ਬਲਵਿੰਦਰ ਸਿੰਘ ਧਾਲੀਵਾਲ
- ਸੂਬੇ 'ਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਹਰ ਬਲਾਕ 'ਚ ਬਣਾਏ ਜਾ ਰਹੇ ਪੰਜ ਖੇਡ ਸਟੇਡੀਅਮ-ਚੀਮਾ
- ਅੰਤਰ ਰਾਸ਼ਟਰੀ ਨਾਮੀ ਕਬੱਡੀ ਖਿਡਾਰੀ ਲੈਣਗੇ ਭਾਗ
ਸੁਲਤਾਨਪੁਰ ਲੋਧੀ, 26 ਨਵੰਬਰ 2020 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਦਾ ਮਹਾਂਕੁੰਭ 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ।
ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਖੇਡ ਸਮਾਗਮਾਂ ਦੌਰਾਨ ਅਨੇਕਾਂ ਅੰਤਰ ਰਾਸ਼ਟਰੀ ਕਲੱਬਾਂ ਵਲੋਂ ਭਾਗ ਲਿਆ ਜਾਵੇਗਾ ਅਤੇ ਜੇਤੂ ਟੀਮ ਨੂੰ ਇਕ ਲੱਖ ਰੁਪਏ ,ਜਦਕਿ ਉਪ ਜੇਤੂ ਨੂੰ 75000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਕਬੱਡੀ ਕੱਪ ਲਈ ਪੁਖ਼ਤਾ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਸਟੇਡੀਅਮ ਵਿੱਚ ਦਰਸ਼ਕਾਂ ਦੇ ਬੈਠਣ ,ਅਵਾਜਾਈ ਅਤੇ ਸੁਰੱਖਿਆ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ।
ਉਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਵਿਸ਼ੇਸ਼ ਤਵੱਜੋਂ ਦੇ ਰਹੀ ਹੈ ਜਿਸ ਤਹਿਤ ਸਮਾਰਟ ਵਿਲੇਜ ਯੋਜਨਾ ਤਹਿਤ ਹਰ ਬਲਾਕ ਵਿੱਚ ਪੰਜ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ।
ਕਬੱਡੀ ਕੱਪ ਦੌਰਾਨ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ , ਗੱਗੀ ਖੀਰਾਂਵਾਲੀ, ਸੰਦੀਪ ਲੁੱਧੜ, ਯਾਦਾ ਸੁਰਖਪੁਰ, ਸੁਲਤਾਨ ਅਲੀ, ਖੁਸ਼ੀ ਦਿੜਬਾ ,ਮੱਖਣ ਮੱਖੀ, ਗੁਰਦਿੱਤ ਕਿਸ਼ਨਗੜ , ਮੰਨਾ ਲਾਲਪੁਰ, ਕਾਕਾ ਟੋਟੀਆਂ, ਬੰਟੀ ਟਿੱਬਾ ,ਮਲੂਕ ਅਲੀ, ਜੋਤਾ ਮਹਿਮਦਵਾਲ, ਸੱਤੂ ਖਡੂਰ ਸਾਹਿਬ ਤੇ ਬੱਗੀ ਪਰਮਜੀਤ ਪੁਰ ਵਰਗੇ ਨਾਮੀ ਖਿਡਾਰੀ ਭਾਗ ਲੈਣਗੇ।