ਪਈ ਸੀ। ਥਾਣਾ ਕੈਂਟ ਦੇ ਮੁਖ ਥਾਣਾ ਅਫਸਰ ਸਬ ਇੰਸਪੈਕਟਰ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਰਾਜਵਿੰਦਰ ਸਿੰਘ ਦੇ ਬਿਆਨਾਂ ‘ਤੇ ਕੇਸ ਦਰਜ ਕਰਕੇ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।