ਹਰੀਸ਼ ਕਾਲੜਾ
ਰੂਪਨਗਰ, 28 ਅਕਤੂਬਰ 2020: ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਵੈਂ-ਸਹਾਇਤਾ ਗਰੁੱਪ ''ਕਿਰਨ ਆਜਿਵਿਕਾ'' ਵੱਲੋਂ ਅੱਜ ਜਿਲ੍ਹੇ ਦੇ ਪਿੰਡ ਮੀਆਂਪੁਰ ਵਿੱਚ ਸਸਤਾ, ਸ਼ੁੱਧ ਅਤੇ ਪੋਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਆਪਣਾ ਰੈਸਟੋਰੈਂਟ ਖੋਲਿਆ ਗਿਆ ਹੈ, ਇਸ ਰੈਸਟੋਰੈਂਟ ਦੇ ਖੁੱਲਣ ਨਾਲ ਜਿੱਥੇ ਸਵੈ-ਸਹਾਇਤਾ ਗਰੁੱਪ ਦੇ ਮੈਂਬਰਾਂ ਨੂੰ ਘਰ ਬੈਠਿਆ ਰੁਜਗਾਰ ਮਿਲੇਗਾ ਉੱਥੇ ਲੋੜਵੰਦਾਂ ਨੂੰ ਸਸਤੇ ਭਾਅ ਉੱਤੇ ਚੰਗਾ ਖਾਣਾ ਮਿਲੇਗਾ।
ਆਜੀਵਿਕਾ ਮਿਸ਼ਨ ਦੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਕਮਲਦੀਪ ਕੌਰ ਨੇ ਇਸ ਰੈਸਟੋਰੈਂਟ ਦਾ ਉਦਘਾਟਨ ਕੀਤਾ।ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਜੀਵਿਕਾ ਮਿਸ਼ਨ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਪਿੰਡਾਂ ਦੇ ਲੋਕਾਂ ਖਾਸ ਕਰਕੇ ਔਰਤਾਂ ਨੂੰ ਘਰ ਬੈਠਿਆਂ ਰੁਜਗਾਰ ਪੈਦਾ ਕਰਨ ਵਿੱਚ ਮਦਦ ਕਰਦਾ ਹੈ। ਉਹਨਾਂ ਕਿਹਾ ਕਿ ਇਸ ਮਿਸ਼ਨ ਨਾਲ ਜੁੜ ਕੇ ਕਿਸੇ ਇੱਕ ਪਿੰਡ ਜਾਂ ਮੁਹੱਲੇ ਦੀਆਂ ਔਰਤਾਂ ਇੱਕਠੀਆਂ ਹੋ ਕੇ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਹਨ। ਮਿਸ਼ਨ ਵੱਲੋਂ ਉਹਨਾ ਦਾ ਕੰਮ ਸ਼ੁਰੂ ਕਰਨ ਲਈ ਕੋਂਸਲਿੰਗ ਤੋਂ ਲੈ ਕੇ ਬੈਂਕਾਂ ਤੋਂ ਕਰਜਾ ਲੈ ਕੇ ਦੇਣ ਅਤੇ ਮੰਡੀਕਰਨ ਤੱਕ ਮੱਦਦ ਕੀਤੀ ਜਾਂਦੀ ਹੈ।
ਉਹਨਾਂ ਅੱਗੇ ਦੱਸਿਆ ਕਿ ਰੂਪਨਗਰ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ ਦੀ ਅਗਵਾਈ ਵਿੱਚ ਆਜੀਵਿਕਾ ਮਿਸ਼ਨ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ ਅਤੇ ਇਸ ਸਕੀਮ ਤਹਿਤ ਜਿਲ੍ਹੇ ਵਿੱਚ 350 ਦੇ ਕਰੀਬ ਗਰੁੱਪ ਚੱਲ ਰਹੇ ਹਨ ।
''ਕਿਰਨ ਆਜਿਵਿਕਾ'' ਸਵੈ-ਸਹਇਤਾ ਗਰੁੱਪ ਦੀ ਪ੍ਰਧਾਨ ਸ਼ਸ਼ੀ ਬਾਲਾ ਨੇ ਇਸ ਮੌਕੇ ਦੱਸਿਆ ਕਿ ਇਸ ਰੈਸਟੋਰੈਂਟ ਵਿੱਚ ਗਾਹਕਾਂ ਨੂੰ ਬਰੇਕ ਫਾਸਟ, ਲੰਚ ਅਤੇ ਡਿਨਰ ਸਸਤੇ ਭਾਅ ਉੱਤੇ ਸਵਾਦ ਅਤੇ ਪੋਸ਼ਟਿਕ ਖਾਣਾ ਪਰੋਸਿਆ ਜਾਵੇਗਾ ।
ਇਸ ਮੌਕੇ ਬਲਾਕ ਪ੍ਰੋਗਰਾਮ ਮੈਨੇਜਰ ਮੋਹਿਤ ਸ਼ਰਮਾ, ਕਲਸਟਰ ਕੋਆਰਡੀਨੇਟਰ ਨਿਸ਼ਾਂਤ, ਪਰਮਵੀਰ ਸਿੰਘ ਤੇ ਭੁਪਿੰਦਰ ਸਿੰਘ ਤੋਂ ਇਲਾਵਾ ਸਮੁਹ ਸੇਵਿਕਾ ਦਲਬੀਰ ਕੌਰ, ਜਸਵਿੰਦਰ ਕੌਰ, ਸਤਵਿੰਦਰ ਕੌਰ ਤੇ ਬਲਜੀਤ ਕੌਰ ਵੀ ਹਾਜਰ ਸਨ।