ਮਨਪ੍ਰੀਤ ਸਿੰਘ ਜੱਸੀ
- ਦੁੱਧ ਦਾ ਧੰਦਾ ਕਿਰਸਾਨੀ ਨੂੰ ਬਚਾਉਣ ਦੀ ਸਮਰੱਥਾ ਰੱਖਦਾ-ਰੰਧਾਵਾ
- ਮੌਜੂਦਾ ਵਿੱਤੀ ਸੰਕਟ ਵਿਚ ਵੀ ਡੇਅਰੀ ਧੰਦਾ ਫੜ ਸਕਦਾ ਕਿਸਾਨਾਂ ਦੀ ਬਾਂਹ-ਡਿੰਪਾ
- ਕੋਰੋਨਾ ਸੰਕਟ ਦੇ ਬਾਵਜੂਦ ਵੇਰਕਾ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧਿਆ-ਸੰਘਾ
ਅੰਮ੍ਰਿਤਸਰ, 31 ਅਕਤੂਬਰ 2020 - ਉਤਰੀ ਭਾਰਤ ਦਾ ਪ੍ਰਮੁੱਖ ਸਹਿਕਾਰੀ ਅਦਾਰਾ 'ਵੇਰਕਾ' ਜੋ ਕਿ ਕਰੀਬ 55 ਸਾਲਾਂ ਤੋਂ ਖਪਤਕਾਰਾਂ ਨੂੰ ਚੰਗੀ ਕੁਆਲਟੀ ਦਾ ਦੁੱਧ ਅਤੇ ਦੁੱਧ ਉਤਪਾਦ ਮੁਹੱਇਆ ਕਰਵਾ ਰਿਹਾ ਹੈ, ਨੇ ਆਪਣੇ ਸਵਾਦਿਸ਼ਟ ਦੁੱਧ, ਜੋ ਕਿ ਵੱਖ-ਵੱਖ ਸਾਵਦਾਂ ਵਿਚ ਤਿਆਰ ਹੋ ਕੇ ਕੱਚ ਦੀ ਬੋਤਲ ਵਿਚ 'ਪੀਉ' ਦੇ ਨਾਮ ਨਾਲ ਵੇਚਿਆ ਜਾ ਰਿਹਾ ਸੀ, ਨੂੰ ਅੰਤਰਰਾਸ਼ਟਰੀ ਮੰਡੀ ਤੱਕ ਪੁੱਜਦਾ ਕਰਨ ਲਈ ਨਵੀਂ ਪੀ.ਪੀ. ਪੈਕਿੰਗ ਵਿਚ ਲਾਂਚ ਕੀਤਾ ਹੈ।। ਅੱਜ ਵੇਰਕਾ ਸਥਿਤ ਪਲਾਂਟ ਵਿਚ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ, ਵਿਧਾਇਕ ਸ੍ਰੀ ਸੰਤੋਖ ਸਿੰਘ ਭਲਾਈਪੁਰ, ਐਮ ਡੀ. ਸ. ਕਮਲਦੀਪ ਸਿੰਘ ਸੰਘਾ, ਚੇਅਰਮੈਨ ਸ੍ਰੀ ਨਰਿੰਦਰ ਸਿੰਘ ਵਾਂਸਲ, ਜੀ ਐਮ ਸ. ਹਰਮਿੰਦਰ ਸਿੰਘ ਸੰਧੂ ਵੱਲੋਂ ਸਾਂਝੇ ਤੌਰ ਉਤੇ ਇਹ ਉਤਪਾਦ ਬਾਜ਼ਾਰ ਵਿਚ ਉਤਾਰਿਆ ਗਿਆ।।
ਇਸ ਮੌਕੇ ਬੋਲਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਪੈਕਿੰਗ ਲੰਮੀ ਦੂਰੀ ਤੱਕ ਭੇਜਣ ਲਈ ਤਿਆਰ ਕੀਤੀ ਗਈ ਹੈ।। ਉਨ੍ਹਾਂ ਕਿਹਾ ਕਿ ਵੇਰਕਾ ਵੱਲੋਂ ਕੋਰੋਨਾ ਸੰਕਟ ਦੇ ਬਾਵਜੂਦ ਪਿਛਲੇ ਸਾਲ ਨਾਲੋਂ 25 ਫੀਸਦੀ ਵੱਧ ਦੁੱਧ ਪ੍ਰੋਸੈਸ ਕੀਤਾ ਜਾ ਰਿਹਾ ਹੈ ਅਤੇ ਵੇਰਕਾ ਨੇ ਹਮੇਂਸਾਂ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੀ ਹੈ।। ਉਨ੍ਹਾਂ ਕਿਹਾ ਕਿ ਕੋਰੋਨਾ ਵਿਚ ਸਰੀਰ ਦੀ ਅੰਦਰੂਨੀ ਤਾਕਤ ਵਧਾਉਣ ਲਈ ਹਲਦੀ ਵਾਲਾ ਦੁੱਧ ਵੀ ਲਾਂਚ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਅਕਸ਼ ਵਾਲੇ ਲੋਕਾਂ ਨੂੰ ਸਹਿਕਾਰੀ ਅਦਾਰਿਆਂ ਦੇ ਪ੍ਰਬੰਧ ਵਿਚ ਅੱਗੇ ਲੈ ਕੇ ਆਉਣ, ਤਾਂ ਜੋ ਕਿਸਾਨ ਦਾ ਆਰਥਿਕ ਵਿਕਾਸ ਹੋ ਸਕੇ। ਇਸ ਮੌਕੇ ਬੋਲਦੇ ਸੰਸਦ ਮੈਂਬਰ ਸ. ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਜਿਸ ਤਰ੍ਹਾਂ ਰੰਧਾਵਾ ਬਤੌਰ ਮੰਤਰੀ ਇਸ ਅਦਾਰੇ ਲਈ ਕੰਮ ਕਰ ਰਹੇ ਹਨ, ਉਸ ਨਾਲ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਆਰਥਿਕ ਸੰਕਟ ਵਿਚ ਵੀ ਡੇਅਰੀ ਧੰਦੇ ਲਈ ਮਾਰਕੀਟ ਵਿਚ ਚੰਗਾ ਸਕੋਪ ਹੈ ਅਤੇ ਕਿਸਾਨਾਂ ਨੌਜਵਾਨ ਇਸ ਪਾਸੇ ਜ਼ਰੂਰ ਧਿਆਨ ਦੇਣ। ਮਿਲਕਫੈਡ ਦੇ ਐਮ ਡੀ ਸ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਵੇਰਕਾ ਨੇ ਕੋਰੋਨਾ ਤੋਂ ਪਹਿਲਾਂ 13 ਫੀਸਦੀ ਦਾ ਵਾਧਾ ਦਰਜ ਕੀਤਾ ਸੀ, ਜੋ ਕਿ ਇਕ ਰਿਕਾਰਡ ਹੈ ਅਤੇ ਕੋਰੋਨਾ ਵਿਚ ਕੁੱਝ ਦਿਨ ਦਿਕਤ ਆਉਣ ਮਗਰੋਂ ਅਸੀਂ ਮੁੜ ਪੈਰਾਂ ਸਿਰ ਖੜੇ ਹੋਏ ਹਾਂ ਅਤੇ ਅਗਲੇ ਕੁੱਝ ਮਹੀਨਿਆਂ ਤੱਕ 13 ਫੀਸਦੀ ਤੋਂ ਵੱਧ ਵਾਧਾ ਦਰਜ ਕਰਾਂਗੇ।
ਉਨ੍ਹਾਂ ਦੱਸਿਆ ਕਿ ਦੁੱਧ, ਘਿਉ, ਆਈਸ ਕਰੀਮ ਅਤੇ ਪੀਉ ਦੀ ਸੇਲ ਵਿਚ ਕ੍ਰਮਵਾਰ 121, 50, 21 ਅਤੇ 10 ਪ੍ਰਤੀਸ਼ਤ ਦਾ ਵਾਧਾ ਜੁਲਾਈ ਤੋਂ ਸਤੰਬਰ 2020 ਤੱਕ ਦਰਜ ਕੀਤਾ ਗਿਆ ਹੈ। ਉਨ੍ਹਾਂ ਇਕ ਮੰਤਰੀ ਵਜੋਂ ਸ. ਰੰਧਾਵਾ ਵੱਲੋਂ ਮਿਲ ਰਹੀ ਸਾਬਾਸ਼ ਅਤੇ ਉਤਸ਼ਾਹ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ। ਚੇਅਰਮੈਨ ਨਰਿੰਦਰ ਸਿੰਘ ਵਾਂਸਲ ਨੇ ਇਸ ਮੌਕੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ, ਚੇਅਰਮੈਨ ਸ੍ਰੀ ਦਿਨੇਸ਼ ਬੱਸੀ, ਸ. ਨਵਦੀਪ ਸਿੰਘ, ਯਾਦਵਿੰਦਰ ਸਿੰਘ, ਗੁਰਬਿੰਦਰ ਸਿੰਘ , ਦਲਜੀਤ ਸਿੰਘ, ਰਤਨ ਸਿੰਘ, ਅਨਜੈਬ ਸਿੰਘ, ਮੈਨੇਜਰ ਮਾਰਕਟਿੰਗ ਸ੍ਰੀ ਪੀ ਪੀ ਸਿੰਘ, ਮੈਨੇਜਰ ਪਰਚੇਜ਼ ਸ. ਗੁਰਦੇਵ ਸਿੰਘ ਸੰਧੂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।