ਜਗਦੀਸ਼ ਥਿੰਦ
ਫਾਜ਼ਿਲਕਾ, 25 ਨਵੰਬਰ
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋੋਗਰਾਮ ਦੌਰਾਨ ਜ਼ਿਲਾ ਵਾਸੀਆਂ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ।ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਫਾਜ਼ਿਲਕਾ ਦੇ 3282 ਕਰੋੋਨਾ ਮਰੀਜ ਕਰੋੋਨਾ ਖਿਲਾਫ ਜੰਗ ਜਿੱਤ ਦੇ ਤੰਦਰੁਸਤ ਹੋੋ ਚੁੱਕੇ ਹਨ। ਹੁਣ ਤੱਕ ਪੂਰੇ ਜਿਲੇ ਵਿੱਚ 3541 ਕਰੋੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ।ਜ਼ਿਲੇ ਅੰਦਰ ਹੁਣ ਐਕਟਿਵ ਕੇਸਾਂ ਦੀ ਗਿਣਤੀ 198 ਅਤੇ 61 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲੇ ਅੰਦਰ 5 ਜਣਿਆਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਅਤੇ 8 ਜਣਿਆਂ ਦੀ ਰਿਪੋਰਟ ਪਾਜੀਟਿਵ ਆਈ ਹੈ।ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਦੂਜੀ ਲਹਿਰ ਖਤਰਨਾਕ ਹੋਣ ਕਰਕੇ ਸਾਰਿਆਂ ਨੂੰ ਅੱਗੇ ਤੋਂ ਵੀ ਜਿਆਦਾ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਹੋਇਆ ਤੇ ਅਜੇ ਤੱਕ ਕਰੋਨਾ ਦੀ ਵੈਕਸਿਨ ਨਾ ਆਉਣ ਕਰਕੇ ਸਾਵਧਾਨੀਆਂ ਹੀ ਬਚਾਅ ਦਾ ਸਾਧਨ ਹਨ। ਉਨ੍ਹਾਂ ਕਿਹਾ ਕਿ ਬਾਹਰ ਜਾਣ ਸਮੇਂ ਹਰੇਕ ਵਿਅਕਤੀ ਵੱਲੋਂ ਮਾਸਕ ਜ਼ਰੂਰ ਲਗਾਇਆ ਜਾਵੇ, ਵਾਰ-ਵਾਰ ਹੱਥ ਧੋਤੇ ਜਾਣ ਅਤੇ ਸਮਾਜਿਕ ਦੂਰੀ ਵੀ ਬਣਾ ਕੇ ਰੱਖੀ ਜਾਵੇ।
ਉਨਾਂ ਲੋਕਾਂ ਨੂੰ ਕੋਵਿਡ ਤੋਂ ਇਲਾਵਾ ਡੇਂਗੂ ਤੋਂ ਬਚਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸ਼ਰੀਰ ਨੂੰ ਪੂਰੀ ਤਰਾਂ ਢੱਕ ਕੇ ਰੱਖਣ ਵਾਲੇ ਕਪੜੇ ਪਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਆਪਣੇ ਘਰਾਂ ਅੰਦਰ ਪਏ ਬਰਤਨਾਂ ਅੰਦਰ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਚਲਾਈ ਜਾ ਰਹੀ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ ਬਣਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਵਿਚ 4 ਲੱਖ 25 ਹਜ਼ਾਰ ਲੋਕਾਂ ਦੇ ਕਾਰਡ ਬਣਾਏ ਜਾਣੇ ਹਨ ਜਿਸ ਵਿੱਚੋਂ 3 ਲੱਖ 68 ਹਜ਼ਾਰ ਕਾਰਡ ਬਣਾਏ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੰਪਨੀ ਦੇ ਮਾਰਫਤ ਨਿਯੁਕਤ ਕੀਤੇ ਨੁਮਾਇੰਦੇ ਪਿੰਡ ਪਿੰਡ ਆ ਕੇ ਇਹ ਕਾਰਡ ਬਣਾਉਣਗੇ।ਉਨ੍ਹਾਂ ਕਿਹਾ ਕਿ ਕਿਸੇ ਵੀ ਬਿਮਾਰੀ ਸਮੇਂ ਲਾਭਪਾਤਰੀ ਪਰਿਵਾਰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦਾ ਹੈ। ਇਹ ਇਲਾਜ ਸਰਕਾਰੀ ਅਤੇ ਇਮਪੈਨਲਡ ਪ੍ਰਾਇਵੇਟ ਹਸਪਤਾਲਾਂ ਤੋਂ ਵੀ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 6142 ਲਾਭਪਾਤਰੀਆਂ ਨੇ ਸਰਕਾਰੀ ਹਸਪਤਾਲ ਤੋਂ 3.54 ਕਰੋੜ ਅਤੇ ਪ੍ਰਾਇਵੇਟ ਹਸਪਤਾਲਾਂ ਤੋਂ 4533 ਲਾਭਪਾਤਰੀਆਂ ਨੇ 6.17 ਕਰੋੜ ਦੇ ਲਾਭ ਪ੍ਰਾਪਤ ਕਰ ਚੁੱਕੇ ਹਨ।