ਹਰਜਿੰਦਰ ਸਿੰਘ ਭੱਟੀ
- ਪੰਜਾਬ ਸਰਕਾਰ ਨੇ ਸਕਾਲਰਸ਼ਿਪ ਸਕੀਮ ਲਈ ਪਰਿਵਾਰ ਦੀ ਸਾਲਾਨਾ ਆਮਦਨ ਦੀ ਹੱਦ ਵਧਾ ਕੇ ਕੀਤੀ 4 ਲੱਖ ਰੁਪਏ : ਸ. ਬਲਬੀਰ ਸਿੰਘ ਸਿੱਧੂ
- ਪਿੰਡ ਬਾਕਰ ਪੁਰ ਵਿਖੇ ਆਂਗਨਵਾੜੀ ਸੈਂਟਰ ਦਾ ਕੀਤਾ ਉਦਘਾਟਨ
ਐਸ.ਏ.ਐਸ ਨਗਰ, 31 ਅਕਤੂਬਰ 2020 - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਹਾਂਕਾਵਿ ਅਤੇ ਨੈਤਿਕ ਤੇ ਮਾਨਵੀ ਕਦਰਾਂ ਕੀਮਤਾਂ ਦੇ ਮਹਾਨ ਗ੍ਰੰਥ ‘ਰਮਾਇਣ’ ਦੇ ਰਚੇਤਾ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸੂਬੇ ਭਰ ’ਚ ਕਰਵਾਏ ਗਏ ਸਮਾਗਮਾਂ ਦੀ ਲੜੀ ’ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਬਾਕਰਪੁਰ ਵਿਖੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਰਵਾਏ ਸਮਾਗਮ 'ਚ ਨਤਮਸਤਕ ਹੋ ਕੇ ਵਾਲਮੀਕਿ ਸਮਾਜ ਨਾਲ ਮੁਬਾਰਕਬਾਦ ਸਾਂਝੀ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡਾ. ਬੀ.ਆਰ. ਅੰਬੈਡਕਰ ਐਸ.ਸੀ. ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਦੀ ਐਸ.ਏ.ਐਸ ਨਗਰ ਜ਼ਿਲ੍ਹੇ ’ਚ ਰਸਮੀਂ ਸ਼ੁਰੂਆਤ ਕੀਤੀ ਅਤੇ ਸਰਕਾਰੀ ਕਾਲਜ ਡੇਰਾਬਸੀ ’ਚ ਪੜ੍ਹਦੇ ਪੰਜ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਲਾਭ ਦੇ ਸਰਟੀਫਿਕੇਟ ਵੰਡੇ ।ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਾਡੀ ਸਰਕਾਰ ਨੇ ਹਮੇਸ਼ਾ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨੂੰ ਅੱਗੇ ਲੈ ਕੇ ਆਉਣ ਲਈ ਸਿਰਤੋੜ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਵੀ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਵੀ ਅਨੂਸਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਨਵੀਂ ਵਜੀਫ਼ਾ ਸਕੀਮ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਜੀਫ਼ਾ ਸਕੀਮ ਤਹਿਤ ਵੱਧ ਤੋਂ ਵੱਧ ਆਮਦਨ ਦੀ ਸ਼ਰਤ 2.5 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਤੱਕ ਇਸਦਾ ਲਾਭ ਪੁੱਜਦਾ ਕੀਤਾ ਜਾ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਡਾ. ਬੀ.ਆਰ. ਅੰਬੈਡਕਰ ਐਸ.ਸੀ. ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਦੇ ਸ਼ੁਰੂ ਹੋਣ ਨਾਲ ਹੁਣ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਦਸਵੀਂ ਤੋਂ ਬਾਅਦ ਦੀ ਸਿੱਖਿਆ ਲਈ ਕੋਰਸ ਫੀਸ ਦਾ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਤਾਂ ਦਸਵੀਂ ਤੱਕ ਦੀ ਸਿੱਖਿਆ ਪਹਿਲਾਂ ਹੀ ਮੁਫ਼ਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਦਸਵੀਂ ਤੋਂ ਬਾਅਦ ਦਿੱਤੀ ਜਾਣ ਵਾਲੀ ਵਜੀਫ਼ ਸਕੀਮ ਬੰਦ ਕਰਨ ਦੇ ਲਏ ਗਏ ਕਾਲੇ ਫੈਸਲੇ ਨਾਲ ਹੋ ਰਹੇ ਐਸ.ਸੀ. ਭਾਈਚਾਰੇ ਦੇ ਨੁਕਸਾਨ ਦੀ ਪੂਰਤੀ ਹੁਣ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਪਣੇ ਦਮ ’ਤੇ ਹੀ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ। ਸਿੱਧੂ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜ਼ਾਂ ਦੀ ਲੜੀ ਵਿੱਚ ਵਾਧਾ ਕਰਦੇ ਹੋਏ ਅੱਜ ਇਸ ਸ਼ੁਭ ਦਿਵਸ ਮੌਕੇ ਪਿੰਡ ਬਕਾਰਪੁਰ ਬਹੁਤ ਹੀ ਸੁੰਦਰ ਤੇ ਅਧੁਨਿਕ ਆਂਗਨਵਾੜੀ ਸੈਂਟਰ ਦਾ ਉਦਘਾਟਨ ਵੀ ਕੀਤਾ । ਇਹ ਆਂਗਨਵਾੜੀ ਸੈਂਟਰ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਜਿਸ ਵਿੱਚ 6.5 ਲੱਖ ਰੁਪਏ ਸਰਕਾਰੀ ਫੰਡ ਖਰਚ ਕੀਤਾ ਗਿਆ ਅਤੇ ਬਾਕੀ ਰਕਮ ਦਾਨੀ ਸੱਜਨਾ ਵੱਲੋਂ ਖਰਚ ਕੀਤੀ ਗਈ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੀਵ ਕੁਮਾਰ ਗੁਪਤਾ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ ਸ੍ਰੀ ਡੀ.ਕੇ ਸਾਲਦੀ, ਬਲਾਕ ਪੰਚਾਇਤ ਤੇ ਵਿਕਾਸ ਅਫਸਰ ਸ੍ਰੀ ਹਿਤੇਨ ਕਪਲਾ, ਸ. ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਵਾਇਸ ਚੇਅਰਮੈਨ ਸ੍ਰੀ ਮੋਹਨ ਸਿੰਘ ਬਠਲਾਣਾ, ਬਲਾਕ ਸੰਮਤੀ ਖਰੜ ਦਾ ਚੇਅਰਮੈਲ ਗੁਰਵਿੰਦਰ ਸਿੰਘ, ਸਰਪੰਚ ਬਾਕਰਪੁਰ ਜਗਤਾਰ ਸਿੰਘ, ਸਰਪੰਚ ਕੁਰੜੀ ਛੱਜਾ ਸਿੰਘ, ਅਜੈਬ ਸਿੰਘ ਬਾਕਰਪੁਰ, ਜਸਵਿੰਦਰ ਸਿੰਘ, ਰਣਜੀਤ ਸਿੰਘ, ਹਰੀ ਸਿੰਘ (ਸਾਰੇ ਪੰਚ) ਬਲਾਕ ਸੰਮਤੀ ਮੈਂਬਰ ਸਰਿੰਦਰ ਕੌਰ, ਜਗਦੇਵ ਸਿੰਘ ਜੱਗੀ, ਸਰਪੰਚ ਮੋਟੇ ਮਾਜਰਾ, ਸਰਪੰਚ ਬੜੀ ਮਨਫੂਲ ਸਿੰਘ, ਸਰਪੰਚ ਕੰਬਾਲਾ ਅਮਰੀਕ ਸਿੰਘ, ਸਰਪੰਚ ਜਗਤਪੁਰ ਰਣਜੀਤ ਸਿੰਘ ਗਿੱਲ,ਸਰਪੰਚ ਦੁਰਾਲੀ ਸਰਵਨ ਸਿੰਘ , ਸਰਪੰਚ ਸਫੀਪੁਰ ਹਰਜਿੰਦਰ ਕੌਰ ਅਤੇ ਭਗਵਾਨ ਵਾਲਮੀਕਿ ਕਮੇਟੀ ਸਮੇਤ ਵਾਲਮੀਕਿ ਸਮਾਜ ਦੇ ਹੋਰ ਮੈਂਬਰ ਵੀ ਹਾਜ਼ਰ ਸਨ।