ਜਗਦੀਪ ਸਿੰਘ ਕਾਹਲੋਂ
ਰਾਜਪੁਰਾ, 3 ਦਸੰਬਰ 2020 - ਯੂਨੀਅਨ ਸਾਈਕਲਿੰਗ ਇੰਟਰਨੈਸ਼ਨਲ(ਯੂ.ਸੀ.ਆਈ) ਵਲੋਂ ਵਰਲਡ ਰੈਂਕਿੰਗ 2020 ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿਚ ਭਾਰਤੀ ਸਾਈਕਲਿਸਟਾਂ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਹੋਇਆਂ ਦੁਨੀਆਂ ਦੀਆਂ ਚੋਟੀ ਦੀਆਂ ਟੀਮਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਤੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਸਾਈਕਲਿੰਗ ਟੀਮ ਜੋ ਦੁਨੀਆਂ ਦੇ ਨੰਬਰ ਇੱਕ ਟੀਮ ਬਣੀ ਹੈ। ਇਸ ਵਿੱਚ ਦੌਵਾਂ ਵਰਗਾਂ ਦੇ ਸਾਈਕਲਿਸਟ ਸ਼ਾਮਲ ਹਨ।ਜੂਨੀਅਰ ਸਪ੍ਰਿੰਟ ਵਿੱਚ ਭਾਰਤ ਦੇ ਸਟਾਰ ਸਾਈਕਲਿਸਟ ਰੋਨਾਲਡੋ ਸਿੰਘ ਨੇ (800) ਅੰਕਾਂ ਨਾਲ ਪਹਿਲਾ ਅਤੇ ਰੋਜਿਤ ਸਿੰਘ ਨੇ (660) ਅੰਕਾਂ ਨਾਲ ਵਰਲਡ ਰੈਕਿੰਗ ‘ਚ ਦੂਜਾ ਸਥਾਨ ਹਾਸਲ ਕੀਤਾ।
ਔਰਤਾਂ ਦੇ ਜੂਨੀਅਰ ਵਰਗ ਵਿੱਚ ਤ੍ਰਿਸ਼ਾ ਪੌਲ ਨੇ (680) ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਕ ਕਿਲੋਮੀਟਰ ਜੂਨੀਅਰ ਪੁਰਸ਼ ਵਰਗ ਵਿੱਚ ਰੋਨਾਲਡੋ ਨੇ (740) ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ।ਜੂਨੀਅਰ ਪੁਰਸ਼ ਟੀਮ ਸਪ੍ਰਿੰਟ ਈਵੈਂਟ ਵਿੱਚ ਭਾਰਤ ਨੇ (870) ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।ਜਾਣਕਾਰੀ ਸਾਂਝੀ ਕਰਦੇ ਹੋਏ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੈਅਰਮੈਨ ੳਂੁਕਾਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵੀ ਭਾਰਤੀ ਸਾਈਕਲਿੰਗ ਟੀਮ ਨੇ ਵਰਲਡ ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਇਸ ਵਾਰ ਭਾਰਤੀ ਸਾਈਕਲਿੰਗ ‘ਚ ਔਰਤਾਂ ਦੀ ਟੀਮ ਨੇ ਨੇ ਵੀ ਇਕ ਨਵਾਂ ਕੀਰਤੀਮਾਨ ਹਾਸਲ ਕੀਤਾ ਹੈ। ਇਹ ਵਰਲਡ ਰੈਂਕਿੰਗ ਪਿਛਲੇ ਅੰਤਰਰਾਸ਼ਟਰੀ ਈਵੈਂਟਾਂ ਵਿਚ ਤਗ਼ਮੇ ਜਿੱਤਣ ਦੇ ਆਧਾਰ ਤੇ ਬਣਾਈ ਜਾਂਦੀ ਹੈ। ਉਹਨਾਂ ਕਿਹਾਂ ਕਿ ਭਾਰਤ ਵਿੱਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ।ਹੁਣ ਲੋੜ ਹੈ ਸਿਰਫ਼ ਸਹੀ ਖੋਜ ਦੀ,ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਪੂਰੀ ਟੀਮ ਦੀ ਕੋਸ਼ਿਸ਼ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਾਈਕਲਿੰਗ ਖੇਡ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਨੌਜਵਾਨ ਵਿੱਚ ਸਾਈਕਲਿੰਗ ਖੇਡ ਪ੍ਰਤੀ ਰੁਚੀ ਵੱਲ ਵੱਧ ਸਕੇ। ਇਸ ਮੌਕੇੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੀਡੀਆ ਸਾਲਾਹਕਾਰ ਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਜਗਦੀਪ ਸਿੰਘ ਕਾਹਲੋਂ, ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਨਰਿੰਦਰਪਾਲ ਸਿੰਘ ਸਿੱਧੂ ਏ.ਆਈ.ਜੀ ਪੰਜਾਬ ਪੁਲਿਸ ,ਪੰਜਾਬ ਬਾਸਕਟਬਾਲ ਫੈਡਰੇਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਅਤੇ ਖੇਡ ਕਲੱਬਾਂ, ਸੰਸਥਾਵਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।