- ਲੋਕਾਂ ਨੂੰ ਸਰਕਾਰੀ ਡਰਾਅ ਦਾ ਝਾਂਸਾ ਦੇ ਕੇ ਵਸੂਲ ਰਹੇ ਸਨ ਮੋਟੀ ਰਕਮ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 3 ਦਸੰਬਰ 2020-ਪੰਜਾਬ ਸਰਕਾਰ ਦੇ ਨਾਂਅ ’ਤੇ ਸਰਕਾਰੀ ਲਾਟਰੀ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਵਸੂਲ ਕਰ ਰਹੇ ਦੋ ਵਿਅਕਤੀਆਂ ਨੂੰ ਥਾਣਾ ਸਿਟੀ ਪੁਲਸ ਨੇ ਰੇਡ ਕਰਦਿਆਂ ਕਾਬੂ ਕੀਤਾ ਹੈ। ਇਹ ਦੋਵੇਂ ਕਥਿਤ ਦੋਸ਼ੀ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਇਹ ਧੰਦਾ ਕਰ ਰਹੇ ਸਨ, ਜਿੰਨ੍ਹਾਂ ਪਾਸੋਂ ਲਾਟਰੀ ਦੇ ਨਾਂਅ ਤਹਿਤ ਇਕੱਠੇ ਕੀਤੇ ਗਏ ਪੈਸੇ ਵੀ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਰੇਲਵੇ ਲਾਈਨ ਕੋਲ ਭੁੱਲਰ ਕਲੋਨੀ ਦੀ ਗਲੀ ਨੰਬਰ 2 ਤੇ ਗੋਨਿਆਣਾ ਰੋਡ ਸਥਿਤ ਗੁਰਦੁਆਰਾ ਅਤਰਸਰ ਸਾਹਿਬ ਦੇ ਕੋਲ ਅਸ਼ੋਕ ਕੁਮਾਰ ਪੁੱਤਰ ਜੋਗਿੰਦਰਪਾਲ ਸਿੰਘ ਵਾਸੀ ਭੁੱਲਰ ਕਲੋਨੀ ਗਲੀ ਨੰਬਰ 2 ਤੇ ਅਭਿਸ਼ੇਕ ਪੁੱਤਰ ਸ਼ੰਕਰ ਲਾਲ ਵਾਸੀ ਕੋਟਲੀ ਰੋਡ ਗਲੀ ਨੰਬਰ 2 ਲੋਕਾਂ ਤੋਂ ਪੰਜਾਬ ਸਰਕਾਰ ਦੀ ਲਾਟਰੀ ਡਰਾਅ ਤਹਿਤ ਪੈਸੇ ਇਕੱਠੇ ਕਰ ਰਹੇ ਸਨ।
ਇਹ ਦੋਵੇਂ ਲੋਕਾਂ ਨੂੰ ਕਹਿੰਦੇ ਸਨ ਕਿ ਡਰਾਅ ਕੱਲ੍ਹ ਨੂੰ ਨਿਕਲੇਗਾ ਤੇ 1 ਰੁਪਇਆ ਲਗਾਉਣ ’ਤੇ 80 ਰੁਪਏ ਦਾ ਡਰਾਅ ਨਿਕਲੇਗਾ ਤੇ ਇਸ ਤਰ੍ਹਾਂ ਇਹ ਦੋਵੇਂ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਲਿਆ ਕੇ ਪਰਚੀਆਂ ਕੱਟ ਰਹੇ ਸਨ, ਜਿਸ ਤੋਂ ਬਾਅਦ ਪੁਲਸ ਨੇ ਉਕਤ ਟਿਕਾਣਿਆਂ ’ਤੇ ਤੁਰੰਤ ਰੇਡ ਕੀਤੀ, ਜਿੱਥੇ ਦੋਵੇਂ ਵਿਅਕਤੀਆਂ ਨੂੰ ਪੁਲਸ ਨੇ ਰੰਗੇ ਹੱਥੀ ਕਾਬੂ ਕਰ ਲਿਆ ਹੈ, ਜਿੰਨ੍ਹਾਂ ਕੋਲੋਂ ਲਾਟਰੀ ਦੇ ਨਾਂਅ ਹੇਠ ਇਕੱਠੇ ਕੀਤੇ ਗਏ 2490 ਰੁਪਏ ਵੀ ਬਰਾਮਦ ਕੀਤੇ ਗਏ ਹਨ। ਪੁਲਸ ਨੇ ਦੋਵੇਂ ਕਥਿਤ ਦੋਸ਼ੀਆਂ ਖ਼ਿਲਾਫ਼ ਲਾਟਰੀ ਰੈਗੂਲੇਸ਼ਨ ਐਕਟ 1998, 13 ਏ/3/67ਜੀ ਤੇ ਆਈਪੀਸੀ ਦੀ ਧਾਰਾ 420 ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।