ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਅਕਤੂਬਰ 2020 - ਜ਼ਿਲ੍ਹੇ ਦੇ ਸ਼ਹਿਰਾਂ 'ਚ ਭੀੜ ਭੜੱਕੇ ਅਤੇ ਆਵਾਜਾਈ ਨੂੰ ਦਰੁਸਤ ਰੱਖਣ ਅਤੇ ਲੋਕਾਂ ਨੂੰ ਵਾਹਨਾਂ ਸਮੇਤ ਸੜਕਾਂ ਤੇ ਸੁਰੱਖਿਅਤ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਰੀਜਨਲ ਸੱਕਤਰ, ਟਰਾਂਸਪੋਰਟ ਅਥਾਰਟੀ ਸ੍ਰੀ ਪਰਮਦੀਪ ਸਿੰਘ ਅਤੇ ਡੀ.ਐਸ.ਪੀ ਯਾਦਵਿੰਦਰ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰਾਂ ਦੇ ਬਲੈਕ ਸਪਾਟ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਤੇ ਖਾਸ ਧਿਆਨ ਦਿੱਤਾ ਜਾਵੇ ਤਾਂਕਿ ਦੁਰਘਟਨਾ ਹੋਣ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾਵੇ ਅਤੇ ਨਾਬਲਾਗ ਬੱਚਿਆਂ ਨੂੰ ਦੋਪਹੀਆ ਵਾਹਨ ਦੀ ਵਰਤੋਂ ਨਾ ਕਰਨ ਲਈ ਮਾਪਿਆਂ ਨੂੰ ਪ੍ਰੇਰਿਆ ਜਾਵੇ। ਜੇਕਰ ਨਾਬਾਲਗ ਵਹੀਕਲ ਚਲਾਉਂਦਾ ਪਾਇਆ ਜਾਂਦਾ ਹੈ ਤਾਂ ਉਸਦਾ ਚਲਾਨ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਣ ਅਜੇ ਸਕੂਲਾਂ 'ਚ ਵਿਦਿਆਰਥੀਆਂ ਦੀ ਆਮਦ ਘੱਟ ਹੈ ਅਤੇ ਪੂਰੀ ਤਰ੍ਹਾਂ ਸਕੂਲਾਂ ਦੇ ਕੰਮ ਕਰਨ ਤੇ ਸੇਫ਼ ਸਕੂਲ ਵਾਹਨ ਪਾਲਿਸੀ ਅਧੀਨ ਵਾਹਨਾਂ ਆਦਿ ਦੀ ਚੈਕਿੰਗ ਕੀਤੀ ਜਾਵੇ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਨੂੰ ਸੜਕਾਂ ਤੇ ਸੁਰੱਖਿਅਤ ਕਰਨ ਲਈ ਥ੍ਰੀ ਵਹੀਲਰਾਂ ਤੇ ਸਕੂਲੀ ਬੱਸਾਂ ਦੀ ਓਵਰਲੋਡਿੰਗ ਆਦਿ ਦੀ ਚੈਕਿੰਗ ਕੀਤੀ ਜਾਵੇ।
ਮੀਟਿੰਗ ਦੌਰਾਨ ਅਵਾਰਾ ਪਸ਼ੂਆਂ ਨੂੰ ਸੜਕ ਤੇ ਨਾ ਆਉਣ ਤੋਂ ਰੋਕਣ ਬਾਰੇ, ਪ੍ਰੈਸ਼ਰ ਹਾਰਨ ਅਤੇ ਬਿਨ੍ਹਾਂ ਹੈਲਮਟ ਤੋਂ ਵਹੀਕਲ ਚਲਾਉਣ ਆਦਿ ਵਿਸ਼ਿਆਂ ਤੇ ਵੀ ਵਿਚਾਰ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸਕੱਤਰ ਰੀਜਨਲ ਅਥਾਰਿਟੀ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਕਿਹਾ ਕਿ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਹਰ ਤਿੰਨ ਮਹੀਨਿਆਂ ਵਿਚ ਕੀਤੀ ਜਾਵੇ ਦੁਰਘਨਾਵਾਂ ਨੂੰ ਘੱਟ ਕਰਨ ਲਈ ਹਰ ਤਰ੍ਹਾਂ ਦੀ ਕਾਰਵਾਈ ਕਰਨ। ਇਸੇ ਤਰ੍ਹਾਂ ਹੀ ਸਾਰੀਆਂ ਪ੍ਰਾਈਵੇਟ ਅਤੇ ਸਰਕਾਰੀ ਐਂਬੂਲੈਂਸਾਂ ਵਿਚ ਸਿੱਖਿਅਤ ਸਟਾਫ਼ ਦੀ ਤੈਨਾਤੀ ਨੂੰ ਯਕੀਨੀ ਬਨਾਉਣ। ਇਸ ਮੌਕੇ ਰੀਜਨਲ ਸਕੱਤਰ ਟਰਾਂਸਪੋਰਟ ਅਥਾਰਿਟੀ ਸ੍ਰੀ ਪਰਮਦੀਪ ਸਿੰਘ ਨੇ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਤੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਉਪਰਾਲੇ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਮਾਜਸੇਵੀਆਂ ਵੱਲੋਂ ਵੀ ਸੁਝਾਅ ਮੰਗੇ ਗਏ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸ਼ਹਿਰਾਂ ਵਿਚ ਸੀਵਰੇਜ ਆਦਿ ਦਾ ਕੰਮ ਚੱਲ ਰਿਹਾ ਹੈ ਇਸ ਲਈ ਲੋਕ ਇਤਿਹਾਅਤ ਨਾਲ ਆਪਣੇ ਵਾਹਨ ਚਲਾਉਣ ਅਤੇ ਸੁਰੱਖਿਅਤ ਆਪਣੀ ਮੰਜ਼ਲ ਤੇ ਪਹੁੰਚਣ।
ਮੀਟਿੰਗ 'ਚ ਡਾ. ਪੁਸ਼ਪਿੰਦਰ ਸਿੰਘ ਕੂਕਾ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਭਵਨ ਤੇ ਮਾਰਗ ਸ਼ਾਖਾ,ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇਅ, ਇੰਸਪੈਕਟਰ ਅੰਮ੍ਰਿਤਪਾਲ ਸਿੰਘ,ਕਾਰਜ ਸਾਧਕ ਅਫ਼ਸਰ ਸ੍ਰੀ ਅੰਮ੍ਰਿਤ ਲਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨਿੰਦਰ ਕੌਰ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਸ੍ਰੀ ਜਸਬੀਰ ਸਿੰਘ ਜੱਸੀ, ਸਮਾਜਸੇਵੀ ਸ੍ਰੀ ਪ੍ਰਵੀਨ ਕਾਲਾ ਤੇ ਸੁਖਮੰਦਰ ਸਿੰਘ ਵੀ ਹਾਜ਼ਰ ਸਨ।