- ਸੱਤ ਮਹੀਨਿਆਂ ਬਾਅਦ ਪਰਿਵਾਰ ਨਾਲ ਮਿਲਾਇਆ
ਜਲੰਧਰ, 28 ਅਕਤੂਬਰ 2020 - ਸਖੀ-ਵਨ ਸਟਾਪ ਸੈਂਟਰ ਜਲੰਧਰ ਵਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਆਦਮਪੁਰ ਨਾਲ ਸਬੰਧਿਤ ਪਰਿਵਾਰ ਦੀ 50 ਸਾਲਾ ਮਾਨਸਿਕ ਤੌਰ 'ਤੇ ਪਰੇਸ਼ਾਨ ਬਜ਼ੁਰਗ ਔਰਤ ਜੋ ਪਿਛਲੇ 7 ਮਹੀਨਿਆਂ ਤੋਂ ਲਾਪਤਾ ਸੀ ਨੂੰ ਗੁਜਰਾਤ ਦੇ ਜ਼ਿਲ੍ਹਾ ਅਰਾਵਲੀ ਤੋਂ ਲੱਭਿਆ ਗਿਆ।
ਗੁਜਰਾਜ ਤੋਂ ਟੀਮ ਦੇ ਵਾਪਿਸ ਆਉਣ ਉਪਰੰਤ ਮੰਗਲਵਾਰ ਨੂੰ ਅੱਜ ਸੈਂਟਰ ਵਲੋਂ ਮਹਿਲਾ ਨੂੰ ਪਰਿਵਾਰ ਨਾਲ ਮਿਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਹਿਲਾ ਦੇ ਪਰਿਵਾਰ ਵਲੋਂ 11 ਅਕਤੂਬਰ ਨੂੰ ਆਦਮਪੁਰ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਪਾਸ ਮਹਿਲਾ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਸਬੰਧੀ ਜਲੰਧਰ ਸਖੀ-ਵਨ ਸਟਾਪ ਸੈਂਟਰ ਨੂੰ ਤੁਰੰਤ ਕੇਸ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਜਲੰਧਰ ਸਖੀ-ਵਨ ਸਟਾਪ ਸੈਂਟਰ ਵਲੋਂ ਇਸ ਸਬੰਧੀ ਸੂਚਨਾ ਦੇਸ਼ ਦੇ ਸਾਰੇ ਸੈਂਟਰਾਂ ਨਾਲ ਸਾਂਝੀ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ, ਸੈਂਟਰ ਇੰਚਾਰਜ ਸੰਦੀਪ ਕੌਰ ਵਲੋਂ ਲਾਪਤਾ ਮਹਿਲਾ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਅਤੇ ਮਹਿਲਾ ਦੀ ਫੋਟੋ ਅਤੇ ਹੋਰ ਜਾਣਕਾਰੀ ਦੇਸ਼ ਦੇ ਸਾਰੇ ਸਖੀ ਵਨ ਸਟਾਪ ਸੈਂਟਰਾਂ ਤੱਕ ਪਹੁੰਚਾਈ ਗਈ।
ਥੋਰੀ ਨੇ ਦੱਸਿਆ ਕਿ ਇਸ 'ਤੇ ਸਖੀ-ਵਨ ਸਟਾਪ ਸੈਂਟਰ ਅਰਾਵਲੀ ਜ਼ਿਲ੍ਹਾ ਗੁਜਰਾਤ ਵਲੋਂ ਜਲੰਧਰ ਦੇ ਸਖੀ-ਵਨ ਸਟਾਪ ਸੈਂਟਰ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਦੱਸਿਆ ਕਿ ਉਨਾਂ ਵਲੋਂ ਮਹਿਲਾ ਦੀ ਸਾਂਝੀ ਕੀਤੀ ਗਈ ਤਸਵੀਰ ਇਥੇ ਮਿਲੀ ਮਹਿਲਾ ਨਾਲ ਮੇਲ ਖਾ ਗਈ ਹੈ।
ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਰੰਧਾਵਾ ਦੀ ਅਗਵਾਈ ਵਾਲੀ ਟੀਮ ਅਤੇ ਸੈਂਟਰ ਇੰਚਾਰਜ ਸੰਦੀਪ ਕੌਰ ਵਲੋਂ ਪਰਿਵਾਰ ਨੂੰ ਬੁਲਾ ਕੇ ਸਖੀ ਵਨ ਸਟਾਪ ਅਰਾਵਲੀ ਦੇ ਅਧਿਕਾਰੀਆਂ ਨਾਲ ਵੀਡੀਓ ਕਾਲ ਦਾ ਪ੍ਰਬੰਧ ਕੀਤਾ ਗਿਆ ਅਤੇ ਮਹਿਲਾ ਦੀ ਬੇਟੀ ਨੇ ਅਪਣੀ ਮਾਂ ਦੀ ਪਹਿਚਾਣ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਟੀਮ ਜਿਸ ਵਿੱਚ ਪਟੇਲ ਮਿੱਤਲਬੇਨ, ਸੁਰੇਸ਼ ਭਾਈ, ਹਾਰਦਿਕ ਕੁਮਾਰ , ਜਗਦੀਸ਼ ਭਾਈ, ਸੰਗੀਤਾ ਬੇਨ ਅਤੇ ਮਹਿਰਾਜ ਭਾਈ ਮੰਨਤ ਜਲੰਧਰ ਪਹੁੰਚੇ ਅਤੇ ਮਹਿਲਾ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਸੀ.ਡੀ.ਪੀ.ਓ. ਆਦਮਪੁਰ ਮਨਪ੍ਰੀਤ ਸਿੰਘ, ਸੁਪਰਵਾਈਜ਼ਰ ਜਸਵੀਰ ਕੌਰ ਅਤੇ ਸੁਖਵਿੰਦਰ ਕੌਰ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ।