ਚੰਡੀਗੜ੍ਹ,26 ਨਵੰਬਰ,2020: ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਿਆ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ। ਮਾਨ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਲੋਕ ਕੈਪਟਨ ਵੱਲ ਵੇਖ ਰਹੇ ਹਨ ਤਾਂ ਉਹ ਆਪਣੇ ਫਾਰਮ ਹਾਊਸ ਵਿੱਚ ਵੜ ਕੇ ਬੈਠੇ ਹਨ। ਸੂਬੇ ਦੇ ਮੁਖੀ ਹੋਣ ਨਾਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਪ੍ਰਦਰਸ਼ਨਾਂ ਵਿਚ ਅਗਵਾਈ ਕਰਨੀ ਚਾਹੀਦੀ ਸੀ। ਸੰਗਰੂਲ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਅਤੇ ਕੈਪਟਨ ਰਲ ਕੇ ਕਿਸਾਨਾਂ ਦੇ ਰੋਹ ਨੂੰ ਕੁਚਲਣਾ ਚਾਹੁੰਦੇ ਹਨ। ਸੰਵਿਧਾਨ ਦਿਵਸ ਦੇ ਦਿਨ ਕਿਸਾਨਾਂ ਉੱਤੇ ਗੈਰ-ਸੰਵਿਧਾਨਕ ਤਰੀਕੇ ਨਾਲ ਲਾਠੀਚਾਰਜ ਅਤੇ ਪਾਣੀ ਦੀਆਂ ਵਾਛੜਾਂ ਮਾਰਨਾ ਅਤਿ ਨਿੰਦਣਯੋਗ। ਮਾਨ ਨੇ ਸਵਾਲ ਪੁੱਛਿਆ ਕਿ ਕੈਪਟਨ ਦੱਸਣ ਕਿ ਪੰਜਾਬ ਦੇ ਕਿਸਾਨਾਂ ਦੇ ਭਲੇ ਲਈ ਉਨ੍ਹਾਂ ਨੇ ਮੋਦੀ ਅਤੇ ਅਮਿਤ ਸ਼ਾਹ ਨਾਲ ਹੁਣ ਤਕ ਕੀ ਗੱਲ ਕੀਤੀ ਹੈ।