ਹਰੀਸ਼ ਕਾਲੜਾ
ਰੂਪਨਗਰ, 28 ਅਕਤੂਬਰ 2020 - ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ 6 ਨਵੰਬਰ 2020 ਦਿਨ ਸ਼ੁੱਕਰਵਾਰ ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਅੱਜ ਵੱਖ -ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਰੋਜ਼ਗਾਰ ਮੇਲੇ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਵਿਭਾਗਾਂ ਦੇ ਮੁੱਖੀਆਂ ਨੂੰ ਆਦੇਸ਼ ਜਾਰੀ ਕੀਤੇ ਗਏ।
ਉਹਨਾਂ ਦਸਿਆ ਕਿ ਮੇਲੇ ਵਿੱਚ ਕਈ ਨਾਮੀ ਕੰਪਨੀਆਂ ਜਿਵੇਂ ਕਿ ਚੀਮਾ ਬੁਆਇਲਰਜ਼, ਭਾਰਤੀ ਏਅਰਟੈਲ, ਐਸ.ਬੀ.ਆਈ.ਲਾਈਫ ਇੰਸ਼ੋਰੈਂਸ, ਵਰਧਮਾਨ, ਐਲੀਨਾ ਆਟੋ ਆਦਿ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਭਾਗ ਲੈ ਰਹੀਆਂ ਹਨ । ਕੋਈ ਵੀ ਉਮੀਦਵਾਰ ਜਿਸਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੋਵੇ ਅਤੇ 5ਵੀਂ ਤੋਂ ਗ੍ਰੈਜੂਏਟ ਤੱਕ ਵਿੱਦਿਅਕ ਯੋਗਤਾ ਰੱਖਦਾ ਹੋਵੇ, ਇਸ ਮੇਲੇ ਵਿੱਚ ਭਾਗ ਲੈ ਸਕਦਾ ਹੈ। ਮੇਲੇ ਵਿੱਚ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਰੋਪੜ ਅਤੇ ਮੋਹਾਲੀ ਵਿਖੇ ਨਜ਼ਦੀਕੀ ਸ਼ਹਿਰਾਂ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ।
ਰਮਨਦੀਪ ਕੋਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਵਿੱਚ ਜਿਲ੍ਹਾ ਰੂਪਨਗਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਹਰ ਬੇਰੋਜ਼ਗਾਰ ਨੌਜਵਾਨ ਨੂੰ ਹਿੱਸਾ ਲੈਣਾ ਚਾਹੀਦਾ ਹੈ। ਜਿਲ੍ਹਾ ਰੂਪਨਗਰ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ। ਉਹਨਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ ਪ੍ਰਾਰਥੀ https://rb.gy/gpdhaz ਲਿੰਕ ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਡਾਇਰੈਕਟਰ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵੱਲੋਂ ਦੱਸਿਆ ਗਿਆ ਕਿ ਚਾਹਵਾਨ ਪ੍ਰਾਰਥੀ 2 ਨਵੰਬਰ 2020 ਸੋਮਵਾਰ ਤੱਕ ਬੇਲਾ ਕਾਲਜ ਵਿਖੇ ਪਹੁੰਚ ਕੇ ਵੀ ਆਪਣਾ ਨਾਮ ਰੋਜ਼ਗਾਰ ਮੇਲੇ ਲਈ ਰਜਿਸਟਡ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਰੋਜ਼ਗਾਰ ਦਫਤਰ ਦੇ ਹੈਲਪਲਾਈਨ ਨੰ: 85570-10066 ਤੇ ਸੰਪਰਕ ਕੀਤਾ ਜਾ ਸਕਦਾ ਹੈ।