ਡੀਜੀਪੀ ਵੱਲੋਂ ਡੇਰਾ ਪ੍ਰੇਮੀ ਕਤਲ ਕੇਸ ਜਲਦੀ ਸੁਲਝਾਉਣ ਦੇ ਨਿਰਦੇਸ਼
ਅਸ਼ੋਕ ਵਰਮਾ
ਬਠਿੰਡਾ,23 ਨਵੰਬਰ 2020: ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਅੱਜ ਬਠਿੰਡਾ ਪੁਲਿਸ ਨੂੰ ਭਗਤਾ ਭਾਈ ’ਚ ਗੈਂਗਸਟਰ ਗਰੁੱਪ ਵੱਲੋਂ ਕਤਲ ਕਰ ਦਿੱਤੇ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਮਾਮਲਾ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਜੀਪੀ ਨੇ ਅੱਜ ਬਠਿੰਡਾ ਦੌਰੇ ਦੌਰਾਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਲੰਮਾ ਸਮਾਂ ਇਸ ਸਬੰਧ ’ਚ ਮੀਟਿੰਗ ਕੀਤੀ ਹੈ। ਉਹਨਾਂ ਇਸ ਮਾਮਲੇ ’ਚ ਹੁਣ ਤੱਕ ਦੀ ਪੜਤਾਲ ਰਿਪੋਰਟ ਵੀ ਲਈ ਤੇ ਕੁੱਝ ਨੁਕਤੇ ਵੀ ਸੁਝਾਏ ਹਨ। ਪੱਤਰਕਾਰਾਂ ਨੂੰ ਅੱਜ ਦੀ ਮੀਟਿੰਗ ਤੋਂ ਦੂਰ ਹੀ ਰੱਖਿਆ ਗਿਆ । ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ’ਚ ਕਤਲ ਤੋਂ ਬਾਅਦ ਡੇਰਾ ਸੱਚਾ ਸੌਦਾ ਸਲਾਬਤਪੁਰਾ ਅੱਗੇ ਡੇਰਾ ਪ੍ਰੇਮੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਅਤੇ ਪੰਜਾਬ ‘ਚ ਚੱਲ ਰਹੇ ਕਿਸਾਨ ਮੋਰਚੇ ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਹਲਕਿਆਂ ‘ਚ ਡੀਜੀਪੀ ਦੀ ਇਸ ਫੇਰੀ ਨੂੰ ਕਾਫ਼ੀ ਅਹਿਮ ਸਮਝਿਆ ਜਾ ਰਿਹਾ ਹੈ।
ਮਹੱਤਵਪੂਰਨ ਤੱਥ ਹੈ ਕਿ ਡੇਰਾ ਪ੍ਰੇਮੀਆਂ ਦੇ ਧਰਨੇ ’ਚ ਡੇਰਾ ਪ੍ਰੇਮੀਆਂ ਦੀ ਦਿਨ ਬਦਿਨ ਵਧ ਰਹੀ ਗਿਣਤੀ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ। ਹਾਲਾਂਕਿ ਪੁਲਿਸ ਦਾ ਕੋਈ ਵੀ ਅਧਿਕਾਰੀ ਸਿੱਧੇ ਤੌਰ ਤੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੋਇਆ ਪਰ ਸੂਤਰਾਂ ਨੇ ਦੱਸਿਆ ਹੈ ਕਿ ਡੀ ਜੀ ਪੀ ਦਿਨਕਰ ਗੁਪਤਾ ਨੇ ਅੱਜ ਬਠਿੰਡਾ ’ਚ ਅਫ਼ਸਰਾਂ ਨੂੰ ਆਖਿਆ ਹੈ ਕਿ ਅਮਨ ਕਾਇਮ ਰੱਖਣਾ ਉਹਨਾਂ ਦੇ ਮੁੱਖ ਏਜੰਡੇ ਤੇ ਹੈ ਇਸ ਲਈ ਲੁੜੀਂਦੇ ਕਦਮ ਫ਼ੌਰੀ ਤੌਰ ਤੇ ਚੁੱਕੇ ਜਾਣ। ਉਹਨਾਂ ਆਖਿਆ ਕਿ ਆਮ ਆਦਮੀ ਦੀ ਸੁਰੱਖਿਆ ਕਰਨੀ ਪੁਲਿਸ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਸੇ ਸੰਦਰਭ ‘ਚ ਅੱਜ ਡੀਜੀਪੀ ਨੇ ਭਗਤਾ ਭਾਈ ਸਮੇਤ ਇਲਾਕੇ ‘ਚ ਵਾਪਰੀਆਂ ਅਪਰਾਧਿਕ ਘਟਨਾਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ ।
ਦੱਸਿਆ ਜਾਂਦਾ ਹੈ ਕਿ ਡੀਜੀਪੀ ਨੇ ਡੇਰਾ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਧਰਨਾ ਖ਼ਤਮ ਕਰਵਾਉਣ ਲਈ ਵੀ ਆਖਿਆ। ਉਹਨਾਂ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ਪਲੇਟਫ਼ਾਰਮ ਦੀ ਦੁਰਵਰਤੋਂ ਕਰਕੇ ਆਮ ਲੋਕਾਂ ’ਚ ਦਹਿਸ਼ਤ ਦਾ ਮਹੌਲ ਪੈਦਾ ਕਰਨ ਦਾ ਸਖ਼ਤ ਨੋਟਿਸ ਲਿਆ।ਉਹਨਾਂ ਪੁਲਿਸ ਅਧਿਕਾਰੀਆਂ ਨੂੰ ਸਾਈਬਰ ਸੈੱਲ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਆਖਿਆ ਕਿ ਪੁਲਿਸ ਗੈਰ ਸਮਾਜੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠੇਗੀ ਅਤੇ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਏਗਾ।
ਦੱਸਣਯੋਗ ਹੈ ਕਿ ਪੁਲਿਸ ਦੀ ਸ਼ਿਕਾਇਤ ਤੇ ਡੇਰਾ ਪ੍ਰੇਮੀ ਕਤਲ ਕੇਸ ’ਚ ਫੇਸਬੁੱਕ ਤੇ ਜ਼ਿੰਮੇਵਾਰੀ ਲੈਣ ਅਤੇ ਧਰਨਾ ਦੇਣ ਵਾਲਿਆਂ ਨੂੰ ਧਮਕਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਫੇਸਬੁੱਕ ਵੱਲੋਂ ਇਹ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਡੀਜੀਪੀ ਨੇ 26 ਨਵੰਬਰ ਨੂੰ ਕਿਸਾਨਾਂ ਵੱਲੋਂ ਦਿੱਤੇ ਦਿੱਲੀ ਕੂਚ ਦੇ ਸੱਦੇ ਕਾਰਨ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਬਠਿੰਡਾ ਰੇਂਜ ’ਚ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਪੈਂਦੇ ਹਨ। ਦੋਵਾਂ ਜ਼ਿਲਿਆਂ ਦੀ ਸੀਮਾ ਹਰਿਆਣਾ ਨਾਲ ਲੱਗਦੀ ਹੈ ਜਿੱਥੋਂ ਦੀ ਕਿਸਾਨ ਜਥੇਬੰਦੀਆਂ ਨੇ ਕਾਫ਼ਲਿਆਂ ਦੇ ਦਿੱਲੀ ਜਾਣ ਲਈ ਰੂਟ ਬਣਾਇਆ ਹੈ। ਉਹਨਾਂ ਇਸ ਇਲਾਕੇ ’ਚ ਕਿਸਾਨ ਜਥੇਬੰਦੀਆਂ ਦੀਆਂ ਸਰਗਰਮੀਆਂ ਅਤੇ ਧਰਨਿਆਂ ਆਦਿ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ।
ਬਠਿੰਡਾ ਰੇਂਜ ਦੇ ਆਈ ਜੀ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਅੱਜ ਡੀਜੀਪੀ ਦਿਨਕਰ ਗੁਪਤਾ ਨੇ ਮੀਟਿੰਗ ਦੌਰਾਨ ਡੇਰਾ ਪ੍ਰੇਮੀ ਕਤਲ ਕੇਸ ਦੀ ਰਿਪੋਰਟ ਲਈ ਹੈ। ਉਹਨਾਂ ਆਖਿਆ ਕਿ ਮੀਟਿੰਗ ਦੌਰਾਨ ਉਹਨਾਂ ਨੇ ਵੱਖ ਵੱਖ ਮਾਮਲਿਆਂ ਸਬੰਧੀ ਗੱਲਬਾਤ ਕੀਤੀ ਅਤੇ ਕੁੱਝ ਨਿਰਦੇਸ਼ ਵੀ ਦਿੱਤੇ ਹਨ।